ਜਲੰਧਰ : ਚਿੱਤੇਆਣੀ ਪਿੰਡ ਦੇ ਕਤਲ ਕੀਤੇ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ
Tuesday, Sep 14, 2021 - 03:58 PM (IST)
ਜਲੰਧਰ (ਮਹੇਸ਼, ਸੋਨੂੰ )-ਜਲੰਧਰ ਦੇ ਚਿੱਤੇਆਣੀ ਪਿੰਡ ਦੇ 11 ਤਾਰੀਖ਼ ਤੋਂ ਲਾਪਤਾ ਨੌਜਵਾਨ ਹਰਦੀਪ ਸਿੰਘ ਉਰਫ ਬੰਟੀ (35) ਦੀ ਲਾਸ਼ ਅੱਜ ਬਰਾਮਦ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਉਸ ਨੂੰ ਉਸ ਦੇ ਦੋ ਦੋਸਤਾਂ ਨੇ ਹੀ ਅਗਵਾ ਕਰ ਕੇ ਮਾਰ ਦਿੱਤਾ ਸੀ, ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਮੀਰਪੁਰ ਨਹਿਰ ’ਚੋਂ ਲਾਸ਼ ਬਰਾਮਦ ਕਰ ਲਈ ਹੈ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਤੋਂ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅੱਜ ਸਖਤ ਮਿਹਨਤ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਨੇ ਬੰਟੀ ਦੀ ਲਾਸ਼ ਮੀਰਪੁਰ ਨਹਿਰ ਤੋਂ ਬਰਾਮਦ ਕੀਤੀ। ਲਾਸ਼ ਪਾਣੀ ’ਚ ਵਹਿ ਕੇ ਕਾਫ਼ੀ ਦੂਰ ਚਲੀ ਗਈ ਸੀ, ਜਿਥੇ ਝਾੜੀਆਂ ’ਚ ਫਸ ਗਈ ਸੀ ਅਤੇ ਗੋਤਾਖੋਰਾਂ ਨੇ ਉਸ ਨੂੰ ਬਰਾਮਦ ਕਰ ਲਿਆ। ਮ੍ਰਿਤਕ ਦੇ ਸਰੀਰ ’ਤੇ ਸੱਟਾਂ ਦੇ ਬਹੁਤ ਨਿਸ਼ਾਨ ਸਨ।
ਇਹ ਵੀ ਪੜ੍ਹੋ : ਜ਼ਮਾਨਤ ਲਈ ਹਾਈਕੋਰਟ ਪਹੁੰਚੇ ਗੁਰਦਾਸ ਮਾਨ
ਬੰਟੀ ਦੇ ਭਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ 11 ਤਾਰੀਖ਼ ਨੂੰ ਦੁਪਹਿਰ 3 ਵਜੇ ਘਰੋਂ ਨਿਕਲਿਆ ਸੀ ਅਤੇ ਦੁਬਾਰਾ ਵਾਪਸ ਨਹੀਂ ਆਇਆ। ਸੀ. ਸੀ. ਟੀ. ਵੀ. ਕੈਮਰੇ ’ਚ ਉਹ ਆਪਣੇ ਦੋਸਤ ਨਾਲ ਜਾਂਦਾ ਦਿਖਿਆ, ਉਸ ਨੂੰ ਬੀਤੀ ਰਾਤ ਪੁਲਸ ਨੇ ਚੁੱਕ ਲਿਆ ਅਤੇ ਪੁੱਛਗਿੱਛ ਕੀਤੀ। ਉਸ ਨੇ ਦੱਸਿਆ ਕਿ ਉਨ੍ਹਾਂ ਬੰਟੀ ਨੂੰ ਮਾਰਨ ਤੋਂ ਬਾਅਦ ਲਾਸ਼ ਨੂੰ ਨਹਿਰ ’ਚ ਸੁੱਟ ਦਿੱਤਾ। ਲਾਸ਼ ਬਰਾਮਦ ਕਰਨ ਗਏ ਥਾਣਾ ਸਦਰ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਨਿਸ਼ਾਨਦੇਹੀ ਕਰ ਦਿੱਤੀ ਸੀ ਕਿ ਲਾਸ਼ ਕਿੱਥੇ ਸੁੱਟੀ ਹੈ ਪਰ ਪਾਣੀ ਦੇ ਵਹਾਅ ਨਾਲ ਲਾਸ਼ ਅੱਗੇ ਆ ਗਈ। ਅਲਬਰਟ ਤੇ ਟੋਨੀ ਨਾਂ ਦੇ ਭਰਾਵਾਂ ਨੇ ਕਤਲ ਕਰਨਾ ਕਬੂਲ ਕਰ ਲਿਆ ਹੈ। ਕਤਲ ਦੇ ਕਾਰਨ ਦਾ ਪਤਾ ਪੁੱਛਗਿੱਛ ’ਚ ਲੱਗੇਗਾ।