ਜਲੰਧਰ ਡਿਪੂ ਨੇ ਬੰਦ ਕੀਤੀ ਸਰਵਿਸ: ਕਪੂਰਥਲਾ ਦੀ PRTC ਤੇ ਲੁਧਿਆਣਾ ਦੀ ਪਨਬੱਸ ਚਲਾ ਰਹੀ ਦਿੱਲੀ ਲਈ ਬੱਸਾਂ

5/14/2021 12:58:28 PM

ਜਲੰਧਰ (ਜ. ਬ.)– ਦਿੱਲੀ ਲਈ ਵਧੇਰੇ ਟਰੇਨਾਂ ਬੰਦ ਪਈਆਂ ਹਨ ਅਤੇ ਪੰਜਾਬ ਰੋਡਵੇਜ਼ ਦੇ ਜਲੰਧਰ ਡਿਪੂਆਂ ਵੱਲੋਂ ਵੀ ਦਿੱਲੀ ਲਈ ਬੱਸ ਸਰਵਿਸ ਬੰਦ ਕਰ ਦਿੱਤੀ ਗਈ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਕਪੂਰਥਲਾ ਡਿਪੂ ਦੀਆਂ ਪੀ. ਆਰ. ਟੀ. ਸੀ. ਦੀਆਂ ਬੱਸਾਂ ਦਿੱਲੀ ਲਈ ਰਵਾਨਾ ਹੋ ਰਹੀਆਂ ਹਨ, ਜਿਹੜੀਆਂ ਜਲੰਧਰ ਬੱਸ ਅੱਡੇ ਵਿਚੋਂ ਹੋ ਕੇ ਜਾਂਦੀਆਂ ਹਨ।

ਇਹ ਵੀ ਪੜ੍ਹੋ:  ਜਲੰਧਰ 'ਚ ਵਾਪਰੀ ਸ਼ਰਮਨਾਕ ਘਟਨਾ, ਸਪਾ ਸੈਂਟਰ 'ਚ ਕੁੜੀ ਨੂੰ ਨਸ਼ਾ ਕਰਵਾ ਕੇ 4 ਨੌਜਵਾਨਾਂ ਨੇ ਕੀਤਾ ਗੈਂਗਰੇਪ

ਦੂਜੇ ਪਾਸੇ ਲੁਧਿਆਣਾ ਡਿਪੂ ਵੱਲੋਂ ਵੀ ਦਿੱਲੀ ਲਈ ਆਪਣੀ ਪਨਬੱਸ ਦੀ ਸਰਵਿਸ ਚਲਾਈ ਜਾ ਰਹੀ ਹੈ। ਇਸ ਲਈ ਯਾਤਰੀ ਜਲੰਧਰ ਤੋਂ ਲੁਧਿਆਣਾ ਜਾ ਕੇ ਉਥੋਂ ਦਿੱਲੀ ਲਈ ਬੱਸ ਲੈ ਕੇ ਅੱਗੇ ਰਵਾਨਾ ਹੋ ਸਕਦੇ ਹਨ। ਬੱਸਾਂ ਦੇ ਚਾਲਕ ਦਲਾਂ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਨੈਗੇਟਿਵ ਟੈਸਟ ਰਿਪੋਰਟ ਲੈ ਕੇ ਹੀ ਦਿੱਲੀ ਜਾਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਬਾਰਡਰ ਤੋਂ ਵਾਪਸ ਮੁੜਨਾ ਪੈ ਸਕਦਾ ਹੈ। ਦਿੱਲੀ ਲਈ ਜਾਣ ਵਾਲਿਆਂ ਨੂੰ ਸਫਰ ’ਤੇ ਨਿਕਲਣ ਤੋਂ ਪਹਿਲਾਂ ਬੱਸ ਅੱਡੇ ਦੇ ਇਨਕੁਆਰੀ ਨੰਬਰ 0181-2223755 ’ਤੇ ਫ਼ੋਨ ਕਰਕੇ ਬੱਸਾਂ ਦਾ ਸਹੀ ਸਮਾਂ ਪਤਾ ਕਰ ਲੈਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਬੱਸ ਅੱਡੇ ਵਿਚ ਲੰਮੀ ਉਡੀਕ ਨਾ ਕਰਨੀ ਪਵੇ। ਲੁਧਿਆਣਾ ਬੱਸ ਅੱਡੇ ਦੇ ਇਨਕੁਆਰੀ ਨੰਬਰ 0161-2447015 ਤੋਂ ਦਿੱਲੀ ਜਾਣ ਵਾਲੀਆਂ ਬੱਸਾਂ ਬਾਰੇ ਜਾਣਕਾਰੀ ਮਿਲ ਜਾਵੇਗੀ।

PunjabKesari

ਚਾਲਕ ਦਲ ਦੱਸਦੇ ਹਨ ਕਿ ਇਸ ਸਮੇਂ ਬੱਸਾਂ ਦੇ ਚੱਲਣ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ। ਕਈ ਵਾਰ ਬੱਸਾਂ ਦੇਰੀ ਨਾਲ ਵੀ ਚੱਲਦੀਆਂ ਹਨ। ਪਹਿਲਾਂ ਯਾਤਰੀ ਬੱਸਾਂ ਦੀ ਉਡੀਕ ਕਰਦੇ ਸਨ ਪਰ ਮੌਜੂਦਾ ਸਮੇਂ ਬੱਸਾਂ ਨੂੰ ਯਾਤਰੀਆਂ ਦੀ ਉਡੀਕ ਕਰਨੀ ਪੈ ਰਹੀ ਹੈ। ਦੁਪਹਿਰ 12 ਵਜੇ ਦੇ ਲਗਭਗ ਕਪੂਰਥਲਾ ਡਿਪੂ ਦੀ ਬੱਸ ਜਲੰਧਰ ਤੋਂ ਰਵਾਨਾ ਹੁੰਦੀ ਹੈ। ਦੁਪਹਿਰ ਸਮੇਂ ਲੁਧਿਆਣਾ ਤੋਂ ਦਿੱਲੀ ਲਈ ਬੱਸ ਚਲਾਈ ਜਾ ਰਹੀ ਹੈ। ਜਲੰਧਰ ਤੋਂ ਬੱਸ ਸਰਵਿਸ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਡਿਪੂਆਂ ਵੱਲੋਂ ਬਹਾਲਗੜ੍ਹ (ਸੋਨੀਪਤ) ਲਈ ਬੱਸਾਂ ਭੇਜੀਆਂ ਗਈਆਂ। ਇਨ੍ਹਾਂ ਵਿਚੋਂ ਕੁਝ ਬੱਸਾਂ ਨੂੰ ਅੰਬਾਲਾ ਲਈ ਜ਼ਿਆਦਾ ਯਾਤਰੀ ਮਿਲੇ ਕਿਉਂਕਿ ਯਾਤਰੀ ਬਹਾਲਗੜ੍ਹ ਦੀ ਥਾਂ ਅੰਬਾਲਾ ਬੱਸ ਅੱਡੇ ਤੋਂ ਬੱਸ ਬਦਲਣ ਨੂੰ ਤਰਜੀਹ ਦਿੰਦੇ ਹਨ। ਵੀਰਵਾਰ ਸਵੇਰੇ ਬਹਾਲਗੜ੍ਹ ਲਈ ਰਵਾਨਾ ਹੋਈਆਂ ਬੱਸਾਂ ਰਾਤ ਸਮੇਂ ਵਾਪਸ ਮੁੜੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦਿੱਲੀ ਬਾਰਡਰ ਤੋਂ ਉਹ ਅੱਗੇ ਨਹੀਂ ਜਾ ਰਹੇ ਕਿਉਂਕਿ ਉਥੇ ਬਹੁਤ ਜ਼ਿਆਦਾ ਚੈਕਿੰਗ ਹੋ ਰਹੀ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਪ੍ਰੇਮ ਸੰਬੰਧਾਂ ਦੇ ਸ਼ੱਕ 'ਚ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਦਿੱਤੀ ਦਰਦਨਾਕ ਮੌਤ

PunjabKesari

ਯਾਤਰੀਆਂ ਦਾ ਕਹਿਣਾ ਹੈ ਕਿ ਟਰੇਨਾਂ ਬੰਦ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਪੇਸ਼ ਆ ਰਹੀ ਹੈ, ਜਿਸ ਕਾਰਨ ਉਹ ਬੱਸਾਂ ਵਿਚ ਸਫਰ ਕਰਨ ਨੂੰ ਤਰਜੀਹ ਦੇ ਰਹੇ ਹਨ। ਗੁਰਮੀਤ ਸਿੰਘ ਨੇ ਕਿਹਾ ਕਿ ਕੰਮਕਾਜ ਪਹਿਲਾਂ ਹੀ ਠੱਪ ਪਏ ਹਨ। ਲਾਕਡਾਊਨ ਲੱਗਾ ਹੋਇਆ ਹੈ, ਅਜਿਹੇ ਹਾਲਾਤ ਵਿਚ ਲੋਕ ਬਿਨਾਂ ਵਜ੍ਹਾ ਸਫਰ ਨਹੀਂ ਕਰ ਰਹੇ। ਸਿਰਫ ਜ਼ਰੂਰੀ ਕੰਮ ਲਈ ਜਾਣਾ ਪੈਂਦਾ ਹੈ। ਇਸ ਲਈ ਬੱਸਾਂ ਦੀ ਸਰਵਿਸ ਬੰਦ ਨਹੀਂ ਹੋਣੀ ਚਾਹੀਦੀ।

ਦੁਪਹਿਰ ਸਮੇਂ ਜਾਣ ਵਾਲੀਆਂ ਬੱਸਾਂ ਨੂੰ ਮਿਲਿਆ ਜ਼ਿਆਦਾ ਹੁੰਗਾਰਾ
ਬੁੱਧਵਾਰ ਮੀਂਹ ਕਾਰਨ ਯਾਤਰੀਆਂ ਦੀ ਗਿਣਤੀ ਘੱਟ ਵੇਖਣ ਨੂੰ ਮਿਲੀ ਸੀ ਪਰ ਵੀਰਵਾਰ ਯਾਤਰੀਆਂ ਦੀ ਗਿਣਤੀ ਵਧ ਗਈ। ਇਸ ਕਾਰਨ ਦੁਪਹਿਰ ਸਮੇਂ ਕਾਊਂਟਰਾਂ ਤੋਂ ਜਾਣ ਵਾਲੀਆਂ ਬੱਸਾਂ ਨੂੰ ਵਧੇਰੇ ਹੁੰਗਾਰਾ ਮਿਲਿਆ। ਅਧਿਕਾਰੀਆਂ ਨੇ ਯਾਤਰੀਆਂ ਦੀ ਮੰਗ ਨੂੰ ਵੇਖਦਿਆਂ ਦੁਪਹਿਰ ਸਮੇਂ ਪੰਜਾਬ ਦੇ ਮੁੱਖ ਰੂਟਾਂ ’ਤੇ ਬੱਸ ਸਰਵਿਸ ਵਧਾਈ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਖ਼ਤਮ ਹੋਈ ਕੋਰੋਨਾ ਦੀ ਵੈਕਸੀਨ, ਬੰਦ ਹੋਏ ਕਈ ਵੈਕਸੀਨ ਸੈਂਟਰ

PunjabKesari

ਕਈ ਦਿਨਾਂ ਬਾਅਦ ਫਲਾਈਓਵਰ ਹੇਠਾਂ ਰੁਕੀਆਂ ਬੱਸਾਂ
ਵਧ ਰਹੇ ਕੋਰੋਨਾ ਦੇ ਕੇਸਾਂ ਕਾਰਨ ਯਾਤਰੀ ਡਰੇ ਹੋਏ ਹਨ, ਜਿਸ ਕਾਰਨ ਬਹੁਤ ਘੱਟ ਗਿਣਤੀ ਵਿਚ ਬੱਸਾਂ ਚਲਾਈਆਂ ਜਾ ਰਹੀਆਂ ਹਨ। ਜਿਹੜੀਆਂ ਬੱਸਾਂ ਰਵਾਨਾ ਹੁੰਦੀਆਂ ਹਨ, ਉਨ੍ਹਾਂ ਨੂੰ ਰਸਤੇ ਵਿਚ ਯਾਤਰੀ ਨਹੀਂ ਮਿਲਦੇ, ਜਦੋਂ ਕਿ ਲਾਕਡਾਊਨ ਤੋਂ ਪਹਿਲਾਂ ਦੇਖਣ ਵਿਚ ਆਉਂਦਾ ਸੀ ਕਿ ਬੱਸ ਦੇ ਰਾਹ ਵਿਚ ਯਾਤਰੀਆਂ ਦੀ ਭੀੜ ਲੱਗੀ ਹੁੰਦੀ ਸੀ। ਅੱਜ ਕਈ ਦਿਨਾਂ ਬਾਅਦ ਬੱਸ ਅੱਡੇ ਦੇ ਫਲਾਈਓਵਰ ਹੇਠਾਂ ਬੱਸ ਰੁਕੀ ਨਜ਼ਰ ਆਈ। ਦੱਸਿਆ ਜਾ ਰਿਹਾ ਹੈ ਕਿ ਇਕ ਯਾਤਰੀ ਨੇ ਬੱਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ ਤੋਂ ਬਾਅਦ ਡਰਾਈਵਰ ਨੇ ਕੁਝ ਸਮੇਂ ਲਈ ਬੱਸ ਨੂੰ ਰੋਕ ਲਿਆ ਤਾਂ ਕਿ ਹੋਰ ਕੋਈ ਯਾਤਰੀ ਮਿਲ ਜਾਵੇ।

ਇਹ ਵੀ ਪੜ੍ਹੋ: ਕੈਨੇਡਾ ਗਏ ਨਡਾਲਾ ਦੇ ਨੌਜਵਾਨ ਦੇ ਘਰ ਵਿਛੇ ਸੱਥਰ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ

ਸ਼ਾਮ ਸਮੇਂ ਆਉਣ ਵਾਲੇ ਯਾਤਰੀਆਂ ਨੂੰ ਨਹੀਂ ਮਿਲ ਰਹੀਆਂ ਬੱਸਾਂ
ਵੇਖਣ ਵਿਚ ਆ ਰਿਹਾ ਹੈ ਕਿ ਬੱਸ ਅੱਡੇ ਵਿਚ ਸਵੇਰ ਅਤੇ ਸ਼ਾਮ ਨੂੰ ਯਾਤਰੀ ਬਹੁਤ ਘੱਟ ਹੁੰਦੇ ਹਨ। ਇਸੇ ਨੂੰ ਵੇਖਦਿਆਂ ਅਧਿਕਾਰੀਆਂ ਵੱਲੋਂ ਲੋੜ ਪੈਣ ’ਤੇ ਹੀ ਬੱਸਾਂ ਚਲਾਉਣ ਦੇ ਹੁਕਮ ਦਿੱਤੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡਿਮਾਂਡ ਮੁਤਾਬਕ ਬੱਸਾਂ ਚਲਾਈਆਂ ਜਾ ਰਹੀਆਂ ਤਾਂ ਕਿ ਯਾਤਰੀਆਂ ਨੂੰ ਸਹੂਲਤ ਮਿਲ ਸਕੇ ਅਤੇ ਵਿਭਾਗ ਨੂੰ ਨੁਕਸਾਨ ਨਾ ਉਠਾਉਣਾ ਪਵੇ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲਾਤ ਅਜਿਹੇ ਬਣੇ ਹਨ ਕਿ ਵਧੇਰੇ ਬੱਸਾਂ ਘਾਟੇ ਵਿਚ ਚੱਲ ਰਹੀਆਂ ਹਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor shivani attri