15 ਮਿੰਟ ''ਚ ਨੇਪਰੇ ਚੜ੍ਹੀ ਡੀ. ਏ. ਸੀ. ਦੇ ਠੇਕਿਆਂ ਦੀ ਬੋਲੀ

Thursday, Feb 28, 2019 - 09:46 AM (IST)

15 ਮਿੰਟ ''ਚ ਨੇਪਰੇ ਚੜ੍ਹੀ ਡੀ. ਏ. ਸੀ. ਦੇ ਠੇਕਿਆਂ ਦੀ ਬੋਲੀ

ਜਲੰਧਰ (ਅਮਿਤ) - 31 ਮਾਰਚ ਨੂੰ ਡੀ. ਏ. ਸੀ. ਦੇ ਅੰਦਰ ਤਹਿਸੀਲ ਕੰਪਲੈਕਸ 'ਚ ਖਤਮ ਹੋਣ ਜਾ ਰਹੇ ਪਾਰਕਿੰਗ, ਕੰਟੀਨ ਤੇ ਡਿਜੀਟਲ ਫੋਟੋ ਖਿੱਚਣ ਦੇ ਕੰਮਾਂ ਲਈ ਖੁੱਲ੍ਹੀ ਬੋਲੀ ਦਾ ਆਯੋਜਨ ਬੁੱਧਵਾਰ ਨੂੰ ਏ. ਡੀ. ਸੀ. (ਜਨਰਲ) ਜਸਬੀਰ ਸਿੰਘ ਦੀ ਅਗਵਾਈ 'ਚ ਕੀਤਾ ਗਿਆ। ਇਸ ਆਯੋਜਨ ਉਨ੍ਹਾਂ ਦੀ ਅਦਾਲਤ ਕਮਰਾ ਨੰਬਰ 18 ਗਰਾਊਂਡ ਫਲੋਰ ਡੀ. ਸੀ. ਦਫਤਰ 'ਚ ਕਰਾਇਆ ਗਿਆ, ਜਿਸ 'ਚ ਡਿਜੀਟਲ ਫੋਟੋਗ੍ਰਾਫੀ, ਪਾਰਕਿੰਗ, ਕੰਟੀਨ ਤੇ ਟਾਈਪ-1 ਸੇਵਾ ਕੇਂਦਰ ਦੀ ਕੰਟੀਨ ਦੀ ਖੁੱਲ੍ਹੀ ਬੋਲੀ ਕਰਵਾਈ ਗਈ।

ਇਸ ਮੌਕੇ ਡੀ. ਡੀ. ਐੱਲ. ਜੀ.-ਕਮ-ਸਹਾਇਕ  ਕਮਿਸ਼ਨਰ (ਜਨਰਲ) ਬਰਜਿੰਦਰ ਸਿੰਘ, ਸੁਪਰਡੈਂਟ ਗਰੇਡ-1 ਰਜਿੰਦਰ ਸ਼ਰਮਾ, ਜ਼ਿਲਾ ਨਾਜਰ ਹਰਚਰਨਪ੍ਰੀਤ ਸਿੰਘ ਭਾਟੀਆ, ਸੁਖਵਿੰਦਰ ਕੁਮਾਰ, ਮਨਿੰਦਰ ਸਿੰਘ, ਭੁਪਿੰਦਰ ਸਿੰਘ ਆਦਿ ਮੌਜੂਦ ਸਨ। ਨਵੇਂ ਵਿੱਤੀ ਸਾਲ ਲਈ ਕਰਵਾਈ ਗਈ ਇਸ ਬੋਲੀ ਵਿਚ ਖਾਸ ਗੱਲ ਇਹ ਦੇਖਣ ਨੂੰ  ਮਿਲੀ ਕਿ ਪੂਰੀ ਬੋਲੀ ਪ੍ਰਕਿਰਿਆ 15 ਮਿੰਟ ਵਿਚ ਖਤਮ ਹੋ ਗਈ, ਜਿਵੇਂ ਕਿ ਜਗ ਬਾਣੀ ਵਲੋਂ  ਪਹਿਲਾਂ ਹੀ ਖੁਲਾਸਾ ਕੀਤਾ ਗਿਆ ਸੀ। ਡਿਜੀਟਲ ਫੋਟੋਗ੍ਰਾਫੀ ਅਤੇ ਕੰਟੀਨ ਦੀ ਬੋਲੀ 'ਤੇ  ਬਾਜ਼ਾਰ ਦੀ ਮੰਦੀ ਤੇ ਜੀ. ਐੱਸ. ਟੀ. ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਪਰ ਪਾਰਕਿੰਗ ਠੇਕੇ 'ਚ ਇਸ ਵਾਰ ਮੰਦੀ ਦਾ ਅਸਰ ਸਾਫ ਤੌਰ 'ਤੇ ਦੇਖਣ ਨੂੰ ਮਿਲਿਆ ਕਿਉਂਕਿ ਪਾਰਕਿੰਗ ਦੇ  ਠੇਕੇ ਵਿਚ ਲਾਗਤ ਵੀ ਪੂਰੀ ਨਾ ਹੋਣ ਦੀ ਗੱਲ ਦੇ ਨਾਲ-ਨਾਲ ਮੌਜੂਦਾ ਠੇਕੇਦਾਰ ਨੇ ਇਸ ਸਾਲ  ਲਾਗੂ ਕੀਤੇ ਗਏ ਜੀ. ਐੱਸ. ਟੀ. ਬਾਰੇ ਬੋਲੀ 'ਤੇ ਸਵਾਲ ਖੜ੍ਹਾ ਕੀਤਾ। ਠੇਕੇਦਾਰ ਨੇ  ਕਿਹਾ ਕਿ ਇਸ ਵਾਰ ਉਸ ਨੂੰ ਬੋਲੀ ਤੋਂ ਬਾਅਦ 18 ਫੀਸਦੀ ਦਰ ਨਾਲ ਜੀ. ਐੱਸ. ਟੀ. ਵੀ ਦੇਣਾ ਪਵੇਗਾ, ਜਿਸ ਦਾ ਮਤਲਬ ਹੈ ਕਿ ਉਸ ਨੂੰ ਠੇਕੇ ਦੀ ਰਕਮ ਤੋਂ 7 ਲੱਖ ਰੁਪਏ ਵੱਧ ਦਾ  ਭੁਗਤਾਨ ਕਰਨਾ ਪਵੇਗਾ। ਠੇਕੇਦਾਰ ਦੀ ਗੱਲ ਸੁਣ ਕੇ ਏ. ਡੀ. ਸੀ. ਜਸਵੀਰ ਸਿੰਘ ਨੇ ਆਪਣੇ ਸਾਥੀ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਪਾਰਕਿੰਗ ਦੀ ਬੋਲੀ ਨੂੰ ਦੁਪਹਿਰ 4 ਵਜੇ ਤੱਕ  ਮੁਲਤਵੀ ਕਰਨ ਦਾ ਫੈਸਲਾ ਲਿਆ। 

ਬੋਲੀ ਵਿਚ ਦਿਖਾਈ ਦਿੱਤੀ ਆਪਸੀ ਪੂਲਿੰਗ
ਡਿਜੀਟਲ ਪੋਲੋਰਾਈਡ ਫੋਟੋਗ੍ਰਾਫੀ ਤੇ ਕੰਟੀਨ ਦੀ ਬੋਲੀ ਦੌਰਾਨ ਰਿਜ਼ਰਵ ਪ੍ਰਾਈਜ਼ ਤੋਂ ਸਿਰਫ ਕੁਝ  ਹਜ਼ਾਰ ਬੋਲੀ ਉਪਰ ਜਾਣ ਤੋਂ ਇਕ ਗੱਲ ਸਾਫ ਤੌਰ 'ਤੇ ਦੇਖਣ ਨੂੰ ਮਿਲੀ ਕਿ ਕਿਤੇ ਨਾ ਕਿਤੇ  ਬੋਲੀਦਾਤਿਆਂ ਵਿਚ ਆਪਸੀ ਪੂਲਿੰਗ ਹੋ ਚੁੱਕੀ ਸੀ ਪਰ ਕਿਉਂਕਿ ਵਾਰ-ਵਾਰ ਏ. ਡੀ. ਸੀ. ਵਲੋਂ  ਬੋਲੀ ਵਧਾਉਣ ਲਈ ਕਿਹਾ ਗਿਆ ਪਰ ਬੋਲੀਦਾਤਾ 500 ਤੋਂ ਲੈ ਕੇ ਹਜ਼ਾਰ ਤੱਕ ਮਾਮੂਲੀ ਰਕਮ ਵਧਾ  ਕੇ ਹੀ ਬੋਲੀ ਦਿੰਦੇ ਰਹੇ।

ਕਿਸ ਬੋਲੀਦਾਤਾ ਨੂੰ ਕਿੰਨੀ ਰਕਮ 'ਚ ਅਲਾਟ ਹੋਇਆ ਠੇਕਾ?
ਫੋਟੋਗ੍ਰਾਫੀ  ਦੀ ਬੋਲੀ ਲਈ ਰਿਜ਼ਰਵ ਪ੍ਰਾਈਜ਼ ਲਈ 13 ਲੱਖ 36 ਹਜ਼ਾਰ ਰੁਪਏ ਰੱਖਿਆ ਗਿਆ ਸੀ। ਇਸ ਦੇ ਲਈ 7  ਰਾਊਂਡ ਬੋਲੀ ਹੋਈ, ਜਿਸ ਵਿਚ ਭਾਰਤ ਭੂਸ਼ਨ ਨੇ 13 ਲੱਖ 46 ਹਜ਼ਾਰ ਦੀ ਬੋਲੀ ਦੇ ਕੇ ਠੇਕਾ  ਆਪਣੇ ਨਾਂ ਕਰਵਾਇਆ।  ਇਸੇ ਤਰ੍ਹਾਂ ਕੰਟੀਨ ਦੀ ਬੋਲੀ ਲਈ ਰਿਜ਼ਰਵ ਪ੍ਰਾਈਜ਼ 12 ਲੱਖ 83  ਹਜ਼ਾਰ ਰੁਪਏ ਰੱਖੀ ਗਈ ਸੀ। ਕੰਟੀਨ ਦੀ ਬੋਲੀ 10 ਰਾਊਂਡ ਤੱਕ ਚੱਲੀ। ਅੰਤ ਵਿਚ 12 ਲੱਖ  96 ਹਜ਼ਾਰ ਰੁਪਏ ਵਿਚ ਰਵੀਕਾਂਤ ਨੂੰ ਕੰਟੀਨ ਦਾ ਠੇਕਾ ਅਲਾਟ ਕੀਤਾ ਗਿਆ। 

ਸੀ. ਐੱਮ. ਦੇ ਅੱਜ ਦੇ ਦੌਰੇ ਕਾਰਨ ਅਧਿਕਾਰੀ ਰਹਿਣਗੇ ਰੁੱਝੇ, ਜਨਤਾ ਦਾ ਕੰਮਕਾਜ ਹੋਵੇਗਾ ਪ੍ਰਭਾਵਿਤ
ਸਾਰੀਆਂ ਮਹੀਨਾਵਾਰ ਮੀਟਿੰਗਾਂ ਲੋਕ ਸਭਾ ਚੋਣਾਂ ਕਾਰਨ ਮੁਲਤਵੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ  ਜਲੰਧਰ 'ਚ ਬੂਟਾ ਮੰਡੀ 'ਚ ਇਕ ਸਮਾਗਮ ਵਿਚ ਹਿੱਸਾ ਲੈਣ ਲਈ ਆ ਰਹੇ ਹਨ। ਸੀ. ਐੱਮ. ਦੇ  ਦੌਰੇ ਨੂੰ ਲੈ ਕੇ ਉਚ ਅਧਿਕਾਰੀਆਂ ਦੇ ਨਾਲ-ਨਾਲ ਮੁਲਾਜ਼ਮਾਂ ਦੇ ਵੀ ਰੁਝੇ ਰਹਿਣ ਦੀ  ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਕਾਰਨ ਆਮ ਜਨਤਾ ਦਾ ਕੰਮ ਕਾਫੀ ਪ੍ਰਭਾਵਿਤ ਹੋ ਸਕਦਾ ਹੈ  ਤੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਥੋੜ੍ਹੀ ਉਡੀਕ ਕਰਨੀ ਪੈ ਸਕਦੀ ਹੈ। ਇਸ  ਦੇ ਨਾਲ ਹੀ ਜ਼ਿਲਾ ਪ੍ਰਸ਼ਾਸਨ ਵਲੋਂ ਇਸ ਮਹੀਨੇ ਕੀਤੀਆਂ ਜਾਣ ਵਾਲੀਆਂ ਸਾਰੀਆਂ ਮਹੀਨਾਵਾਰ  ਮੀਟਿੰਗਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ, ਜਿਸ ਦੇ ਪਿੱਛੇ ਲੋਕ ਸਭਾ ਚੋਣਾਂ ਦੀਆਂ  ਤਿਆਰੀਆਂ  ਨੂੰ ਕਾਰਨ ਦੱਸਿਆ ਜਾ ਰਿਹਾ ਹੈ।

ਡੀ. ਸੀ. ਨਾਲ ਗੱਲ ਕਰ ਕੇ ਹੀ ਅਗਲੀ ਰਣਨੀਤੀ ਹੋਵੇਗੀ ਤੈਅ : ਏ. ਡੀ. ਸੀ.
ਏ.  ਡੀ. ਸੀ. (ਜੀ) ਜਸਬੀਰ ਸਿੰਘ ਨੇ ਕਿਹ ਕਿ ਜੀ. ਐੱਸ. ਟੀ. ਕਲਾਜ ਨੂੰ ਲੈ ਕੇ ਪਾਰਕਿੰਗ  ਦੀ ਬੋਲੀ ਫਿਲਹਾਲ ਮੁਲਤਵੀ ਕੀਤੀ ਗਈ ਹੈ। ਡੀ. ਸੀ. ਨਾਲ ਗੱਲ ਕਰ ਕੇ ਜਲਦੀ ਹੀ ਨਵੀਂ ਤਰੀਕ  ਤੈਅ ਕੀਤੀ ਜਾਵੇਗੀ ਤਾਂ ਕਿ ਪਾਰਕਿੰਗ ਦੀ ਬੋਲੀ ਦੁਬਾਰਾ ਕੀਤੀ ਜਾ ਸਕੇ।


author

rajwinder kaur

Content Editor

Related News