ਕੈਸ਼ ਵੈਨ ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ ਗਿਰੋਹ ਭੇਜਿਆ ਜੇਲ

11/18/2017 12:16:02 AM

ਨਵਾਂਸ਼ਹਿਰ, (ਤ੍ਰਿਪਾਠੀ)- ਸੀ. ਆਈ. ਏ. ਸਟਾਫ ਦੀ ਪੁਲਸ ਵੱਲੋਂ ਕੈਸ਼ ਵੈਨ ਲੁੱਟਣ ਦੀ ਯੋਜਨਾ ਬਣਾਉਂਦੇ ਗ੍ਰਿਫਤਾਰ ਕੀਤੇ ਗਏ ਗਿਰੋਹ ਦੇ 5 ਮੈਂਬਰਾਂ ਨੂੰ ਅੱਜ 3 ਦਿਨਾਂ ਦੇ ਪੁਲਸ ਰਿਮਾਂਡ ਉਪਰੰਤ ਬਲਾਚੌਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਅਦਾਲਤ ਦੇ ਆਦੇਸ਼ਾਂ 'ਤੇ ਗ੍ਰਿਫਤਾਰ ਮੁਲਜ਼ਮਾਂ ਨੂੰ ਲੁਧਿਆਣੇ ਦੀ ਜੇਲ 'ਚ ਭੇਜ ਦਿੱਤਾ ਗਿਆ। ਪੁਲਸ ਰਿਮਾਂਡ ਦੌਰਾਨ ਹੋਏ ਕਿਸੇ ਵੀ ਖੁਲਾਸੇ ਦੀ ਪੁਲਸ ਨੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਤੇ ਨਾ ਹੀ ਕੋਈ ਰਿਕਵਰੀ ਦਿਖਾਈ।
ਜ਼ਿਕਰਯੋਗ ਹੈ ਕਿ ਪੁਲਸ ਨੇ ਇਕ ਮੁਖ਼ਬਰ ਖ਼ਾਸ ਦੀ ਸੂਚਨਾ ਦੇ ਆਧਾਰ 'ਤੇ ਕੈਸ਼ ਵੈਨ ਲੁੱਟਣ ਦੀ ਯੋਜਨਾ ਬਣਾ ਰਹੇ ਲੁਟੇਰਾ ਗਿਰੋਹ ਦੇ ਮਿਥਲੇਸ਼ ਕੁਮਾਰ ਮੂਲ ਵਾਸੀ ਬਿਹਾਰ, ਨੰਦਿਸ਼ ਪੁੱਤਰ ਕਸ਼ਮੀਰੀ ਲਾਲ ਵਾਸੀ ਬਲਾਚੌਰ, ਪ੍ਰਭਜੋਤ ਸਿੰਘ ਉਰਫ਼ ਲਵਲੀ ਪੁੱਤਰ ਜਗਤਾਰ ਸਿੰਘ ਵਾਸੀ ਮਹਿਰਮਪੁਰ (ਨਵਾਂਸ਼ਹਿਰ), ਮਲਕੀਤ ਸਿੰਘ ਉਰਫ਼ ਗਾਂਧੀ ਪੁੱਤਰ ਸਾਧ ਸਿੰਘ ਵਾਸੀ ਰੋਪੜ ਤੇ ਰਾਮਪਾਲ ਉਰਫ਼ ਬੰਟੀ ਪੁੱਤਰ ਅਰਜਨ ਸਿੰਘ ਨੂੰ ਗ੍ਰਿਫਤਾਰ ਕਰ ਕੇ 315 ਬੋਰ ਦੇ 2 ਪਿਸਤੌਲ, 8 ਜ਼ਿਦਾ ਕਾਰਤੂਸ, 2 ਦਾਤ, ਕਿਰਪਾਨ ਤੇ ਮੋਟਰਸਾਈਕਲ ਬਰਾਮਦ ਕੀਤਾ ਸੀ। ਹਾਲਾਂਕਿ ਗਿਰੋਹ ਦਾ ਮੁਖੀਆ ਜਗਦੀਸ਼ ਉਰਫ਼ ਦੀਸ਼ਾ ਨੂੰ ਪੁਲਸ ਅਜੇ ਤੱਕ ਗ੍ਰਿਫਤਾਰ ਕਰ ਸਕਣ 'ਚ ਅਸਫ਼ਲ ਰਹੀ ਹੈ।
ਇਸੇ ਤਰ੍ਹਾਂ ਪੁਲਸ ਵੱਲੋਂ ਭਾਰਤੀ ਸੈਨਾ 'ਚ ਡਿਊਟੀ ਦੇ ਰਹੇ ਇਕ ਸੈਨਿਕ ਨੂੰ ਵੀ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ, ਜਿਸ ਸੰਬੰਧ 'ਚ ਪੁਲਸ ਦਾ ਕਹਿਣਾ ਹੈ ਕਿ ਉਸ ਦੇ ਯੂਨਿਟ ਨੂੰ ਪੱਤਰ ਭੇਜ ਕੇ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਪਰੰਤ ਉਸ ਦੀ ਗ੍ਰਿਫਤਾਰੀ ਹੋ ਸਕੇਗੀ।


Related News