15 ਅਕਤੂਬਰ ਤੋਂ ਸ਼ੁਰੂ ਹੋਵੇਗਾ ''ਕੈਂਟਨ ਫੇਅਰ-2026'', ਭਾਰਤੀ ਵਪਾਰੀਆਂ ਕੋਲ ਗਲੋਬਲ ਬਾਜ਼ਾਰ ਦੀ ਮੰਗ ਸਮਝਣ ਦਾ ਮੌਕਾ

Wednesday, Oct 14, 2026 - 05:41 PM (IST)

15 ਅਕਤੂਬਰ ਤੋਂ ਸ਼ੁਰੂ ਹੋਵੇਗਾ ''ਕੈਂਟਨ ਫੇਅਰ-2026'', ਭਾਰਤੀ ਵਪਾਰੀਆਂ ਕੋਲ ਗਲੋਬਲ ਬਾਜ਼ਾਰ ਦੀ ਮੰਗ ਸਮਝਣ ਦਾ ਮੌਕਾ

ਲੁਧਿਆਣਾ (ਮਹਿਰਾ): ਚੀਨ ਦੇ ਗੁਆਂਗਝੂ ਸ਼ਹਿਰ ਵਿਚ ਵਿਸ਼ਵ ਦੇ ਪ੍ਰਮੁੱਖ ਅੰਤਰਰਾਸ਼ਟਰੀ ਵਪਾਰਕ ਮੇਲਿਆਂ ਵਿਚ ਸ਼ਾਮਲ ਚਾਈਨਾ ਇੰਪੋਰਟ ਐਂਡ ਐਕਸਪੋਰਟ ਫੇਅਰ (ਕੈਂਟਨ ਫੇਅਰ)-2026 ਦਾ 140ਵਾਂ ਸੈਸ਼ਨ 15 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਾਲ 1957 ਵਿਚ ਸ਼ੁਰੂ ਹੋਏ ਇਸ ਵਪਾਰਕ ਮੇਲੇ ਨੇ ਆਪਣੇ 69 ਸਾਲਾਂ ਦੇ ਸਫ਼ਰ ਵਿਚ ਗਲੋਬਲ ਵਪਾਰ, ਉਦਯੋਗਿਕ ਵਿਕਾਸ ਅਤੇ ਅੰਤਰਰਾਸ਼ਟਰੀ ਵਪਾਰਕ ਸਹਿਯੋਗ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਵਾਰ ਵੀ ਮੇਲੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਪਾਰੀਆਂ, ਆਯਾਤਕਾਂ, ਨਿਰਯਾਤਕਾਂ, ਨਿਰਮਾਤਾਵਾਂ ਅਤੇ ਵਪਾਰਕ ਪ੍ਰਤੀਨਿਧੀਆਂ ਦੇ ਇਕੱਠੇ ਹੋਣ ਦੀ ਉਮੀਦ ਹੈ।

ਇਸ ਅੰਤਰਰਾਸ਼ਟਰੀ ਸਮਾਗਮ ਵਿੱਚ ਹਿੱਸਾ ਲੈਣ ਲਈ ਲੁਧਿਆਣਾ ਦੇ ਵਕੀਲ ਰਾਜੇਸ਼ ਮਹਿਰਾ ਨੂੰ ਕੈਂਟਨ ਫੇਅਰ ਵੱਲੋਂ ਅਧਿਕਾਰਤ ਈ-ਇਨਵਿਟੇਸ਼ਨ ਜਾਰੀ ਕੀਤਾ ਗਿਆ ਹੈ। ਇਹ ਸੱਦਾ ਚੀਨ ਦੇ ਗੁਆਂਗਝੂ ਸਥਿਤ ਕੈਂਟਨ ਫੇਅਰ ਪਰਿਸਰ ਵਿਚ ਆਯੋਜਿਤ ਹੋਣ ਵਾਲੇ 140ਵੇਂ ਸੈਸ਼ਨ ਲਈ ਜਾਰੀ ਕੀਤਾ ਗਿਆ ਹੈ। ਮੇਲੇ ਵਿਚ ਉਨ੍ਹਾਂ ਦੀ ਭਾਗੀਦਾਰੀ ਰਾਹੀਂ ਅੰਤਰਰਾਸ਼ਟਰੀ ਵਪਾਰਕ ਗਤੀਵਿਧੀਆਂ, ਨਵੀਂ ਉਦਯੋਗਿਕ ਤਕਨਾਲੋਜੀ ਅਤੇ ਭਾਰਤੀ ਵਪਾਰੀਆਂ ਲਈ ਉਪਲਬਧ ਸੰਭਾਵਨਾਵਾਂ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲੇਗਾ।

ਤਿੰਨ ਪੜਾਵਾਂ ਵਿਚ ਆਯੋਜਿਤ ਹੋਵੇਗਾ ਮੇਲਾ

ਕੈਂਟਨ ਫੇਅਰ ਦਾ 140ਵਾਂ ਸੈਸ਼ਨ ਤਿੰਨ ਪੜਾਵਾਂ ਵਿੱਚ ਆਯੋਜਿਤ ਕੀਤਾ ਜਾਵੇਗਾ। ਪਹਿਲਾ ਪੜਾਅ 15 ਤੋਂ 19 ਅਕਤੂਬਰ ਤੱਕ ਚੱਲੇਗਾ। ਇਸ ਵਿੱਚ ਘਰੇਲੂ ਬਿਜਲੀ ਉਪਕਰਨ, ਕੰਜ਼ਿਊਮਰ ਇਲੈਕਟ੍ਰੌਨਿਕਸ, ਸੂਚਨਾ ਤਕਨਾਲੋਜੀ ਉਤਪਾਦ, ਉਦਯੋਗਿਕ ਆਟੋਮੇਸ਼ਨ, ਸਮਾਰਟ ਮੈਨੂਫੈਕਚਰਿੰਗ, ਮਸ਼ੀਨਰੀ, ਬਿਜਲੀ ਦੇ ਔਜ਼ਾਰ, ਖੇਤੀਬਾੜੀ ਮਸ਼ੀਨਰੀ, ਉਸਾਰੀ ਮਸ਼ੀਨਰੀ, ਨਵੀਂ ਊਰਜਾ ਵਾਹਨ, ਸਮਾਰਟ ਮੋਬਿਲਿਟੀ ਅਤੇ ਹਾਰਡਵੇਅਰ ਸਮੇਤ ਅਨੇਕ ਖੇਤਰਾਂ ਦੇ ਉਤਪਾਦ ਪ੍ਰਦਰਸ਼ਿਤ ਕੀਤੇ ਜਾਣਗੇ।

ਦੂਜਾ ਪੜਾਅ 23 ਤੋਂ 27 ਅਕਤੂਬਰ ਤੱਕ ਆਯੋਜਿਤ ਹੋਵੇਗਾ। ਇਸ ਵਿਚ ਸਿਰਾਮਿਕ, ਰਸੋਈ ਦਾ ਸਾਮਾਨ, ਘਰੇਲੂ ਵਰਤੋਂ ਦੀਆਂ ਵਸਤੂਆਂ, ਕੱਚ ਦੇ ਉਤਪਾਦ, ਹੋਮ ਡੈਕੋਰ, ਬਾਗਬਾਨੀ ਉਤਪਾਦ, ਤੋਹਫ਼ੇ, ਘੜੀਆਂ, ਫਰਨੀਚਰ, ਸੈਨੇਟਰੀ ਅਤੇ ਬਾਥਰੂਮ ਉਪਕਰਨ ਅਤੇ ਹੋਰ ਘਰੇਲੂ ਉਤਪਾਦ ਪ੍ਰਮੁੱਖ ਖਿੱਚ ਹੋਣਗੇ।

ਤੀਜਾ ਪੜਾਅ 31 ਅਕਤੂਬਰ ਤੋਂ 4 ਨਵੰਬਰ ਤੱਕ ਚੱਲੇਗਾ। ਇਸ ਵਿਚ ਖਿਡੌਣੇ, ਬੱਚਿਆਂ ਅਤੇ ਮਾਂ ਨਾਲ ਸਬੰਧਤ ਉਤਪਾਦ, ਕੱਪੜੇ, ਖੇਡਾਂ ਦਾ ਸਾਮਾਨ, ਜੁੱਤੀਆਂ, ਬੈਗ, ਹੋਮ ਟੈਕਸਟਾਈਲ, ਦਫ਼ਤਰੀ ਸਮੱਗਰੀ, ਦਵਾਈਆਂ, ਸਿਹਤ ਅਤੇ ਮੈਡੀਕਲ ਉਪਕਰਨ, ਭੋਜਨ ਉਤਪਾਦ ਅਤੇ ਨਿੱਜੀ ਦੇਖਭਾਲ ਨਾਲ ਜੁੜੀਆਂ ਵਸਤੂਆਂ ਸ਼ਾਮਲ ਹੋਣਗੀਆਂ।

ਭਾਰਤੀ ਵਪਾਰੀਆਂ ਲਈ ਨਵੇਂ ਅਵਸਰ

ਕੈਂਟਨ ਫੇਅਰ ਭਾਰਤੀ ਵਪਾਰੀਆਂ ਅਤੇ ਉਦਯੋਗਪਤੀਆਂ ਲਈ ਅੰਤਰਰਾਸ਼ਟਰੀ ਬਾਜ਼ਾਰ ਦੀ ਮੰਗ ਨੂੰ ਸਮਝਣ, ਵਿਦੇਸ਼ੀ ਨਿਰਮਾਤਾਵਾਂ ਨਾਲ ਸੰਪਰਕ ਸਥਾਪਿਤ ਕਰਨ, ਨਵੇਂ ਉਤਪਾਦਾਂ ਦੀ ਜਾਣਕਾਰੀ ਪ੍ਰਾਪਤ ਕਰਨ ਅਤੇ ਆਯਾਤ-ਨਿਰਯਾਤ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਮਹੱਤਵਪੂਰਨ ਮੰਚ ਹੈ। ਅਜਿਹੇ ਆਯੋਜਨਾਂ ਦੇ ਮਾਧਿਅਮ ਨਾਲ ਵਪਾਰੀਆਂ ਨੂੰ ਉਤਪਾਦਨ ਤਕਨਾਲੋਜੀ, ਉਤਪਾਦਾਂ ਦੀ ਗੁਣਵੱਤਾ, ਡਿਜ਼ਾਈਨ, ਪੈਕੇਜਿੰਗ ਅਤੇ ਗਲੋਬਲ ਪ੍ਰਤੀਯੋਗਤਾ ਨਾਲ ਜੁੜੇ ਨਵੇਂ ਰੁਝਾਨਾਂ ਨੂੰ ਜਾਣਨ ਦਾ ਮੌਕਾ ਮਿਲਦਾ ਹੈ।

ਲੁਧਿਆਣਾ ਵਰਗੇ ਉਦਯੋਗਿਕ ਸ਼ਹਿਰ ਲਈ ਇਹ ਆਯੋਜਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਇੱਥੇ ਸਾਈਕਲ, ਆਟੋ ਪਾਰਟਸ, ਮਸ਼ੀਨਰੀ, ਹੋਜ਼ਰੀ, ਇੰਜਨੀਅਰਿੰਗ ਅਤੇ ਹੋਰ ਨਿਰਮਾਣ ਖੇਤਰਾਂ ਨਾਲ ਜੁੜੇ ਵਪਾਰੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਆਪਣੀ ਪਹੁੰਚ ਵਧਾਉਣ ਲਈ ਨਵੇਂ ਵਪਾਰਕ ਸੰਪਰਕਾਂ ਅਤੇ ਉਤਪਾਦ ਸਬੰਧੀ ਜਾਣਕਾਰੀਆਂ ਤੋਂ ਲਾਭ ਉਠਾ ਸਕਦੇ ਹਨ।

ਵਿਦੇਸ਼ੀ ਖਰੀਦਦਾਰਾਂ ਲਈ ਵਿਸ਼ੇਸ਼ ਪ੍ਰਬੰਧ

ਕੈਂਟਨ ਫੇਅਰ ਦੇ ਸੱਦਾ ਪੱਤਰ ਵਿਚ ਵਿਦੇਸ਼ੀ ਖਰੀਦਦਾਰਾਂ ਲਈ ਪ੍ਰਵੇਸ਼ ਅਤੇ ਰਜਿਸਟ੍ਰੇਸ਼ਨ ਸਬੰਧੀ ਨਿਰਦੇਸ਼ ਵੀ ਦਿੱਤੇ ਗਏ ਹਨ। ਮੇਲੇ ਵਿੱਚ ਪ੍ਰਵੇਸ਼ ਲਈ ਅਧਿਕਾਰਤ ਖਰੀਦਦਾਰ (ਬਾਇਰ) ਬੈਜ ਜ਼ਰੂਰੀ ਹੈ। ਵਿਦੇਸ਼ੀ ਖਰੀਦਦਾਰਾਂ ਨੂੰ ਰਜਿਸਟ੍ਰੇਸ਼ਨ ਦੌਰਾਨ ਵੈਧ ਅਸਲ ਪਛਾਣ ਦਸਤਾਵੇਜ਼ ਪੇਸ਼ ਕਰਨੇ ਪੈਂਦੇ ਹਨ। ਸੱਦਾ ਪੱਤਰ ਅਨੁਸਾਰ, ਵਿਦੇਸ਼ੀ ਖਰੀਦਦਾਰਾਂ ਲਈ ਬਿਜ਼ਨਸ ਕਾਰਡ ਵੀ ਜ਼ਰੂਰੀ ਦਸਤਾਵੇਜ਼ਾਂ ਵਿੱਚ ਸ਼ਾਮਲ ਹੈ। ਖਰੀਦਦਾਰ ਬੈਜ ਪ੍ਰਾਪਤ ਕਰਨ ਲਈ ਅਧਿਕਾਰਤ Buyer Service System ਦੇ ਮਾਧਿਅਮ ਨਾਲ ਪੂਰਵ-ਰਜਿਸਟ੍ਰੇਸ਼ਨ ਦੀ ਸੁਵਿਧਾ ਉਪਲਬਧ ਹੈ। ਮੇਲੇ ਦਾ ਆਯੋਜਨ ਚੀਨ ਦੇ ਗੁਆਂਗਝੂ ਸਥਿਤ ਚਾਈਨਾ ਇੰਪੋਰਟ ਐਂਡ ਐਕਸਪੋਰਟ ਫੇਅਰ ਕੰਪਲੈਕਸ, ਨੰਬਰ 382, ਯੂਜਿਆਂਗ ਝੋਂਗ ਰੋਡ, ਗੁਆਂਗਝੂ ਵਿੱਚ ਕੀਤਾ ਜਾਵੇਗਾ।

ਕੈਂਟਨ ਫੇਅਰ ਦਾ 140ਵਾਂ ਸੈਸ਼ਨ ਅਜਿਹੇ ਸਮੇਂ ਵਿਚ ਆਯੋਜਿਤ ਹੋ ਰਿਹਾ ਹੈ, ਜਦੋਂ ਅੰਤਰਰਾਸ਼ਟਰੀ ਵਪਾਰ ਵਿਚ ਨਵੀਂਆਂ ਤਕਨਾਲੋਜੀਆਂ, ਬਦਲਦੀ ਉਪਭੋਗਤਾ ਮੰਗ ਅਤੇ ਗਲੋਬਲ ਸਪਲਾਈ ਚੇਨਾਂ ਦਾ ਮਹੱਤਵ ਲਗਾਤਾਰ ਵਧ ਰਿਹਾ ਹੈ। ਕੈਂਟਨ ਫੇਅਰ ਵਿੱਚ ਜਾ ਰਹੇ ਲੁਧਿਆਣਾ ਦੇ ਪ੍ਰਮੁੱਖ ਵਪਾਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਅਜਿਹੇ ਵਿੱਚ ਇਹ ਆਯੋਜਨ ਭਾਰਤੀ ਵਪਾਰੀਆਂ ਲਈ ਨਵੇਂ ਬਾਜ਼ਾਰਾਂ ਦੀਆਂ ਸੰਭਾਵਨਾਵਾਂ ਨੂੰ ਸਮਝਣ ਅਤੇ ਅੰਤਰਰਾਸ਼ਟਰੀ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਕੈਂਟਨ ਫੇਅਰ ਉਦਯੋਗ ਨੂੰ ਇੱਕ ਨਵੀਂ ਦਿਸ਼ਾ ਦੇਣ ਵਿੱਚ ਕਾਫ਼ੀ ਮਦਦ ਕਰੇਗਾ।


author

Anmol Tagra

Content Editor

Related News