ਉਨਾਵ ਜਬਰ-ਜ਼ਨਾਹ ਮਾਮਲੇ ''ਤੇ ਕੈਪਟਨ ਨੇ ਕੀਤਾ ਤਿੱਖਾ ਹਮਲਾ
Friday, Aug 02, 2019 - 10:22 AM (IST)

ਜਲੰਧਰ (ਧਵਨ) – ਉਨਾਵ ਜਬਰ-ਜ਼ਨਾਹ ਕਾਂਡ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਤਿੱਖਾ ਹਮਲਾ ਕਰਦਿਆਂ ਕਿਹਾ ਕਿ 'ਕੀ ਅਸੀਂ ਜੰਗਲ ਰਾਜ ਵਿਚ ਜ਼ਿੰਦਗੀ ਬਤੀਤ ਕਰ ਰਹੇ ਹਾਂ ਜਿਥੇ ਸਾਡੀਆਂ ਬੇਟੀਆਂ ਦਾ ਭਵਿੱਖ ਸੁਰੱਖਿਅਤ ਨਹੀਂ।'' ਉਨ੍ਹਾਂ ਉਕਤ ਕਾਂਡ ਦੀ ਪੀੜਤ ਕੁੜੀ ਨੂੰ ਲੈ ਕੇ ਵਾਪਰੇ ਘਟਨਾ ਚੱਕਰ 'ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਆਖਿਰ ਸੁਪਰੀਮ ਕੋਰਟ ਨੂੰ ਅੱਗੇ ਆ ਕੇ ਨਿਆਂ ਦੀ ਸਥਾਪਨਾ ਕਰਨੀ ਪਈ। ਸ਼ਰਮ ਵਾਲੀ ਗੱਲ ਇਹ ਹੈ ਕਿ ਯੂ. ਪੀ. ਸਰਕਾਰ ਇਸ ਮਾਮਲੇ 'ਚ ਪੀੜਤ ਕੁੜੀ ਦੀ ਸੁਰੱਖਿਆ ਕਰਨ 'ਚ ਬੁਰੀ ਤਰ੍ਹਾਂ ਨਾਕਾਮ ਹੋਈ। ਉਨ੍ਹਾਂ ਇਕ ਟਵੀਟ ਰਾਹੀਂ ਕਿਹਾ ਕਿ ਉਕਤ ਘਟਨਾ ਆਪਣੇ-ਆਪ 'ਚ ਹੈਰਾਨ ਕਰ ਦੇਣ ਵਾਲੀ ਹੈ। ਜੇ ਅਸੀਂ ਆਪਣੀਆਂ ਬੇਟੀਆਂ ਨੂੰ ਇਨਸਾਫ ਨਹੀਂ ਦਿਵਾ ਸਕਦੇ ਤਾਂ ਇਹ ਸਾਡੇ ਲਈ ਡੁੱਬ ਕੇ ਮਰਨ ਵਾਲੀ ਗੱਲ ਹੈ।
ਉਨ੍ਹਾਂ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਮੈਂ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ ਕਿ ਇਸ ਮਾਮਲੇ 'ਚ ਸੁਪਰੀਮ ਕੋਰਟ ਨੂੰ ਦਖਲ ਦੇ ਕੇ ਡੂੰਘਾਈ ਨਾਲ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਪੀੜਤ ਕੁੜੀ ਨੂੰ ਹਰ ਹਾਲਤ 'ਚ ਇਨਸਾਫ ਮਿਲਣਾ ਚਾਹੀਦਾ ਹੈ ਤਾਂ ਹੀ ਦੇਸ਼ ਦੇ ਲੋਕਾਂ ਦਾ ਨਿਆਇਕ ਪ੍ਰਣਾਲੀ 'ਚ ਭਰੋਸਾ ਕਾਇਮ ਰਹੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਮਾਮਲੇ 'ਚ ਹਮੇਸ਼ਾ ਪੀੜਤ ਕੁੜੀ ਦਾ ਸਾਥ ਦਿੰਦੀ ਆ ਰਹੀ ਹੈ। ਹੁਣ ਸਮਾਂ ਆ ਗਿਆ ਕਿ ਦੇਸ਼ ਦੇ ਹਰ ਸੂਬੇ 'ਚ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਕਾਨੂੰਨ ਬਣਨੇ ਚਾਹੀਦੇ ਹਨ। ਹਰ ਸੂਬੇ ਦੀ ਪੁਲਸ ਦਾ ਇਹ ਫਰਜ਼ ਬਣਦਾ ਹੈ ਕਿ ਉਹ ਅਜਿਹੇ ਘਿਨੌਣੇ ਅਪਰਾਧਾਂ 'ਚ ਸ਼ਾਮਲ ਦੋਸ਼ੀਆਂ ਨੂੰ ਕਟਹਿਰੇ 'ਚ ਖੜ੍ਹਾ ਕਰ ਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਵੇ।