ਬੱਸ ਅੱਡਿਆਂ ’ਚ ਬੇਕਾਬੂ ਹੋ ਰਹੇ ਹਾਲਾਤ ਨਾ ਸੁਧਰੇ ਤਾਂ ਬੱਸਾਂ ਦੀ ਆਵਾਜਾਈ ਨੂੰ ਲੱਗ ਜਾਵੇਗੀ ਬ੍ਰੇਕ

Friday, Apr 23, 2021 - 12:22 PM (IST)

ਬੱਸ ਅੱਡਿਆਂ ’ਚ ਬੇਕਾਬੂ ਹੋ ਰਹੇ ਹਾਲਾਤ ਨਾ ਸੁਧਰੇ ਤਾਂ ਬੱਸਾਂ ਦੀ ਆਵਾਜਾਈ ਨੂੰ ਲੱਗ ਜਾਵੇਗੀ ਬ੍ਰੇਕ

ਜਲੰਧਰ (ਪੁਨੀਤ)–ਕੋਰੋਨਾ ਦਾ ਕਹਿਰ ਮੌਤ ਬਣ ਕੇ ਮੰਡਰਾਅ ਰਿਹਾ ਹੈ ਅਤੇ ਰੋਜ਼ਾਨਾ ਕਈ ਲੋਕ ਕਾਲ ਦੇ ਮੂੰਹ ਵਿਚ ਜਾ ਰਹੇ ਹਨ। ਹਾਲਾਤ ’ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਸਖ਼ਤੀ ਵਧਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਹਕੀਕਤ ਇਹ ਹੈ ਕਿ ਬੱਸ ਅੱਡੇ ਵਿਚ ਸਰਕਾਰ ਦੇ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਹੋ ਰਹੀ। ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਅਨਮੋਲ ਜ਼ਿੰਦਗੀਆਂ ਆਪਣੀਆਂ ਜਾਨਾਂ ਜੋਖ਼ਮ ਵਿਚ ਪਾ ਕੇ ਸਫ਼ਰ ਕਰ ਰਹੀਆਂ ਹਨ।

ਸੋਸ਼ਲ ਡਿਸਟੈਂਸ ਦੀ ਪਾਲਣਾ ਕਰਵਾਉਣ ਲਈ ਸਰਕਾਰ ਵੱਲੋਂ ਬੱਸਾਂ ਵਿਚ 50 ਫ਼ੀਸਦੀ ਯਾਤਰੀਆਂ ਦੇ ਸਫ਼ਰ ਕਰਨ ਦਾ ਨਿਯਮ ਬਣਾਇਆ ਗਿਆ ਹੈ ਪਰ ਪੰਜਾਬ ਵਿਚ ਬੱਸ ਅੱਡਿਆਂ ਦੇ ਹਾਲਾਤ ਕਾਬੂ ਵਿਚੋਂ ਬਾਹਰ ਹੋ ਰਹੇ ਹਨ। ਇਨ੍ਹਾਂ ਹਾਲਾਤ ’ਤੇ ਸਮਾਂ ਰਹਿੰਦੇ ਕੰਟਰੋਲ ਨਾ ਕੀਤਾ ਗਿਆ ਤਾਂ ਇਸ ਨਾਜ਼ੁਕ ਸਥਿਤੀ ਵਿਚ ਸਰਕਾਰ ਵੱਲੋਂ ਬੱਸਾਂ ਦੀ ਆਵਾਜਾਈ ’ਤੇ ਰੋਕ ਲਾਈ ਜਾ ਸਕਦੀ ਹੈ। ਪਿਛਲੀ ਵਾਰ ਵੀ ਜਦੋਂ ਕੋਰੋਨਾ ਦਾ ਕਹਿਰ ਵਧਿਆ ਸੀ ਤਾਂ ਸਰਕਾਰ ਨੇ ਬੱਸਾਂ ਦੀ ਆਵਾਜਾਈ ਰੋਕ ਦਿੱਤੀ ਸੀ, ਜਿਸ ਕਾਰਨ ਯਾਤਰੀਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਜਾਣਕਾਰ ਕਹਿੰਦੇ ਹਨ ਕਿ ਅਧਿਕਾਰੀਆਂ ਵੱਲੋਂ ਗੰਭੀਰਤਾ ਨਾ ਵਿਖਾਉਣ ਕਾਰਨ ਬੱਸ ਅੱਡਿਆਂ ਵਿਚ ਸੋਸ਼ਲ ਡਿਸਟੈਂਸ ਬਿਲਕੁਲ ਨਹੀਂ ਹੈ। ਜਗ੍ਹਾ-ਜਗ੍ਹਾ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਬੱਸਾਂ ਦੀ ਉਡੀਕ ਕਰ ਰਹੇ ਲੋਕਾਂ ਨੂੰ ਸੋਸ਼ਲ ਡਿਸਟੈਂਸ ਤਹਿਤ ਬਿਠਾਉਣ ਦਾ ਕੋਈ ਪ੍ਰਬੰਧ ਨਹੀਂ ਹੈ।

ਇਹ ਵੀ ਪੜ੍ਹੋ : ਗਾਂਧੀ ਵਨੀਤਾ ਆਸ਼ਰਮ ਦੀਆਂ 40 ਤੋਂ ਵੱਧ ਕੁੜੀਆਂ ਕੋਰੋਨਾ ਪਾਜ਼ੇਟਿਵ, ਸਿਹਤ ਮਹਿਕਮੇ ’ਚ ਪਈਆਂ ਭਾਜੜਾਂ

PunjabKesari

ਟਿਕਟਾਂ ਕੱਟਣ ਵਾਲੇ ਕਾਊਂਟਰਾਂ ’ਤੇ ਲੋਕਾਂ ਦੀ ਭਾਰੀ ਭੀੜ ਨਜ਼ਰ ਆਉਂਦੀ ਹੈ। ਲੋਕ ਬਿਨਾਂ ਡਿਸਟੈਂਸ ਦੇ ਕਾਊਂਟਰ ਦੇ ਚਾਰੇ ਪਾਸੇ ਖੜ੍ਹ ਕੇ ਟਿਕਟਾਂ ਲੈਂਦੇ ਹਨ, ਜਦੋਂ ਕਿ ਲੋੜ ਹੈ ਕਿ ਟਿਕਟਾਂ ਦੇਣ ਲਈ ਲਾਈਨ ਲੁਆਈ ਜਾਵੇ ਅਤੇ ਲੋਕਾਂ ਵਿਚ ਡਿਸਟੈਂਸ ਬਣਾਇਆ ਜਾਵੇ। ਬੱਸ ਅੱਡਿਆਂ ਵਿਚ ਰੋਡਵੇਜ਼ ਦੇ ਸੀਨੀਅਰ ਅਧਿਕਾਰੀ ਵੀ ਨਜ਼ਰ ਨਹੀਂ ਆਉਂਦੇ ਅਤੇ ਨਿਯਮਾਂ ਦੀ ਉਲੰਘਣਾ ਖੁੱਲ੍ਹ ਕੇ ਹੁੰਦੀ ਹੈ।
ਕਈ ਬੱਸਾਂ ਅੰਦਰ ਯਾਤਰੀਆਂ ਨੂੰ ਇਕ ਸੀਟ ਛੱਡ ਕੇ ਬਿਠਾਇਆ ਜਾ ਰਿਹਾ ਹੈ, ਜੋ ਕਿ ਵਧੀਆ ਗੱਲ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਸਖ਼ਤੀ ਵੀ ਸਿਰਫ ਚਲਾਨ ਦੇ ਡਰ ਕਾਰਨ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਸ ਅੱਡੇ ਵਿਚ ਲੋਕਾਂ ਦੀ ਭਾਰੀ ਭੀੜ ਲੱਗੀ ਰਹਿੰਦੀ ਹੈ, ਜਿਸ ਨਾਲ ਸੋਸ਼ਲ ਡਿਸਟੈਂਸ ਟੁੱਟ ਜਾਂਦਾ ਹੈ। ਇਸ ਪ੍ਰਤੀ ਅਧਿਕਾਰੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ। ਉਥੇ ਹੀ, ਵੇਖਣ ਵਿਚ ਆ ਰਿਹਾ ਹੈ ਕਿ ਬੱਸਾਂ ਵਿਚ ਚੜ੍ਹਨ ਵਾਲੇ ਲੋਕਾਂ ਵਿਚ ਵੀ ਸੋਸ਼ਲ ਡਿਸਟੈਂਸ ਨਹੀਂ ਹੁੰਦਾ। ਲੋਕਾਂ ਨੂੰ ਧੱਕਾ-ਮੁੱਕੀ ਕਰ ਕੇ ਬੱਸਾਂ ਵਿਚ ਚੜ੍ਹਦੇ ਦੇਖਿਆ ਜਾ ਸਕਦਾ ਹੈ। ਮਾਸਕ ਦੀ ਗੱਲ ਕਰੀਏ ਤਾਂ ਅਜਿਹੇ ਨਾਜ਼ੁਕ ਹਾਲਾਤ ਵਿਚ ਵੀ ਕਈ ਲੋਕ ਬਿਨਾਂ ਮਾਸਕ ਘੁੰਮਦੇ ਦੇਖੇ ਜਾ ਸਕਦੇ ਹਨ, ਹਾਲਾਂਕਿ ਮਾਸਕ ਪਹਿਨਣ ਪ੍ਰਤੀ ਪਹਿਲਾਂ ਦੇ ਮੁਕਾਬਲੇ ਜਾਗਰੂਕਤਾ ਵੇਖਣ ਨੂੰ ਮਿਲ ਰਹੀ ਹੈ। ਸਿਹਤ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੋਰੋਨਾ ਫੈਲ ਰਿਹਾ ਹੈ, ਉਸ ਤੋਂ ਬਚਣ ਲਈ ਲੋਕਾਂ ਨੂੰ ਮਾਸਕ ਪਹਿਨਣਾ ਚਾਹੀਦਾ ਹੈ। ਅਜਿਹੇ ਹਾਲਾਤ ਵਿਚ ਮਾਸਕ ਸਾਨੂੰ ਜਾਨਲੇਵਾ ਬੀਮਾਰੀ ਤੋਂ ਬਚਾਅ ਸਕਦਾ ਹੈ।
ਜਾਣਕਾਰਾਂ ਦਾ ਕਹਿਣਾ ਹੈ ਕਿ ਬੱਸ ਅੱਡੇ ਜਿਹੇ ਜਨਤਕ ਸਥਾਨ ’ਤੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣਾ ਚਾਹੀਦਾ ਹੈ, ਨਹੀਂ ਤਾਂ ਇਹ ਪੰਜਾਬ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਬੱਸ ਅੱਡਿਆਂ ਵਿਚ ਸਿਰਫ ਨੇੜਲੇ ਸ਼ਹਿਰਾਂ ਤੋਂ ਹੀ ਨਹੀਂ, ਸਗੋਂ ਦੂਜੇ ਸੂਬਿਆਂ ਤੋਂ ਲੋਕ ਵੀ ਆਉਂਦੇ ਹਨ, ਇਸ ਲਈ ਇਥੇ ਧਿਆਨ ਦੇਣ ਦੀ ਜ਼ਿਆਦਾ ਲੋੜ ਹੈ।

ਇਹ ਵੀ ਪੜ੍ਹੋ : ਦੁੱਖਾਂ ਨਾਲ ਛਿੜੀ ‘ਜੰਗ’ ਜਿੱਤੀ, ਜਲੰਧਰ ਦੀ ਇਸ ਔਰਤ ਨੇ ਕਾਰ ਨੂੰ ਬਣਾਇਆ ਢਾਬਾ (ਵੀਡੀਓ)

PunjabKesari

ਦਿੱਲੀ-ਹਰਿਆਣਾ ਜਾਣ ਵਾਲੇ ਯਾਤਰੀਆਂ ਦੀ ਗਿਣਤੀ ’ਚ ਕਮੀ
ਦੂਜੇ ਸੂਬਿਆਂ ਨੂੰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਭਾਰੀ ਕਮੀ ਦਰਜ ਹੋਈ ਹੈ। ਰਾਜਧਾਨੀ ਦਿੱਲੀ ਵਿਚ ਲਾਕਡਾਊਨ ਕਾਰਨ ਲੋਕ ਬਹੁਤ ਘੱਟ ਗਿਣਤੀ ਵਿਚ ਦਿੱਲੀ ਨੂੰ ਜਾ ਰਹੇ ਹਨ, ਜਿਸ ਕਾਰਨ ਬੱਸਾਂ ਵਿਚ ਸੀਟਾਂ ਖਾਲੀ ਦੇਖਣ ਨੂੰ ਮਿਲ ਰਹੀਆਂ ਹਨ। ਹਰਿਆਣਾ ਸਰਕਾਰ ਵੱਲੋਂ ਵੀ ਸਖ਼ਤੀ ਕਰ ਦਿੱਤੀ ਗਈ ਹੈ, ਜਿਸ ਕਾਰਨ ਸ਼ਾਮ ਸਮੇਂ ਹਰਿਆਣਾ ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਦਰਜ ਹੋਈ। ਰਾਜਸਥਾਨ ਲਈ ਸਵੇਰੇ ਚੱਲਣ ਵਾਲੀਆਂ ਬੱਸਾਂ ਵਿਚ ਉਮੀਦ ਤੋਂ ਬਹੁਤ ਘੱਟ ਯਾਤਰੀ ਦੇਖਣ ਨੂੰ ਮਿਲ ਰਹੇ ਹਨ। ਉੱਤਰਾਖੰਡ ਲਈ ਵੀ ਯਾਤਰੀਆਂ ਦੀ ਗਿਣਤੀ ਘਟੀ ਹੈ। ਦੂਜੇ ਸੂਬਿਆਂ ਤੋਂ ਪੰਜਾਬ ਆਉਣ ਵਾਲੀਆਂ ਬੱਸਾਂ ਨੂੰ ਵੀ ਯਾਤਰੀ ਨਹੀਂ ਮਿਲ ਰਹੇ। ਇਸ ਗਿਰਾਵਟ ਕਾਰਨ ਦੂਜੇ ਸੂਬਿਆਂ ਵੱਲੋਂ ਪੰਜਾਬ ਵਿਚ ਬੱਸਾਂ ਦੀ ਸਰਵਿਸ ਘਟਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਟਾਂਡਾ 'ਚ ਵੱਡੀ ਵਾਰਦਾਤ, ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ 

ਹਿਮਾਚਲ ’ਚ ਮੰਦਿਰਾਂ ’ਚ ਜਾਣ ’ਤੇ ਰੋਕ ਪਰ 50 ਫੀਸਦੀ ਦੀ ਪਾਬੰਦੀ ਨਾਲ ਸਫਰ ਚਾਲੂ
ਮੁੱਖ ਮੰਤਰੀ ਜੈਰਾਮ ਠਾਕੁਰ ਵੱਲੋਂ ਹਿਮਾਚਲ ਦੀਆਂ ਬੱਸਾਂ ਦੇ ਨਾਲ-ਨਾਲ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ’ਚ 50 ਫੀਸਦੀ ਯਾਤਰੀਆਂ ਦੇ ਸਫਰ ਕਰਨ ਦਾ ਨਵਾਂ ਕਾਨੂੰਨ ਬਣਾਇਆ ਗਿਆ। ਜਲੰਧਰ ਡਿਪੂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਿਮਾਚਲ ਦੇ ਮੰਦਿਰਾਂ ’ਚ ਲੋਕਾਂ ਦੇ ਦਰਸ਼ਨ ’ਤੇ ਰੋਕ ਲਾ ਿਦੱਤੀ ਗਈ ਹੈ ਪਰ ਹਿਮਾਚਲ ਜਾਣ ਵਾਲੀਆਂ ਬੱਸਾਂ ਦੀ ਆਵਾਜਾਈ ਅਜੇ ਚਾਲੂ ਹੈ।

ਬੱਸਾਂ ’ਚ ਭੱਜ ਕੇ ਚੜ੍ਹ ਰਹੇ ਯਾਤਰੀ ਦੇ ਰਹੇ ਹਾਦਸਿਆਂ ਨੂੰ ਸੱਦਾ
ਯਾਤਰੀ ਬੱਸਾਂ ਵਿਚ ਚੜ੍ਹਨ ਸਮੇਂ ਆਪਣੀ ਜਾਨ ਜੋਖ਼ਮ ਵਿਚ ਪਾਉਣ ਤੋਂ ਨਹੀਂ ਡਰਦੇ। ਅੱਜ ਦੇਖਣ ਵਿਚ ਆਇਆ ਹੈ ਕਿ ਬੱਸ ਕਾਊਂਟਰ ਤੋਂ ਨਿਕਲ ਚੁੱਕੀ ਸੀ ਅਤੇ ਬੱਸ ਅੱਡੇ ਵਿਚੋਂ ਬਾਹਰ ਨਿਕਲ ਕੇ ਯਾਤਰੀ ਉਸ ਵਿਚ ਭੱਜ ਕੇ ਚੜ੍ਹਨ ਲੱਗੇ। ਇਸ ਦੌਰਾਨ ਕੰਡਕਟਰ ਨੇ ਸਮਝਦਾਰੀ ਦਿਖਾਉਂਦਿਆਂ ਬੱਸ ਨੂੰ ਰੋਕ ਲਿਆ ਅਤੇ ਯਾਤਰੀਆਂ ਨੂੰ ਚੜ੍ਹਾਇਆ। ਜੇਕਰ ਬੱਸ ਨੂੰ ਨਾ ਰੋਕਿਆ ਜਾਂਦਾ ਤਾਂ ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਸਕਦੇ ਸਨ। ਕੰਡਕਟਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਖੁਦ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਚੱਲਦੀ ਬੱਸ ਵਿਚ ਚੜ੍ਹਨਾ ਹਾਨੀਕਾਰਕ ਸਾਬਿਤ ਹੋ ਸਕਦਾ ਹੈ।

ਬਿਨਾਂ ਸੁਰੱਖਿਆ ਦੇ ਕੰਮ ਕਰਦੀ ਹੈ ਲੇਬਰ
ਬੱਸ ਅੱਡੇ ਵਿਚ ਅੱਜ ਦੇਖਣ ਵਿਚ ਆਇਆ ਕਿ ਬੈਂਕ ਦੇ ਏ. ਟੀ. ਐੱਮ. ਵਾਲੇ ਕਮਰੇ ਵਿਚ ਰਿਪੇਅਰ ਆਦਿ ਦਾ ਕੰਮ ਚੱਲ ਰਿਹਾ ਸੀ ਪਰ ਲੇਬਰ ਬਿਨਾਂ ਸੁਰੱਖਿਆ ਦੇ ਕੰਮ ਕਰ ਰਹੀ ਸੀ। ਭਾਰੀ ਸਾਮਾਨ ਕਮਰੇ ਦੀ ਛੱਤ ’ਤੇ ਲਿਜਾਣ ਵਾਲੀ ਲੇਬਰ ਲਈ ਸੁਰੱਖਿਆ ਬੈਲਟ ਆਦਿ ਨਹੀਂ ਸੀ, ਜਿਸ ਕਾਰਨ ਡਿੱਗਣ ਦਾ ਡਰ ਸੀ। ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਕੋਈ ਹਾਦਸਾ ਹੋਣ ਨਾਲ ਕਿਸੇ ਨੂੰ ਸੱਟ ਨਾ ਲੱਗੇ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਮਹਿਕਮੇ ਵੱਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਟ੍ਰੇਨਿੰਗ ਲਈ ਗ੍ਰਾਂਟ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


author

shivani attri

Content Editor

Related News