ਮਾਮਲਾ ਸਕੂਲ ਬੱਸ ਤੋਂ ਉਤਰੀਆਂ 2 ਵਿਦਿਆਰਥਣਾਂ ਦੇ ਲਾਪਤਾ ਹੋਣ ਦਾ, ਦੂਜੀ ਦੀ ਭਾਲ ਜਾਰੀ
Thursday, Aug 22, 2019 - 11:57 AM (IST)
ਜਲੰਧਰ (ਰਮਨ) - ਉੱਚਾ ਸੁਰਾਜਗੰਜ ਨਿਵਾਸੀ 13 ਸਾਲ ਦੀਆਂ ਦੋ ਵਿਦਿਆਰਥਣਾਂ ਨੂੰ ਨਕੋਦਰ ਰੋਡ ਸਥਿਤ ਮਠਿਆਈ ਦੀ ਦੁਕਾਨ ਦੇ ਸਾਹਮਣਿਓਂ ਅਣਪਛਾਤੇ ਵਿਅਕਤੀ ਬਹਿਲਾ ਕੇ ਝਾਂਸੇ 'ਚ ਲੈ ਕੇ ਸਿੱਕਾ ਚੌਕ ਵੱਲ ਭਜਾ ਕੇ ਲੈ ਗਏ। ਮਾਮਲੇ 'ਚ ਥਾਣਾ-4 ਦੀ ਪੁਲਸ ਨੇ ਸਿਰਫ਼ 24 ਘੰਟਿਆਂ 'ਚ ਲਾਪਤਾ ਹੋਈਆਂ ਕੁੜੀਆਂ 'ਚੋਂ ਇਕ ਕੁੜੀ ਨੂੰ ਫਗਵਾੜਾ ਗੇਟ ਸਥਿਤ ਪ੍ਰਤਾਪਬਾਗ ਤੋਂ ਲੱਭ ਲਿਆ ਹੈ।ਦੂਜੀ ਕੁੜੀ ਦੇ ਨਾ ਮਿਲਣ 'ਤੇ ਉਸ ਦੇ ਪਰਿਵਾਰ ਵਾਲਿਆਂ ਨੇ ਥਾਣੇ 'ਚ ਹੰਗਾਮਾ ਕਰ ਦਿੱਤਾ। ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਨੂੰ ਨਕੋਦਰ ਰੋਡ ਸਥਿਤ ਮਠਿਆਈ ਦੀ ਦੁਕਾਨ ਨੇੜੇ ਸਕੂਲ ਬੱਸ ਤੋਂ ਉੱਤਰ ਕੇ ਅਚਾਨਕ ਸਿੱਕਾ ਚੌਕ ਵੱਲ ਭੱਜਣ ਲੱਗੀਆਂ। ਇਹ ਘਟਨਾ ਮੌਕੇ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਸੀ ਪਰ ਕੈਮਰੇ ਦਾ ਐਂਗਲ ਜ਼ਿਆਦਾ ਦੂਰ ਤੱਕ ਉਨ੍ਹਾਂ ਨੂੰ ਕਵਰ ਨਹੀਂ ਕਰ ਸਕਿਆ, ਜਿਸ ਕਾਰਨ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਦੋਵੇਂ ਕੁੜੀਆਂ ਕਿੱਥੇ ਗਈਆਂ ਸਨ।
ਉਕਤ ਮਾਮਲੇ ਦੇ ਸਬੰਧ 'ਚ ਦੋਵਾਂ ਕੁੜੀਆਂ ਦੇ ਪਰਿਵਾਰ ਵਾਲਿਆਂ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਬੁੱਧਵਾਰ ਦੁਪਹਿਰ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਕੇਸ ਦਰਜ ਕਰ ਲਿਆ। ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਦੇ ਹੋਏ ਸਬ ਇੰਸਪੈਕਟਰ ਬਸੰਤ ਸਿੰਘ ਨੇ ਪੁਲਸ ਪਾਰਟੀ ਸਮੇਤ ਉਸ ਦੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਵੱਖ-ਵੱਖ ਜਗ੍ਹਾ ਛਾਪੇਮਾਰੀ ਕੀਤੀ ਪਰ ਉਹ ਨਹੀਂ ਮਿਲੀ। ਕੁਝ ਸਮੇਂ ਬਾਅਦ ਪੁਲਸ ਨੇ ਦੋਵੇਂ ਕੁੜੀਆਂ 'ਚੋਂ ਇਕ ਨੂੰ ਲੱਭ ਲਿਆ, ਜਿਸ ਦੇ ਪਰਿਵਾਰ ਵਾਲਿਆਂ ਨੂੰ ਥਾਣੇ 'ਚ ਬੁਲਾਇਆ ਗਿਆ। ਹਾਲਾਂਕਿ ਇਸ ਦੌਰਾਨ ਪੁਲਸ ਨੇ ਪੁੱਛਗਿੱਛ ਸਮੇਂ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ ਸੀ ਪਰ ਪਰਿਵਾਰ ਵਾਲੇ ਥਾਣੇ ਦੇ ਬਾਹਰ ਹੰਗਾਮਾ ਕਰ ਰਹੇ ਸਨ ਕਿ ਉਨ੍ਹਾਂ ਨੂੰ ਅਖੀਰ ਉਨ੍ਹਾਂ ਦੀ ਧੀ ਨਾਲ ਕਿਉਂ ਨਹੀਂ ਮਿਲਣ ਦਿੱਤਾ ਜਾ ਰਿਹਾ। ਪੁਲਸ ਨੇ ਦੱਸਿਆ ਕਿ ਉਹ ਕੇਸ ਦੀ ਜਾਂਚ ਲਈ ਪੁੱਛਗਿਛ ਕਰ ਰਹੀ ਹੈ ਤਾਂਕਿ ਦੂਜੀ ਕੁੜੀ ਦੀ ਭਾਲ ਛੇਤੀ ਕੀਤੀ ਜਾ ਸਕੇ।
ਥਾਣਾ ਮੁਖੀ ਦੇ ਕਮਰੇ 'ਚ ਕੁੱਟ-ਮਾਰ ਅਤੇ ਹੰਗਾਮਾ ਕਰਨ 'ਤੇ ਔਰਤ 'ਤੇ ਮਾਮਲਾ ਦਰਜ
ਲਾਪਤਾ ਕੁੜੀ ਦੀ ਮਾਂ ਨੇ ਗੁੱਸੇ 'ਚ ਆ ਕੇ ਥਾਣੇ 'ਚ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਥਾਣਾ ਮੁਖੀ ਦੇ ਕਮਰੇ 'ਚ ਦੂਜੀ ਕੁੜੀ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਪਾਰਟੀ ਤੇ ਲੋਕਾਂ ਨੇ ਮੁਸ਼ਕਲ ਨਾਲ ਉਨ੍ਹਾਂ ਨੂੰ ਛੁਡਵਾਇਆ। ਥਾਣਾ ਮੁਖੀ ਦੇ ਸਾਹਮਣੇ ਉਸ ਦੇ ਕਮਰੇ 'ਚ ਕੁੜੀ ਨਾਲ ਕੁੱਟ-ਮਾਰ ਅਤੇ ਹੰਗਾਮਾ ਕਰਨ 'ਤੇ ਪੁਲਸ ਨੇ ਉਸ 'ਤੇ ਮਾਮਲਾ ਦਰਜ ਕਰ ਲਿਆ ਹੈ।