ਅਣਪਛਾਤੇ ਨੌਜਵਾਨ ਨੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਲਾਈ ਅੱਗ

12/19/2019 1:08:34 PM

ਜਲਾਲਾਬਾਦ (ਨਿਖੰਜ, ਜਤਿੰਦਰ) - ਸਥਾਨਕ ਦਸਮੇਸ਼ ਨਗਰੀ ’ਚ ਬੀਤੀ ਰਾਤ ਇਕ ਅਣਪਛਾਤੇ ਨੌਜਵਾਨ ਵਲੋਂ ਘਰ ਦੇ ਬਾਹਰ ਖੜ੍ਹੀ ਡਿਜ਼ਾਇਰ ਕਾਰ ਨੂੰ ਅੱਗ ਲਗਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕਾਰ ਦੇ ਮਾਲਕ ਨੇ ਇਸ ਘਟਨਾ ਦੀ ਸੂਚਨਾ ਸਬੰਧਤ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੂੰ ਦਿੱਤੀ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਛਾਬੜਾ ਪੁੱਤਰ ਦਲੀਪ ਸਿੰਘ ਦੀ ਡਿਜ਼ਾਇਰ ਕਾਰ ਉਸ ਦੇ ਘਰ ਦੇ ਬਾਹਰ ਖੜ੍ਹੀ ਸੀ। ਰਾਤ ਕਰੀਬ 10 ਕੁ ਵਜੇ ਇਕ ਨੌਜਵਾਨ ਆਇਆ, ਜਿਸ ਨੇ ਕਾਰ ਦੇ ਹੇਠਾਂ ਤੇਲ ਨਾਲ ਭਿੱਜੀ ਹੋਈ ਬੋਰੀ ਰੱਖ ਕੇ ਉਸ ਨੂੰ ਅੱਗ ਲੱਗਾ ਦਿੱਤੀ। 

ਅੱਗ ਲੱਗਣ ਨਾਲ ਇਲਾਕੇ ’ਚ ਭਾਂਬੜ ਮਚ ਗਿਆ ਅਤੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਉਪਰੋਕਤ ਘਟਨਾ ਸਥਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਪਰ ਨੌਜਵਾਨ ਦਾ ਮੂੰਹ ਬੰਨ੍ਹੇ ਅਤੇ ਕੈਮਰੇ ਤੋਂ ਕਾਫੀ ਦੂਰ ਹੋਣ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ। ਥਾਣਾ ਸਿਟੀ ਦੀ ਪੁਲਸ ਨੂੰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਟੈਕਸੀ ਸਟੈਂਡ ਦੇ 2 ਵਿਅਕਤੀਆਂ ’ਤੇ ਸ਼ੱਕ ਹੈ, ਕਿਉਂਕਿ ਉਹ ਬੰਦੇ ਕੁਝ ਦਿਨ ਪਹਿਲਾਂ ਕਿਸੇ ਗੱਲੋਂ ਮੇਰੇ ਪੁੱਤਰ ਨਾਲ ਝਗੜੇ ਸਨ। ਇਸੇ ਰੰਜਿਸ਼ ਕਾਰਨ ਉਨ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਲੱਗਦਾ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਨੂੰ ਅੱਗ ਲੱਗੀ ਦੇਖ ਘਰ ਦੀ ਕੁੜੀ ਭੱਜ ਕੇ ਬਾਹਰ ਆ ਗਈ ਅਤੇ ਉਸ ਤੋਂ ਬਾਅਦ ਇਕੱਤਰ ਹੋਏ ਮੁਹੱਲਾ ਵਾਸੀਆਂ ਨੇ ਤੁਰੰਤ ਅੱਗ ’ਤੇ ਕਾਬੂ ਪਾ ਲਿਆ ਪਰ ਗੱਡੀ ਸੜ ਕੇ ਸੁਆਹ ਹੋ ਗਈ। ਇਸ ਮਾਮਲੇ ਦੇ ਸਬੰਧ ’ਚ ਥਾਣਾ ਸਿਟੀ ਜਲਾਲਾਬਾਦ ਦੇ ਐੱਸ.ਐੱਚ.ਓ. ਲੇਖ ਰਾਜ ਬੱਟੀ ਨੇ ਮਾਮਲੇ ਦੀ ਤਫਤੀਸ਼ ਕਰਨ ਦੀ ਗੱਲ ਕਹੀ।


rajwinder kaur

Content Editor

Related News