ਸ਼ਹਿਰ ਦੀਆਂ ਸੜਕਾਂ 'ਤੇ ਦੌੜਨੀ ਸ਼ੁਰੂ ਹੋਈ 'ਸਵੀਪਿੰਗ ਮਸ਼ੀਨ'
Friday, Oct 25, 2019 - 11:25 AM (IST)
ਜਲੰਧਰ (ਸੋਨੂੰ, ਖੁਰਾਣਾ) - ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਹੋਏ ਸਵੀਪਿੰਗ ਮਸ਼ੀਨ ਪ੍ਰਾਜੈਕਟ ਨੂੰ ਕਾਂਗਰਸ ਨੇ ਸੱਤਾ 'ਚ ਆਉਣ ਤੋਂ ਬਾਅਦ ਬੰਦ ਕਰਵਾ ਦਿੱਤਾ ਸੀ, ਜਿਸ ਨੂੰ ਅੱਜ ਮੁੜ ਸ਼ੁਰੂ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸ਼ਹਿਰ ਦੀਆਂ ਸੜਕਾਂ 'ਤੇ ਦੌੜਨੀ ਸ਼ੁਰੂ ਹੋਈ ਸਵੀਪਿੰਗ ਮਸ਼ੀਨ ਰਾਤ ਦੇ ਸਮੇਂ ਕਰੀਬ 35 ਕਿਲੋਮੀਟਰ ਲੰਬੀਆਂ ਸੜਕਾਂ ਦੀ ਸਫਾਈ ਹਰ ਰੋਜ਼ ਕਰਿਆ ਕਰੇਗੀ। ਇਸ ਸਵੀਪਿੰਗ ਮਸ਼ੀਨ ਦਾ ਉਦਘਾਟਨ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਸੁਸ਼ੀਲ ਰਿੰਕੂ ਤੇ ਵਿਧਾਇਕ ਬਾਵਾ ਹੈਨਰੀ ਤੋਂ ਇਲਾਵਾ ਮੇਅਰ ਜਗਦੀਸ਼ ਰਾਜਾ ਨੇ ਕੀਤਾ, ਜਿਸ ਦੌਰਾਨ ਨਗਰ ਨਿਗਮ ਦੇ ਕਈ ਕੌਂਸਲਰ ਤੇ ਕਮਿਸ਼ਨਰ ਦੀਪਰਵ ਲਾਕੜਾ ਆਦਿ ਮੌਜੂਦ ਸਨ।
ਇਹ ਮਸ਼ੀਨ ਸਮਾਰਟ ਸਿਟੀ ਦੇ ਪੈਸਿਆਂ ਨਾਲ ਖਰੀਦੀ ਗਈ ਹੈ। ਸਮਾਰਟ ਸਿਟੀ ਦੇ ਸੀ. ਈ. ਓ. ਅਤੇ ਆਈ. ਏ. ਐੱਸ. ਅਧਿਕਾਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਦੂਜੀ ਮਸ਼ੀਨ ਦਾ ਵਰਕ ਆਰਡਰ ਵੀ ਜਾਰੀ ਕੀਤਾ ਜਾ ਚੁੱਕਾ ਹੈ ਤੇ ਦਸੰਬਰ ਮਹੀਨੇ ਵਿਚ ਇਹ ਆਧੁਨਿਕ ਮਸ਼ੀਨ ਵੀ ਵਿਦੇਸ਼ ਤੋਂ ਇੰਪੋਰਟ ਹੋ ਕੇ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਏ. ਬੀ. ਡੀ. ਏਰੀਏ ਦੇ ਨਾਲ-ਨਾਲ ਪੂਰੇ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਕਰਿਆ ਕਰੇਗੀ ਅਤੇ ਮੈਨ ਪਾਵਰ ਤੇ ਮੇਨਟੀਨੈਂਸ ਦਾ ਕੰਮ ਵੀ ਅਗਲੇ ਪੰਜ ਸਾਲਾਂ ਲਈ ਕੰਪਨੀ ਵਲੋਂ ਕੀਤਾ ਜਾਵੇਗਾ।
ਪੁਰਾਣੇ ਸਵੀਪਿੰਗ ਮਸ਼ੀਨ ਕਾਂਟ੍ਰੈਕਟ ਦੀ ਵਿਜੀਲੈਂਸ ਜਾਂਚ ਦੇ ਨਿਰਦੇਸ਼
ਉਦਘਾਟਨ ਤੋਂ ਬਾਅਦ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਵਿਧਾਇਕ ਬਾਵਾ ਹੈਨਰੀ ਦੀ ਮੰਗ ਤੋਂ ਬਾਅਦ ਕਮਿਸ਼ਨਰ ਦੀਪਰਵ ਲਾਕੜਾ ਤੇ ਮੇਅਰ ਜਗਦੀਸ਼ ਰਾਜਾ ਨੂੰ ਨਿਰਦੇਸ਼ ਦਿੱਤੇ ਕਿ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਬੇਹੱਦ ਮਹਿੰਗੇ ਰੋਡ ਸਵੀਪਿੰਗ ਕਾਂਟ੍ਰੈਕਟ ਦੀ ਵਿਜੀਲੈਂਸ ਜਾਂਚ ਜਲਦੀ ਕਰਵਾਈ ਜਾਵੇ। ਮੇਅਰ ਨੇ ਦੱਸਿਆ ਕਿ ਇਸ ਬਾਰੇ ਕੌਂਸਲਰ ਹਾਊਸ ਤੋਂ ਮਤਾ ਪਾਸ ਕਰਵਾ ਕੇ ਸਰਕਾਰ ਕੋਲ ਭੇਜਿਆ ਜਾ ਚੁੱਕਾ ਹੈ ਪਰ ਅਜੇ ਤੱਕ ਸਰਕਾਰ ਕੋਲੋਂ ਮਨਜ਼ੂਰੀ ਨਹੀਂ ਆਈ ਹੈ
ਸਮਾਰਟ ਸਿਟੀ ਦੇ ਹੋਰ ਪ੍ਰਾਜੈਕਟ ਜਾਰੀ
ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਤੇ ਸਮਾਰਟ ਸਿਟੀ ਦੇ ਸੀ. ਈ. ਓ. ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਕਈ ਹੋਰ ਪ੍ਰਾਜੈਕਟ ਤੇਜ਼ੀ ਨਾਲ ਚੱਲ ਰਹੇ ਹਨ, ਜੋ ਦਸੰਬਰ ਤੱਕ ਮੈਚਿਓਰ ਹੋਣੇ ਸ਼ੁਰੂ ਹੋ ਜਾਣਗੇ। ਚੌਰਾਹਿਆਂ ਦੇ ਸੁੰਦਰੀਕਰਨ ਦਾ ਪ੍ਰਾਜੈਕਟ ਚੱਲ ਰਿਹਾ ਹੈ। ਸੋਲਰ ਪੈਨਲ 3 ਸਰਕਾਰੀ ਬਿਲਡਿੰਗਾਂ 'ਤੇ ਲੱਗ ਚੁੱਕੇ ਹਨ ਤੇ 2 'ਤੇ ਕੰਮ ਚੱਲ ਰਿਹਾ ਹੈ। 3.14 ਕਰੋੜ ਦੀ ਲਾਗਤ ਨਾਲ ਟ੍ਰੈਫਿਕ ਸਿਗਨਲ ਤੇ ਸਾਈਨੇਜ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ। ਬਾਇਓਮਾਈਨਿੰਗ ਪ੍ਰਾਜੈਕਟ ਵੀ ਜਲਦੀ ਵਰਿਆਣਾ ਵਿਚ ਲੱਗਣਾ ਸ਼ੁਰੂ ਹੋ ਜਾਵੇਗਾ।