ਜਲਾਲਾਬਾਦ: ਸੀਮਾਪੱਟੀ ਪਿੰਡਾਂ ਦੇ ਖੇਤੀਬਾੜੀ ਰਕਬੇ 'ਚ ਪੁੱਜਾ ਸਤਲੁਜ ਦਰਿਆ ਦਾ ਪਾਣੀ (ਤਸਵੀਰਾਂ)

08/19/2019 1:53:35 PM

ਜਲਾਲਾਬਾਦ (ਸੇਤੀਆ, ਸੁਮਿਤ, ਗੁਲਸ਼ਨ) - ਬੀਤੇ ਦਿਨੀਂ ਹਰੀਕੇ ਹੈੱਡ ਤੋਂ ਸਤਲੁਜ ਦਰਿਆ ਦਾ ਜਲ ਪੱਧਰ ਵੱਧ ਜਾਣ ਕਾਰਨ ਛੱਡੇ ਗਏ ਪਾਣੀ ਮਗਰੋਂ ਸੀਮਾਪੱਟੀ ਪਿੰਡਾਂ ਦੇ ਖੇਤੀਬਾੜੀ ਰਕਬੇ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆ ਚੁੱਕੇ ਹਨ। ਦਰਿਆਈ ਇਲਾਕਿਆਂ ਅੰਦਰ ਕਿਸਾਨਾਂ ਵਲੋਂ ਬਿਜਾਈ ਗਈ ਝੋਨੇ, ਹਰੇ ਚਾਰੇ, ਸਬਜ਼ੀਆਂ ਅਤੇ ਕਮਾਦ ਦੀ ਫਸਲ ਪਾਣੀ ਦੀ ਮਾਰ ਕਾਰਨ ਨੁਕਸਾਨੀ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਬੋਦਲ ਪੀਰੇਕੇ, ਢਾਣੀ ਨੱਥਾ ਸਿੰਘ, ਮਹਿਮੂਦ ਖਾਨਕੇ, ਗੱਟੀ ਅਜੈਬ ਸਿੰਘ, ਨੌ ਬਹਿਰਾਮ ਸ਼ੇਰ ਸਿੰਘ ਵਾਲਾ ਅਤੇ ਢਾਣੀ ਫੂਲਾ ਸਿੰਘ ਤੋਂ ਇਲਾਵਾ ਕਰੀਬ ਇਕ ਦਰਜਨ ਤੋਂ ਇਲਾਵਾ ਬਹੁਤ ਸਾਰੇ ਪਿੰਡ ਅਜਿਹੇ ਹਨ, ਜੋ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆਉਂਦੇ ਹਨ।

PunjabKesari

ਪਿੰਡ ਬੋਦਲ ਪੀਰੇ ਕੇ ਦੇ ਕਿਸਾਨ ਰਮੇਸ਼ ਸਿੰਘ, ਗੁਰਦੇਵ ਸਿੰਘ, ਮਹਿੰਦਰ ਸਿੰਘ, ਗੁਰਦੀਪ ਸਿੰਘ ਨੇ ਦੱਸਿਆ ਕਿ ਹੜ੍ਹਾਂ ਦੇ ਪਾਣੀ ਕਾਰਨ ਉਨ੍ਹਾਂ ਦੀ ਬਿਜਾਈ ਕੀਤੀ ਗਈ ਫਸਲ ਤਬਾਹ ਹੋ ਗਈ ਹੈ। ਝੋਨਾ, ਹਰਾ ਚਾਰਾ, ਸਬਜ਼ੀਆਂ ਅਤੇ ਹੋਰ ਬਹੁਤ ਸਾਰਿਆਂ ਫਸਲਾਂ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਗੁਰੂਹਰਸਹਾਏ ਦੇ ਐੱਸ.ਡੀ.ਐੱਮ. ਕੁਲਦੀਪ ਬਾਵਾ ਨੇ ਦੱਸਿਆ ਕਿ ਗੁਰੂਹਰਸਹਾਏ ਹਲਕੇ ਅੰਦਰ 27 ਪਿੰਡ ਦਰਿਆਈ ਪਾਣੀ ਦੀ ਮਾਰ ਹੇਠ ਆ ਰਹੇ ਹਨ, ਜਿਨ੍ਹਾਂ ਦੀ ਸੁਰੱਖਿਆਂ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ।

PunjabKesari

ਪਿੰਡਾਂ ਦੇ ਲੋਕਾਂ ਦੇ ਠਹਿਰਣ ਲਈ ਖਾਣ ਪੀਣ ਅਤੇ ਸਿਹਤ ਸੇਵਾਵਾਂ ਤੇ ਡਾਕਟਰ ਦੀਆਂ ਟੀਮਾਂ ਬਿਲਕੁਲ ਤਿਆਰ ਹਨ ਅਤੇ ਗੁਰੂਹਰਸਹਾਏ ਅੰਦਰ 6 ਥਾਵਾਂ 'ਤੇ ਕੈਂਪ ਬਣਾਏ ਗਏ ਹਨ। ਫਾਜ਼ਿਲਕਾ ਦੇ ਡੀ.ਸੀ. ਮਨਪ੍ਰੀਤ ਸਿੰਘ ਛੱਤਵਾਲ ਅਤੇ ਵਿਧਾਇਕ ਦਵਿੰਦਰ ਘੁਬਾਇਆ ਨੇ ਸੀਮਾਪੱਟੀ ਦੇ ਪਿੰਡ ਮੁਹਾਰ ਖੀਵਾ, ਮਨਸਾ, ਮਹਾਤਮ ਨਜਰ, ਮੁਹਾਰ ਜਮਸ਼ੇਦ ਅਤੇ ਹੋਰ ਅੱਧਾ ਦਰਜਨ ਪਿੰਡਾਂ ਦਾ ਦੌਰਾ ਕੀਤਾ। ਦੌਰੇ ਦੌਰਾਨ ਉਨ੍ਹਾਂ ਨੇ ਡ੍ਰੇਨ ਵਿਭਾਗ, ਸਿਵਿਲ ਪ੍ਰਸ਼ਾਸਨ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਹੜ੍ਹਾਂ ਦੇ ਪਾਣੀ ਨਾਲ ਨਿਜੱਠਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ।

PunjabKesari

ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਫਾਜ਼ਿਲਕਾ ਸੁਭਾਸ਼ ਖੱਟਕ, ਨਾਇਬ ਤਹਿਸੀਲਦਾਰ ਵਿਜੇ ਬਹਿਲ ਤੋਂ ਇਲਾਵਾ ਸਮੁੱਚੇ ਪ੍ਰਸ਼ਾਨਿਕ ਅਧਿਕਾਰੀ ਮੌਜੂਦ ਸਨ। ਡੀ.ਸੀ. ਤੇ ਵਿਧਾਇਕ ਦਵਿੰਦਰ ਘੁਬਾਇਆ ਨੇ ਸੀਮਾਪੱਟੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹਾਂ ਦੇ ਪਾਣੀ ਆਉਣ ਨਾਲ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ ਲੋਕ ਪਿੰਡਾਂ 'ਚ ਬਣੀਆਂ ਯੂਥ ਕਲੱਬਾਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਭਵਿੱਖ 'ਚ ਚੁਨੌਤੀਆਂ ਡਟ ਕੇ ਸਾਹਮਣਾ ਕੀਤਾ ਜਾ ਸਕੇ।


rajwinder kaur

Content Editor

Related News