ਪੰਜਾਬ ''ਚ ਜੰਗ ਵਰਗੀ ਸਥਿਤੀ, ਫੌਜ ਨਾਲ ਸੰਪਰਕ ''ਚ ਰਹਿਣ ਪੰਜਾਬ ਦੇ ਡਿਪਟੀ ਕਮਿਸ਼ਨਰਜ਼
Thursday, Feb 28, 2019 - 09:31 AM (IST)
ਜਲੰਧਰ(ਨਰੇਸ਼)— ਪਾਕਿਸਤਾਨ ਨਾਲ ਚੱਲ ਰਹੇ ਤਣਾਅ ਦੇ ਕਾਰਨ ਪੈਦਾ ਹੋਣ ਵਾਲੀ ਜੰਗ ਵਰਗੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਪੱਧਰ 'ਤੇ ਐਕਸਰਸਾਈਜ਼ ਕੀਤੀ। ਪੰਜਾਬ ਦੇ ਮੁੱਖ ਸਕੱਤਰ ਨਾਲ ਹੋਈ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਦੌਰਾਨ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਰੱਖਣ ਤੇ ਜੰਗ ਵਰਗੀ ਸਥਿਤੀ ਹੋਣ 'ਤੇ ਕੀਤੇ ਜਾਣ ਵਾਲੇ ਸਰਕਾਰੀ ਐਕਸ਼ਨ ਦੀ ਜਾਣਕਾਰੀ ਦਿੱਤੀ ਗਈ। ਬੁੱਧਵਾਰ ਦੇਰ ਸ਼ਾਮ ਮੁੱਖ ਸਕੱਤਰ ਵਲੋਂ ਹੁਕਮ ਜਾਰੀ ਕਰ ਕੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ 15 ਹੁਕਮ ਦਿੱਤੇ ਗਏ ਹਨ।
- ਸਾਰੇ ਡਿਪਟੀ ਕਮਿਸ਼ਨਰ ਫੌਜੀ ਪ੍ਰਸ਼ਾਸਨ ਦੇ ਨਾਲ ਰਹਿਣ ਅਤੇ ਸਥਿਤੀ ਦਾ ਜਾਇਜ਼ਾ ਲੈਂਦੇ ਰਹਿਣ।
- ਸਾਰੇ ਡਿਪਟੀ ਕਮਿਸ਼ਨਰ ਡਿਸਟ੍ਰਿਕਟ ਡਿਜ਼ਾਸਟਰ ਮੈਨੇਜਮੈਂਟ ਪਲਾਨ ਨੂੰ ਅਪਡੇਟ ਰੱਖਣ ਅਤੇ ਐਮਰਜੈਂਸੀ ਵਾਲੀ ਸਥਿਤੀ ਵਿਚ ਵਰਤੇ ਜਾਣ ਵਾਲੇ ਸਾਰੇ ਸੰਪਰਕ ਨੰਬਰਾਂ ਨੂੰ ਆਪਣੇ ਕੋਲ ਰੱਖਣ।
- ਡਿਪਟੀ ਕਮਿਸ਼ਨਰ ਸਾਰੇ ਵਿਭਾਗਾਂ ਨੂੰ ਐਮਰਜੈਂਸੀ ਵਾਲੀ ਸਥਿਤੀ ਵਿਚ ਉਨ੍ਹਾਂ ਦੀ ਭੂਮਿਕਾ ਤੇ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਤੇ ਕਿਸੇ ਕਿਸਮ ਦੇ ਸੰਕਟ ਦਰਮਿਆਨ ਵੱਖ-ਵੱਖ ਵਿਭਾਗਾਂ ਵਿਚਾਲੇ ਹੋਣ ਵਾਲੇ ਤਾਲਮੇਲ ਦੀ ਜਾਣਕਾਰੀ ਦੇਣ।
- ਡਿਪਟੀ ਕਮਿਸ਼ਨਰ ਜ਼ਿਲਾ ਤੇ ਸਬ-ਡਵੀਜ਼ਨ ਪੱਧਰ 'ਤੇ ਐਮਰਜੈਂਸੀ ਸੇਵਾਵਾਂ ਦੀ ਸਰਗਰਮੀ ਦੀ ਜਾਂਚ ਕਰਨ।
- ਡਿਪਟੀ ਕਮਿਸ਼ਨਰ ਸਿਵਲ ਡਿਫੈਂਸ ਤੇ ਹੋਮਗਾਰਡ ਨੂੰ ਤਿਆਰ ਰੱਖਣ।
- ਡਿਪਟੀ ਕਮਿਸ਼ਨਰ ਫੌਜੀ ਪ੍ਰਸ਼ਾਸਨ ਦੇ ਨਾਲ ਰਲ ਕੇ ਪੈਟਰੋਲਿੰਗ ਲਈ ਨਾਜ਼ੁਕ ਅਤੇ ਰਣਨੀਤਕ ਮਹੱਤਵ ਵਾਲੀਆਂ ਸੜਕਾਂ, ਪੁਲਾਂ, ਆਰ. ਬੀ. ਓ. ਅਤੇ ਯੂ. ਬੀ. ਪਛਾਣ ਕਰਨ।
- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ 24 ਘੰਟੇ ਬਿਜਲੀ ਸਪਲਾਈ ਅਤੇ ਬੀ. ਐੱਸ. ਐੱਨ. ਐੱਲ. ਨੂੰ ਸਾਰੇ ਹਸਪਤਾਲਾਂ, ਪੁਲਸ ਸਟੇਸ਼ਨਾਂ ਅਤੇ ਅਹਿਮ ਸਰਕਾਰੀ ਦਫਤਰਾਂ ਦੇ ਫੋਨ ਨੰਬਰ ਤੇ ਮੋਬਾਇਲ ਨੰਬਰ ਚਾਲੂ ਰੱਖਣ ਲਈ ਕਿਹਾ ਹੈ।
- ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਵਾਟਰ ਸਪਲਾਈ ਨੂੰ ਜਾਰੀ ਰੱਖਣ ਦੇ ਹੁਕਮ ਦਿੱਤੇ ਗਏ ਹਨ।
- ਡਿਪਟੀ ਕਮਿਸ਼ਨਰ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਤਿਆਰ ਰੱਖਣ, ਸਰਕਾਰੀ ਦੇ ਨਾਲ-ਨਾਲ ਨਿੱਜੀ ਹਸਪਤਾਲ ਪੂਰੀ ਤਰ੍ਹਾਂ ਆਪ੍ਰੇਸ਼ਨਲ ਰੱਖਣ ਅਤੇ ਐਂਬੂਲੈਂਸ ਸੇਵਾ ਨੂੰ 24 ਘੰਟੇ ਤਿਆਰ ਰਹਿਣ ਲਈ ਕਿਹਾ ਗਿਆ ਹੈ।
- ਨਗਰ ਨਿਗਮਾਂ ਨੂੰ ਆਪਣੇ ਤਹਿਤ ਆਉਂਦੇ ਫਾਇਰ ਬ੍ਰਿਗੇਡ ਨੂੰ ਤਿਆਰ ਰੱਖਣ ਲਈ ਕਿਹਾ ਗਿਆ ਹੈ।
- ਟਰਾਂਸਪੋਰਟ ਵਿਭਾਗ ਨੂੰ ਰਿਕਵਰੀ ਵੈਨਾਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।
- ਡਿਪਟੀ ਕਮਿਸ਼ਨਰਾਂ ਨੂੰ ਆਪਣੇ ਤਹਿਤ ਆਉਣ ਵਾਲੇ ਜ਼ਿਲਾ ਲੋਕ ਸੰਪਰਕ ਦਫਤਰਾਂ ਦੇ ਰਾਹੀਂ ਸਹੀ ਤੇ ਸਟੀਕ ਜਾਣਕਾਰੀ ਮੀਡੀਆ ਵਿਚ ਟੈਲੀਕਾਸਟ ਕੀਤੇ ਜਾਣ ਤੇ ਛਪਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
- ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਐੱਨ. ਡੀ. ਆਰ. ਐੱਫ. ਟੀਮ ਤਿਆਰ ਰੱਖਣ ਲਈ ਕਿਹਾ ਹੈ।
- ਡਿਪਟੀ ਕਮਿਸ਼ਨਰ ਨੂੰ ਪੀ. ਡਬਲਯੂ. ਵਿਭਾਗ ਦੀ ਮਸ਼ੀਨਰੀ ਤੋਂ ਇਲਾਵਾ ਬੇੜੀਆਂ, ਪਨਟੂਨ ਪੁਲ, ਰੇਤ ਦੇ ਬੋਰੇ ਤੇ ਹੋਰ ਸਾਮਾਨ ਦੇ ਨਾਲ ਤਿਆਰ ਰਹਿਣ ਲਈ ਕਿਹਾ ਗਿਆ ਹੈ।
- ਬੀ. ਐੱਸ. ਐੱਨ. ਨੂੰ ਸੂਬੇ ਵਿਚ ਮੋਬਾਇਲ, ਲੈਂਡਲਾਈਨ ਤੇ ਹੋਰ ਸੰਪਰਕ ਸੇਵਾਵਾਂ ਨੂੰ ਚਾਲੂ ਰੱਖਣ ਦੇ ਹੁਕਮ ਦਿੱਤੇ ਗਏ ਹਨ।