ਕੈਦੀਆਂ ਨੇ ਪ੍ਰਤੀ ਬੈਰਕ ਦੇ ਹਿਸਾਬ ਨਾਲ ਮੋਬਾਇਲ ਤੇ ਹੋਰ ਸਹੂਲਤਾਂ ਲੈਣ ਲਈ ਬੰਨ੍ਹ ਰੱਖੇ ਨੇ ਮਹੀਨੇ
Friday, Jun 28, 2019 - 10:06 AM (IST)

ਜਲੰਧਰ (ਵਰੁਣ) - ਪੰਜਾਬ ਦੀਆਂ ਜੇਲਾਂ ਨੂੰ ਖੁਦ ਜੇਲ ਪ੍ਰਬੰਧਕਾਂ ਨੇ ਹੀ ਸਹੂਲਤਾਂ ਦਾ ਅੱਡਾ ਬਣਾ ਕੇ ਰੱਖਿਆ ਹੈ। ਕਿਵੇਂ ਮੁਮਕਿਨ ਹੋ ਸਕਦਾ ਹੈ ਕਿ ਜੇਲ 'ਚ ਬਿਨਾਂ ਇਜਾਜ਼ਤ ਦੇ ਇਕ ਜੋੜਾ ਚੱਪਲ ਦਾ ਪਹੁੰਚ ਜਾਵੇ। ਲੁਧਿਆਣਾ ਜੇਲ ਕਾਂਡ ਤੋਂ ਬਾਅਦ ਜਿਸ ਤਰ੍ਹਾਂ ਜੇਲ ਦੇ ਅੰਦਰ ਕੈਦੀਆਂ-ਹਵਾਲਾਤੀਆਂ ਨੇ ਮੂਵੀ ਬਣਾ ਕੇ ਵਾਇਰਲ ਕੀਤੀ ਉਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਕਟਹਿਰੇ 'ਚ ਖੜ੍ਹਾ ਹੋ ਗਿਆ ਹੈ। ਜੇਲ 'ਚ ਪੈਸੇ ਲੈ ਕੇ ਮੋਬਾਇਲ ਤੇ ਹੋਰ ਸਾਮਾਨ ਕਿਸ ਤਰ੍ਹਾਂ ਨਾਲ ਪਹੁੰਚਾਉਣਾ ਆਸਾਨ ਹੈ, ਇਹ ਖੁਦ ਕੈਦੀਆਂ, ਹਵਾਲਾਤੀਆਂ ਨੇ ਹੀ ਦੱਸ ਦਿੱਤਾ। ਜੇਲ ਦੇ ਅੰਦਰ ਦੀ ਮੂਵੀ ਬਣਾ ਦੇ ਵਾਇਰਲ ਹੋਈ ਤਾਂ ਜੇਲ ਦੇ ਅੰਦਰ ਦੀ ਸਫਾਈ ਸ਼ੀਸ਼ੇ ਦੀ ਤਰ੍ਹਾਂ ਸਾਫ ਹੋ ਗਈ। 'ਜਗ ਬਾਣੀ' ਨੇ ਜਦੋਂ ਜੇਲਾਂ ਦੇ ਅੰਦਰ ਮੋਬਾਇਲ ਪਹੁੰਚਾਉਣ ਦਾ ਤਰੀਕਾ ਜਾਣਨਾ ਚਾਹਿਆ ਤਾਂ ਪਤਾ ਲੱਗਾ ਕਿ ਛੋਟਾ ਮੋਬਾਇਲ ਅੰਦਰ ਭੇਜਣ ਲਈ 8000 ਤੋਂ ਲੈ ਕੇ 10000 ਰੁਪਏ ਖਰਚਾ ਆਉਂਦਾ ਹੈ। ਮੋਬਾਇਲ ਨਾਲ ਹੀ ਸਿਮ ਕਾਰਡ ਤੇ ਚਾਰਜਰ ਦਿੱਤਾ ਜਾਂਦਾ ਹੈ। ਜੇਕਰ ਵਧੀਆ ਮੋਬਾਇਲ ਚਾਹੀਦਾ ਹੋਵੇ ਤਾਂ 35000 ਰੁਪਏ ਲੱਗਦੇ ਹਨ। ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਦੇ ਕਰਮਚਾਰੀ ਪ੍ਰਤੀ ਬੈਰਕ ਦੇ ਹਿਸਾਬ ਨਾਲ 35 ਤੋਂ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਲੈਂਦੇ ਹਨ।
ਇਕ ਬੈਰਕ 'ਚ 25 ਕੈਦੀ ਹਵਾਲਾਤੀ ਹੁੰਦੇ ਹਨ। ਜੇਕਰ ਬੈਰਕ 'ਚ ਰਹਿ ਰਹੇ ਕੈਦੀ-ਹਵਾਲਾਤੀ ਮਹੀਨੇ ਬਾਅਦ ਦਿੱਤੀ ਜਾਣ ਵਾਲੀ ਫੀਸ ਨਾ ਦੇਣ ਤਾਂ ਜੇਲ ਅੰਦਰ ਤਾਇਨਾਤ ਕਰਮਚਾਰੀ ਬੈਰਕ ਖਾਲੀ ਕਰਵਾ ਕੇ ਉਨ੍ਹਾਂ ਸਾਰਿਆਂ ਨੂੰ ਉਸ ਬੈਰਕ 'ਚ ਪਾ ਦਿੰਦੇ ਹਨ ਜਿਥੇ ਪਹਿਲਾਂ ਤੋਂ ਹੀ 20-25 ਕੈਦੀ ਹਵਾਲਾਤੀ ਹੁੰਦੇ ਹਨ। ਜੇਲ 'ਚ ਬੰਦ ਬਦਮਾਸ਼ਾਂ ਦੇ ਐੱਫ. ਬੀ. ਪੇਜ ਚੈੱਕ ਕੀਤੇ ਜਾਣ ਤਾਂ ਜੇਲ ਦੇ ਅੰਦਰ ਸਕੂਨ ਦੀ ਜ਼ਿੰਦਗੀ ਜੀਅ ਰਹੇ ਇਨ੍ਹਾਂ ਲੋਕਾਂ ਦੀਆਂ ਸਾਰੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ। ਜੇਲਾਂ 'ਚ ਇਹ ਲੋਕ ਕਦੇ ਜਨਮ ਦਿਨ ਮਨਾਉਣ ਦੀ ਤਸਵੀਰ ਸ਼ੇਅਰ ਕਰਦੇ ਹਨ ਅਤੇ ਕਦੇ ਆਰਾਮ ਫਰਮਾਉਣ ਦੀ ਫੋਟੋ ਅਪਲੋਡ ਕਰ ਦਿੰਦੇ ਹਨ।
ਬਦਮਾਸ਼ਾਂ ਤੋਂ ਲੈ ਕੇ ਖੂੰਖਾਰ ਮੁਲਜ਼ਮ ਕਰ ਰਹੇ ਹਨ ਮੋਬਾਇਲ ਦੀ ਵਰਤੋਂ
ਪੰਜਾਬ ਦੀਆਂ ਜੇਲਾਂ ਵਿਚ ਬੰਦ ਬਦਮਾਸ਼ਾਂ ਤੋਂ ਲੈ ਕੇ ਖੂੰਖਾਰ ਮੁਲਜ਼ਮ ਮੋਬਾਇਲ ਦੀ ਵਰਤੋਂ ਕਰ ਰਹੇ ਹਨ। ਨਾਭਾ ਜੇਲ ਬ੍ਰੇਕ ਕਾਂਡ ਵੀ ਮੋਬਾਇਲ ਕਾਰਨ ਹੋਇਆ, ਕਿਉਂਕਿ ਭੱਜਣ ਵਾਲਾ ਵਿੱਕੀ ਗੌਂਡਰ ਅਤੇ ਉਸ ਦੇ ਸਾਥੀ ਜੇਲ ਤੋਂ ਮੋਬਾਇਲ 'ਤੇ ਸਾਰਾ ਪਲਾਨ ਬਣਾ ਚੁੱਕੇ ਸਨ। ਜੇਕਰ ਹੁਣ ਵੀ ਪੰਜਾਬ ਦੀਆਂ ਜੇਲਾਂ 'ਚ ਸਹੂਲਤਾਂ ਦੇਣੀਆਂ ਬੰਦ ਨਹੀਂ ਕੀਤੀਆਂ ਗਈਆਂ ਤਾਂ ਪੂਰੇ ਪੰਜਾਬ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ।
ਜੇਲਾਂ 'ਚ ਇੰਟੈਲੀਜੈਂਸ ਦੀ ਜ਼ਰੂਰਤ : ਜੇਲ ਮੰਤਰੀ
ਲੁਧਿਆਣਾ ਜੇਲ ਕਾਂਡ ਤੋਂ ਬਾਅਦ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨ ਆ ਗਏ। ਉਨ੍ਹਾਂ ਕਿਹਾ ਕਿ ਇਹ ਘਟਨਾ ਨਿੰਦਣਯੋਗ ਹੈ ਪਰ ਹੁਣ ਜੇਲਾਂ ਦੇ ਅੰਦਰ ਇੰਟੈਲੀਜੈਂਸ ਦੀ ਜ਼ਰੂਰਤ ਹੈ। ਅੰਗਰੇਜ਼ਾਂ ਦੇ ਸਮੇਂ ਜਿਸ ਤਰ੍ਹਾਂ ਦੇ ਇੰਟੈਲੀਜੈਂਸ ਕੈਦੀ-ਹਵਾਲਾਤੀਆਂ 'ਚ ਰਹਿ ਕੇ ਸਾਰੀ ਜਾਣਕਾਰੀ ਰੱਖਦੇ ਹਨ, ਉਸੇ ਤਰ੍ਹਾਂ ਉਸ ਇੰਟੈਲੀਜੈਂਸ ਦੀ ਜ਼ਰੂਰਤ ਹੈ ਅਤੇ ਇਸ ਲਈ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਨਗੇ।