ਜਲੰਧਰ ਜ਼ਿਮਨੀ ਚੋਣ: ਅੱਜ ਹੋਵੇਗਾ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ, ਸਵੇਰੇ 7:30 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ
Saturday, May 13, 2023 - 05:35 AM (IST)
ਜਲੰਧਰ: ਅੱਜ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦਾ ਨਤੀਜਾ ਐਲਾਨਿਆ ਜਾਵੇਗਾ ਤੇ ਜਿਸ 'ਤੇ ਜਲੰਧਰ ਦੇ ਨਾਲ-ਨਾਲ ਸਾਰੇ ਸੂਬੇ ਦੇ ਲੋਕਾਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ। ਪਾਰਟੀਆਂ ਵੱਲੋਂ ਇਸ ਨੂੰ ਵੱਕਾਰ ਦੀ ਲੜਾਈ ਵਜੋਂ ਵੇਖਿਆ ਜਾ ਰਿਹਾ ਸੀ, ਜਿਸ ਕਾਰਨ ਪਾਰਟੀਆਂ ਨੇ ਚੋਣ ਪ੍ਰਚਾਰ ਵਿਚ ਪੂਰੀ ਤਾਕਤ ਝੋਕ ਦਿੱਤੀ ਸੀ। ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਨਾਲ-ਨਾਲ ਕੇਂਦਰੀ ਮੰਤਰੀ ਤੇ ਸੂਬੇ ਦੇ ਨਾਲ ਨਾਲ ਦੇਸ਼ ਪੱਧਰ ਦੇ ਆਗੂ ਵੀ ਜਲੰਧਰ ਦੀਆਂ ਗਲ਼ੀਆਂ ਵਿਚ ਵੋਟਾਂ ਮੰਗਦੇ ਨਜ਼ਰ ਆਏ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੀਆਂ ਸੜਕਾਂ 'ਤੇ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ, ਨਹੀਂ ਤਾਂ ਹੋਵੇਗੀ ਖੱਜਲ ਖੁਆਰੀ!
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਵੋਟਿੰਗ 10 ਮਈ ਨੂੰ ਹੋਈ ਸੀ ਜਿਸ ਵਿਚ 19 ਉਮੀਦਵਾਰਾਂ ਨੇ ਆਪਣੀ ਕਿਸਮਤ ਆਜ਼ਮਾਈ ਸੀ। ਅੱਜ ਇਹ ਫ਼ੈਸਲਾ ਹੋਵੇਗਾ ਕਿ ਜਲੰਧਰ ਦੀ ਜਨਤਾ ਨੇ ਕਿਸ ਨੇਤਾ ਨੂੰ ਆਪਣਾ ਮੈਂਬਰ ਪਾਰਲੀਮੈਂਟ ਚੁਣਿਆ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ 13 ਮਈ ਨੂੰ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਸਬੰਧੀ ਵੋਟਾਂ ਦੀ ਗਿਣਤੀ ਸਵੇਰੇ 7.30 ਵਜੇ ਡਾਇਰੈਕਟਰ ਲੈਂਡ ਰਿਕਾਰਡ ਦਫ਼ਤਰ ਅਤੇ ਸਪੋਰਟਸ ਕਾਲਜ ਕੰਪਲੈਕਸ ਕਪੂਰਥਲਾ ਰੋਡ ਵਿਖੇ ਸ਼ੁਰੂ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਕਰਵਾਉਣ ਲਈ ਪੂਰੀ ਤਿਆਰੀਆਂ ਕਰਦੇ ਹੋਏ ਸਾਰੇ ਜ਼ਰੂਰੀ ਪ੍ਰਬੰਧ ਯਕੀਨੀ ਬਣਾ ਲਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਟ੍ਰਾਂਗ ਰੂਮ ਵਿਚ ਰੱਖੀਆਂ ਈ. ਵੀ. ਐੱਮਜ਼ ਅਤੇ ਵੀ. ਵੀ. ਪੈਟ ਮਸ਼ੀਨਾਂ ਦੀ ਨਿਗਰਾਨੀ ਲਈ ਥ੍ਰੀ-ਟਾਇਰ ਸੁਰੱਖਿਆ ਯਕੀਨੀ ਬਣਾਈ ਗਈ ਹੈ। ਉਮੀਦਵਾਰ ਅਤੇ ਉਨ੍ਹਾਂ ਦੇ ਅਧਿਕਾਰਤ ਪ੍ਰਤੀਨਿਧੀਆਂ ਨੂੰ ਇਨ੍ਹਾਂ ਥਾਵਾਂ ’ਤੇ ਜਾਣ ਦੀ ਇਜਾਜ਼ਤ ਹੋਵੇਗੀ। ਵੋਟਾਂ ਦੀ ਗਿਣਤੀ ਦੌਰਾਨ ਕੋਈ ਵੀ ਅਣਅਧਿਕਾਰਤ ਵਿਅਕਤੀ ਗਿਣਤੀ ਦੇ ਕੇਂਦਰ ਦੇ ਨੇੜੇ ਨਾ ਹੋਵੇ, ਇਸ ਲਈ ਪੁਲਸ ਅਤੇ ਪੈਰਾ-ਮਿਲਟਰੀ ਫੋਰਸ ਨੂੰ ਤਾਇਨਾਤ ਕੀਤਾ ਜਾਵੇਗਾ। ਉੱਥੇ ਹੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ 10 ਮਈ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਲੋਕ ਸਭਾ ਹਲਕੇ ਲਈ ਚੋਣ ਪ੍ਰਕਿਰਿਆ ਆਯੋਜਿਤ ਕਰਦੇ ਹੋਏ ਜ਼ਿਲ੍ਹੇ ਭਰ ਵਿਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ASI ਘਰ ਦਿਨ-ਦਹਾੜੇ ਵੱਜਿਆ ਡਾਕਾ, ਔਰਤਾਂ ਤੇ ਬੱਚਿਆਂ ਨੂੰ ਬੰਧਕ ਬਣਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਗਿਣਤੀ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਨੇ ਸੁਰੱਖਿਆ ਦੇ ਕੀਤੇ ਸਖ਼ਤ ਪ੍ਰਬੰਧ : ਪੁਲਸ ਕਮਿਸ਼ਨਰ
ਲੋਕ ਸਭਾ ਦੀ ਜ਼ਿਮਨੀ ਚੋਣ ਦੇ 13 ਮਈ ਨੂੰ ਆ ਰਹੇ ਨਤੀਜੇ ਨੂੰ ਲੈ ਕੇ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿਚ ਚੋਣ ਕਮਿਸ਼ਨ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਅਤੇ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਪਈਆਂ ਵੋਟਾਂ ਦੀ ਗਿਣਤੀ ਨੂੰ ਸ਼ਾਂਤਮਈ ਢੰਗ ਨਾਲ ਕਰਵਾਉਣ ਸਬੰਧੀ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ।
ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਵੱਲੋਂ ਲੋਕ ਸਭਾ ਦੀ ਜ਼ਿਮਨੀ ਚੋਣ ਸ਼ਾਂਤਮਈ ਢੰਗ ਨਾਲ ਕਰਵਾਈ ਗਈ, ਜਿਸ ਤਹਿਤ ਸ਼ਹਿਰ ਵਿਚ ਲਾਅ ਐਂਡ ਆਰਡਰ ਨੂੰ ਮਜ਼ਬੂਤ ਰੱਖਣ ਲਈ ਸ਼ਹਿਰ ਵਿਚ ਪੈਰਾ-ਮਿਲਟਰੀ ਫੋਰਸ ਦੀਆਂ 30 ਕੰਪਨੀਆਂ ਅਤੇ ਲਗਭਗ 30 ਹਜ਼ਾਰ ਪੁਲਸ ਮੁਲਾਜ਼ਮਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ 13 ਮਈ ਨੂੰ ਵੀ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਨਤੀਜੇ ਨੂੰ ਲੈ ਕੇ ਕਾਊਂਟਿੰਗ ਸੈਂਟਰ ਦੇ ਆਲੇ-ਦੁਆਲੇ ਅਤੇ ਉਸ ਦੇ ਅੰਦਰ ਤੇ ਨੇੜੇ ਪੈਂਦੇ ਕਈ ਇਲਾਕਿਆਂ ਵਿਚ ਕਮਿਸ਼ਨਰੇਟ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਪੈਰਾ-ਮਿਲਟਰੀ ਫੋਰਸ ਦੀਆਂ ਕੰਪਨੀਆਂ ਨੂੰ ਵੀ ਸ਼ਹਿਰ ਵਿਚ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਟਰੈਕਟਰ 'ਤੇ 52 ਸਪੀਕਰ ਲਾ ਕੇ ਹੁੱਲੜਬਾਜ਼ੀ ਕਰਦਾ ਸੀ ਨੌਜਵਾਨ, ਪੁਲਸ ਨੇ ਲਾਹ ਲਿਆ ਥੱਲੇ ਤੇ ਫ਼ਿਰ... (ਵੀਡੀਓ)
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਉਹ ਖੁਦ ਅਤੇ ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀ ਵੀ ਅੱਜ ਭਾਰੀ ਪੁਲਸ ਫੋਰਸ ਨਾਲ ਸ਼ਹਿਰ ਵਿਚ ਤਾਇਨਾਤ ਰਹਿਣਗੇ। ਲਾਅ ਐਂਡ ਆਰਡਰ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਵੇਗਾ, ਜਦੋਂ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿਚ ਡੀ. ਸੀ. ਪੀ. ਸਿਟੀ ਜਗਮੋਹਨ ਸਿੰਘ, ਏ. ਡੀ. ਸੀ. ਪੀ. ਸਿਟੀ-1 ਬਲਵਿੰਦਰ ਸਿੰਘ ਰੰਧਾਵਾ, ਏ. ਡੀ. ਸੀ. ਪੀ. ਸਿਟੀ-2 ਆਦਿੱਤਿਆ ਕੁਮਾਰ ਸਮੇਤ ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।