ਬੀਬੀ ਭਾਨੀ ਕੰਪਲੈਕਸ ਦੇ ਅਧੂਰੇ ਕੰਮ ਇੰਪਰੂਵਮੈਂਟ ਟਰੱਸਟ ਨੂੰ ਪਏ ਮਹਿੰਗੇ
Wednesday, Feb 06, 2019 - 12:47 PM (IST)
ਜਲੰਧਰ (ਪੁਨੀਤ) - ਜਲੰਧਰ ਇੰਪਰੂਵਮੈਂਟ ਟਰੱਸਟ ਦੀ 51.5 ਏਕੜ ਜ਼ਮੀਨ ਗੁਰੂ ਅਮਰਦਾਸ ਨਗਰ ਸਕੀਮ 'ਚ ਬਣਾਏ ਬੀਬੀ ਭਾਨੀ ਕੰਪਲੈਕਸ ਦੇ ਅਧੂਰੇ ਕੰਮ ਟਰੱਸਟ ਲਈ ਮਹਿੰਗੇ ਸਿੱਧ ਹੋ ਰਹੇ ਹਨ। ਪੋਜ਼ੈਸ਼ਨ ਨਾ ਮਿਲਣ 'ਤੇ ਉਪਭੋਗਤਾ ਫੋਰਮ 'ਚ ਦਰਜ ਹੋਏ ਕੇਸ 'ਚ ਟਰੱਸਟ ਲਗਾਤਾਰ ਹਾਰਦਾ ਜਾ ਰਿਹਾ ਹੈ। ਹਾਲ ਹੀ 'ਚ ਆਏ 4 ਫੈਸਲਿਆਂ 'ਚ ਜਮ੍ਹਾ ਕੀਤੀ ਰਕਮ, 12 ਫੀਸਦੀ ਵਿਆਜ ਤੇ 2 ਲੱਖ ਰੁਪਏ ਹਰਜਾਨਾ, 10 ਹਜ਼ਾਰ ਰੁਪਏ ਕਾਨੂੰਨੀ ਖਰਚ ਅਦਾ ਕਰਨ ਦੇ ਹੁਕਮ ਹੋਏ ਹਨ। ਜ਼ਿਲਾ ਉਪਭੋਗਤਾ ਫੋਰਮ ਦੇ ਪ੍ਰੈਜ਼ੀਡੈਂਟ ਕਰਨੈਲ ਸਿੰਘ ਤੇ ਮੈਂਬਰ ਜਿਓਤਸਨਾ ਵੱਲੋਂ ਸੁਣਾਏ ਗਏ ਫੈਸਲੇ ਮੁਤਾਬਕ ਟਰੱਸਟ ਜਦੋਂ ਤੱਕ ਪੈਸੇ ਖਪਤਕਾਰ ਨੂੰ ਅਦਾ ਨਹੀਂ ਕਰਦਾ, ਉਦੋਂ ਤੱਕ ਵਿਆਜ ਪੈਂਦਾ ਰਹੇਗਾ। ਜੋ ਕੇਸ ਕੀਤੇ ਗਏ ਹਨ ਉਹ ਰੈੱਡ ਕਰਾਸ ਭਵਨ 'ਚ 16 ਅਗਸਤ 2009 ਨੂੰ ਕੱਢੇ ਗਏ ਲੱਕੀ ਡਰਾਅ ਨਾਲ ਸਬੰਧਤ ਹਨ।
ਇਸ ਦੇ ਮੁਤਾਬਕ ਟਰੱਸਟ ਨੇ ਸਕੀਮ ਨੂੰ ਲਾਂਚ ਕਰਨ ਤੋਂ ਬਾਅਦ ਸਮਾਂ ਰਹਿੰਦਿਆਂ ਪੋਜ਼ੈਸ਼ਨ ਨਹੀਂ ਦਿੱਤਾ, ਜਿਸ ਕਾਰਨ ਖਪਤਕਾਰਾਂ ਨੇ ਫੋਰਮ ਦੀ ਸ਼ਰਨ ਲਈ। ਜੋ ਚਾਰ ਫੈਸਲੇ ਆਏ ਹਨ ਉਹ ਸਾਰੇ ਕੇਸ 2017 ਵਿਚ ਕੀਤੇ ਗਏ ਸਨ। ਇਸ ਤੋਂ ਇਲਾਵਾ ਕਈ ਹੋਰ ਕੇਸ ਵੀ ਪੈਂਡਿੰਗ ਚੱਲ ਰਹੇ ਹਨ, ਜਿਨ੍ਹਾਂ ਬਾਰੇ ਜਲਦੀ ਹੀ ਫੈਸਲਾ ਆਉਣ ਦੀ ਸੰਭਾਵਨਾ ਹੈ। ਬੀਬੀ ਭਾਨੀ ਕੰਪਲੈਕਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਦਰਸ਼ਨ ਸਿੰਘ ਆਹੂਜਾ ਦਾ ਕਹਿਣਾ ਹੈ ਕਿ ਕੰਪਲੈਕਸ 'ਚ ਫਲੈਟ ਲੈਣ ਵਾਲੇ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਟਰੱਸਟ ਦੇ ਖਿਲਾਫ ਕੇਸ ਨਹੀਂ ਕੀਤਾ, ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਅਗਲੀ ਕਾਰਵਾਈ ਨੂੰ ਸ਼ੁਰੂ ਕਰਵਾਇਆ ਜਾ ਸਕੇ।
19 ਹੋਈ ਕੇਸ ਹਾਰਨ ਦੀ ਗਿਣਤੀ, 14 ਦੀ ਹੋਈ ਪੇਮੈਂਟ
ਅੱਜ ਦੇ 4 ਕੇਸ ਮਿਲਾ ਕੇ ਟਰੱਸਟ ਵੱਲੋਂ ਕੇਸ ਹਾਰਨ ਦੀ ਗਿਣਤੀ 19 ਦੇ ਲਗਭਗ ਹੋ ਗਈ ਹੈ। ਹਾਲ ਹੀ ਦੇ 4 ਕੇਸਾਂ ਨੂੰ ਛੱਡ ਦਿੱਤਾ ਜਾਵੇ ਤਾਂ ਪਿਛਲੇ 15 ਕੇਸਾਂ ਵਿਚੋਂ 14 ਦੀ ਪੇਮੈਂਟ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਹੋਰ ਕੇਸ ਨੂੰ ਲੈ ਕੇ ਜਲਦੀ ਹੀ ਪੇਮੈਂਟ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਕੇਸਾਂ ਵਿਚ ਜੋ ਪੇਮੈਂਟ ਅਦਾ ਕਰਨ ਦੇ ਹੁਕਮ ਹੋਏ ਹਨ, ਉਨ੍ਹਾਂ ਵਿਚ ਵਿਆਜ ਦੀ ਰਕਮ 9 ਤੋਂ 12 ਫੀਸਦੀ ਤੱਕ ਹੈ। ਸਬੰਧਤ ਕੇਸਾਂ ਦੇ ਫੈਸਲੇ ਦੇ ਬਾਵਜੂਦ ਰਕਮ ਜਮ੍ਹਾ ਨਾ ਕਰਵਾਉਣ 'ਤੇ ਪਿਛਲੇ ਦਿਨੀਂ ਚੇਅਰਮੈਨ ਦੀਪਰਵ ਲਾਕੜਾ ਦੇ ਵਾਰੰਟ ਕੱਢੇ ਗਏ ਸਨ, ਜਦੋਂਕਿ ਇਸ ਤੋਂ ਪਹਿਲਾਂ ਤੱਤਕਾਲੀਨ ਈ. ਓ. ਰਾਜੇਸ਼ ਚੌਧਰੀ ਦੇ ਵਾਰੰਟ ਵੀ ਨਿਕਲ ਚੁੱਕੇ ਹਨ, ਜਿਸ ਤੋਂ ਬਾਅਦ ਟਰੱਸਟ ਵੱਲੋਂ ਰਕਮ ਜਮ੍ਹਾ ਕਰਵਾਈ ਗਈ।