ਜਲੰਧਰ ਬਾਈਪਾਸ ਨੇੜੇ ਗੈਸ ਏਜੰਸੀ ਦੇ ਡਿਲੀਵਰੀ ਮੈਨ ਤੋਂ ਹੋਈ ਲੁੱਟ

Monday, May 04, 2026 - 06:31 PM (IST)

ਜਲੰਧਰ ਬਾਈਪਾਸ ਨੇੜੇ ਗੈਸ ਏਜੰਸੀ ਦੇ ਡਿਲੀਵਰੀ ਮੈਨ ਤੋਂ ਹੋਈ ਲੁੱਟ

ਲੁਧਿਆਣਾ (ਖੁਰਾਣਾ): ਮਹਾਨਗਰ ਵਿਚ ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਲੁਟੇਰੇ ਇਕ ਵਾਰ ਫਿਰ ਸਰਗਰਮ ਹੋ ਗਏ ਹਨ। ਤਾਜ਼ਾ ਮਾਮਲਾ ਜਲੰਧਰ ਬਾਈਪਾਸ ਨੇੜੇ ਮਲਹੋਤਰਾ ਰਿਜ਼ੌਰਟਸ ਹਾਈਵੇਅ ਦਾ ਹੈ, ਜਿੱਥੇ ਰਾਏ ਭਾਰਤ ਗੈਸ ਏਜੰਸੀ ਦੇ ਇਕ ਡਿਲੀਵਰੀ ਮੈਨ ਨੂੰ ਗੰਨ ਪੁਆਇੰਟ ’ਤੇ ਲੈ ਕੇ 16 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਗਈ।

ਰਾਏ ਭਾਰਤ ਗੈਸ ਏਜੰਸੀ ਦੇ ਸੰਚਾਲਕ ਅਕਾਸ਼ਦੀਪ ਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਦਾ ਡਿਲੀਵਰੀ ਮੈਨ ਮੋਹਨ ਚੌਰਸੀਆ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਕਰਨ ਤੋਂ ਬਾਅਦ ਵਾਪਸ ਏਜੰਸੀ ਦੇ ਦਫ਼ਤਰ (ਹੰਬੜਾਂ ਰੋਡ) ਵੱਲ ਪਰਤ ਰਿਹਾ ਸੀ। ਜਦੋਂ ਉਹ ਮਲਹੋਤਰਾ ਰਿਜ਼ੌਰਟਸ ਨੇੜੇ ਹਾਈਵੇਅ ’ਤੇ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰਿਆਂ ਨੇ ਉਸ ਦੇ ਆਟੋ-ਰਿਕਸ਼ਾ ਨੂੰ ਘੇਰ ਲਿਆ। ਲੁਟੇਰਿਆਂ ਨੇ ਡਿਲੀਵਰੀ ਮੈਨ ਦੇ ਮੱਥੇ ’ਤੇ ਪਿਸਤੌਲ ਤਾਣ ਦਿੱਤੀ ਅਤੇ ਗੋਲੀ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਕੋਲੋਂ 16,000 ਰੁਪਏ ਦੀ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ।

ਅਕਾਸ਼ਦੀਪ ਰਾਏ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਜਲੰਧਰ ਬਾਈਪਾਸ (ਐਲਡੀਕੋ ਨੇੜੇ) ਉਨ੍ਹਾਂ ਦੀ ਏਜੰਸੀ ਦੇ ਡਿਲੀਵਰੀ ਮੈਨ ਨਾਲ ਲੁੱਟ ਦੀ ਵਾਰਦਾਤ ਹੋਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਵਿਚ ਲੁਟੇਰਿਆਂ ਨੇ ਇਕ ਤਰ੍ਹਾਂ ਦਾ ‘ਜੰਗਲ ਰਾਜ’ ਕਾਇਮ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਲੁਟੇਰੇ ਗੈਸ ਏਜੰਸੀਆਂ ਦੇ ਡਿਲੀਵਰੀ ਮੈਨ ਅਤੇ ਪੈਟਰੋਲ ਪੰਪਾਂ ਦੇ ਮੁਲਾਜ਼ਮਾਂ ਨੂੰ ‘ਸੌਫਟ ਟਾਰਗੈੱਟ’ ਮੰਨ ਕੇ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਸਰਕਾਰ ਅਤੇ ਪੁਲਸ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸੁਰੱਖਿਆ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਇਸ ਮਾਮਲੇ ਦੀ ਸੂਚਨਾ ਥਾਣਾ ਸਲੇਮ ਟਾਬਰੀ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


author

Anmol Tagra

Content Editor

Related News