ਸਿਆਸੀ ਕਰੀਅਰ ਦੀ ਮੁੜ ਉਸਾਰੀ ਲਈ ਜਾਖੜ ਨੇ ਮਿਲਾਇਆ ਭਾਜਪਾ ਨਾਲ ਹੱਥ

05/20/2022 6:06:16 PM

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋਣ ਦੇ ਕਦਮ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਗੁਰਦਾਸਪੁਰ ਦੇ ਸਾਬਕਾ ਸੰਸਦ ਮੈਂਬਰ ਦਾ ਕਾਂਗਰਸ ਨਾਲ ਰਿਸ਼ਤਾ ਉਸ ਵੇਲੇ ਖ਼ਤਮ ਹੋ ਗਿਆ ਸੀ ਜਦੋਂ ਪਾਰਟੀ ਲੀਡਰਸ਼ਿਪ ਨੇ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਸੀ। ਅਸੰਤੁਸ਼ਟ ਆਗੂ ਦੇ ਭਾਜਪਾ ਵਿਚ ਸ਼ਾਮਲ ਹੋਣ ਦੀ ਜੁਗਤ ਨੂੰ ਉਸ ਵੱਲੋਂ ਸਿਆਸੀ ਕਰੀਅਰ ਦੀ ਮੁੜ ਉਸਾਰੀ ਵਜੋਂ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ਭਾਜਪਾ ਇਕ ਪ੍ਰਮੁੱਖ ਹਿੰਦੂ ਚਿਹਰੇ ਵਜੋਂ ਲਾਭ ਲੈਣ ਦੀ ਤਿਆਰੀ ਕਰ ਰਹੀ ਹੈ। ਜਾਖੜ ਜੋ ਕੁਝ ਮਹੀਨੇ ਪਹਿਲਾਂ ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਸੀ ਅਤੇ ਫਿਰ ਵਿਧਾਨ ਸਭਾ ਚੋਣਾਂ ਲਈ ਆਪਣੀ ਪ੍ਰਚਾਰ ਕਮੇਟੀ ਦੀ ਅਗਵਾਈ ਕਰ ਰਹੇ ਸਨ ਹੁਣ ਉਹ ਭਾਜਪਾ ਦੀ ਸਿਆਸਤ ਨੂੰ ਪੰਜਾਬ ’ਚ ਵੱਡੇ ਪੱਧਰ ’ਤੇ ਅੱਗੇ ਲੈ ਕੇ ਜਾਣ ਲਈ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। 

ਇਹ ਵੀ ਪੜ੍ਹੋ- ਸੁਪਰੀਮ ਕੋਰਟ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਨਵਜੋਤ ਸਿੱਧੂ ਨੂੰ ਦਿੱਤਾ ਵੱਡਾ ਝਟਕਾ

ਭਗਵਾ ਪਾਰਟੀ, ਜਿਸਦੀ ਮੌਜੂਦਗੀ ਪੰਜਾਬ ਦੇ ਜ਼ਿਆਦਾਤਰ ਸ਼ਹਿਰੀ ਹਲਕਿਆਂ ਤੱਕ ਸੀਮਤ ਹੈ, ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਲੈ ਕੇ ਸਤੰਬਰ 2020 ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਟੁੱਟਣ ਤੋਂ ਬਾਅਦ ਤੋਂ ਹੀ ਭਾਜਪਾ ਆਪਣੇ ਆਪ ਨੂੰ ਪੰਜਾਬ ਵਿਚ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੇ ਤਿੱਖੇ ਆਲੋਚਕ ਰਹੇ ਅਤੇ ਅਬੋਹਰ ਅਤੇ ਗੁਰਦਾਸਪੁਰ ਦੀਆਂ ਸਾਰੀਆਂ ਚੋਣਾਵੀ ਲੜਾਈਆਂ ਵਿਚ ਭਾਜਪਾ ਨਾਲ ਸਿੱਧੀ ਟੱਕਰ ਲੈਣ ਵਾਲੇ ਤਿੰਨ ਵਾਰ ਦੇ ਸਾਬਕਾ ਵਿਧਾਇਕ ਰਹੇ ਸੁਨੀਲ ਜਾਖੜ ਨਿਸ਼ਚਤ ਤੌਰ 'ਤੇ ਭਾਜਪਾ ਲਈ ਵੱਡੇ ਫਾਇਦਾ ਦਾ ਸੌਦਾ ਸਾਬਤ ਹੋ ਸਕਦੇ ਹਨ। 

ਇਹ ਵੀ ਪੜ੍ਹੋ- ਪਟਵਾਰੀਆਂ ਦੀ ਭਰਤੀ ਨੂੰ ਲੈ ਕੇ ਰਾਜਾ ਵੜਿੰਗ ਦੇ ਸਵਾਲਾਂ 'ਤੇ ਬ੍ਰਹਮ ਸ਼ੰਕਰ ਜਿੰਪਾ ਦਾ ਤਿੱਖਾ ਪ੍ਰਤੀਕਰਮ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਾਖੜ ਨੇ ਐਲਾਨ ਕੀਤਾ ਸੀ ਕਿ ਉਹ “ਸਰਗਰਮ ਰਾਜਨੀਤੀ” ਛੱਡ ਰਹੇ ਹਨ। ਉਨ੍ਹਾਂ ਦੇ ਨੇੜਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਭਾਜਪਾ ਵਿਚ ਸ਼ਾਮਲ ਹੋਣਾ ਸਪੱਸ਼ਟ ਸੰਕੇਤ ਹੈ ਕਿ ਉਹ ਸਰਗਰਮ ਸਿਆਸਤ ਵਿਚ ਵਾਪਸੀ ਕਰ ਰਹੇ ਹਨ। ਜਾਖੜ, ਜਿਨ੍ਹਾਂ ਨੂੰ 2021 ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨਗੀ ਤੋਂ ਲਾਂਭੇ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਲਗਾ ਦਿੱਤਾ ਗਿਆ ਸੀ, ਉਦੋਂ ਤੋਂ ਹੀ ਜਾਖੜ ਨਾਰਾਜ਼ ਚੱਲਦੇ ਆ ਰਹੇ ਸਨ। ਇਸ ਤੋਂ ਇਲਾਵਾ ਜਦੋਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਜਾਖੜ ਨੂੰ ਦਰਕਿਨਾਰ ਕਰਕੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਲਗਾ ਦਿੱਤਾ ਗਿਆ, ਉਦੋਂ ਜਾਖੜ ਦੀ ਨਾਰਾਜ਼ਗੀ ਹੋਰ ਵੀ ਵੱਧ ਗਈ ਸੀ। ਜਾਖੜ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ 80 ਵਿੱਚੋਂ 42 ਵਿਧਾਇਕ ਚਾਹੁੰਦੇ ਸਨ ਕਿ ਉਹ ਮੁੱਖ ਮੰਤਰੀ ਬਣਨ ਪਰ ਹਿੰਦੂ ਹੋਣ ਕਾਰਨ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਨਹੀਂ ਸੌਂਪੀ ਗਈ। 

ਇਹ ਵੀ ਪੜ੍ਹੋ- ਜਾਖੜ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਪੰਜਾਬ ਅੰਦਰ ਭਾਜਪਾ ਹੋਰ ਮਜ਼ਬੂਤ ਹੋਵੇਗੀ : ਅਰਵਿੰਦ ਖੰਨਾ

ਇਸ ਦਰਮਿਆਨ ਕਾਂਗਰਸ ਨੇ ਪਿਛਲੇ ਮਹੀਨੇ ਜਾਖੜ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਜਿਸ ਦਾ ਜਾਖੜ ਨੇ ਵਿਰੋਧ ਵੀ ਕੀਤਾ ਅਤੇ ਕੋਈ ਜਵਾਬ ਨਹੀਂ ਦਿੱਤਾ। ਫਿਰ ਪਾਰਟੀ ਨੇ ਉਨ੍ਹਾਂ ਨੂੰ ਦੋ ਸਾਲਾਂ ਲਈ ਸਾਰੇ ਅਹੁਦਿਆਂ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਸੀ।  ਇਸ ਤੋਂ ਬਾਅਦ ਇਹ ਸੁਣਨ ਨੂੰ ਮਿਲ ਰਿਹਾ ਸੀ ਕਿ ਭਾਜਪਾ ਦੇ ਸੀਨੀਅਰ ਆਗੂ ਜਾਖੜ ਦੇ ਸੰਪਰਕ ਵਿਚ ਸਨ ਜਦੋਂ ਕਾਂਗਰਸ ਨੇ ਪਿਛਲੇ ਮਹੀਨੇ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਸੀ। ਜਾਖੜ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਕਾਂਗਰਸ ਨੂੰ ਅਲਵਿਦਾ ਆਖਦਿਆਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ’ਤੇ ਵੱਡੇ ਦੋਸ਼ ਲਗਾਏ ਸਨ। ਹੁਣ ਜਦੋਂ ਜਾਖੜ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ ਅਤੇ ਪਤਾ ਲੱਗਾ ਹੈ ਕਿ ਭਾਜਪਾ ਉਨ੍ਹਾਂ ਨੂੰ ਪੰਜਾਬ ਵਿਚ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ. ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News