420 ਦੇ ਦੋਸ਼ ''ਚ ਪੰਜਾਬੀ ਗਾਇਕ ਨੂੰ ਇਕ ਸਾਲ ਦੀ ਸਜ਼ਾ
Wednesday, Jul 19, 2017 - 06:52 AM (IST)
ਮਾਨਸਾ(ਮਿੱਤਲ)- ਜ਼ਿਲਾ ਮਾਨਸਾ ਦੀ ਇਕ ਅਦਾਲਤ ਵੱਲੋਂ ਇਕ ਪੰਜਾਬੀ ਗਾਇਕ ਨੂੰ ਕਬੂਤਰਬਾਜ਼ੀ ਦੇ ਦੋਸ਼ 'ਚ ਸਜ਼ਾ ਦਾ ਫ਼ੈਸਲਾ ਸੁਣਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮਈ 2008 'ਚ ਦਰਸ਼ਨ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਮੋਹਰ ਸਿੰਘ ਵਾਲਾ ਨੇ ਆਪਣੇ ਲੜਕੇ ਨਿਰਮਲ ਸਿੰਘ ਨੂੰ ਬਾਹਰ ਭੇਜਣ ਲਈ ਪੰਜਾਬੀ ਗਾਇਕ ਅਰਸ਼ਦੀਪ ਸਿੰਘ ਚੋਟੀਆਂ ਤੇ ਸੇਵਕ ਦਾਸ ਪੁੱਤਰ ਹਰੀ ਰਾਮ ਵਾਸੀ ਕਲੀਪੁਰ ਡੁੰਮ ਨਾਲ ਡੇਢ ਲੱਖ ਰੁਪਏ 'ਚ ਗੱਲ ਕੀਤੀ ਸੀ। ਇਸ ਉਪਰੰਤ ਦਰਸ਼ਨ ਸਿੰਘ ਨੇ 5 ਮਈ 2008 ਨੂੰ ਡੇਢ ਲੱਖ ਰੁਪਏ ਉਨ੍ਹਾਂ ਨੂੰ ਦੇ ਦਿੱਤੇ ਪਰ ਨਾ ਤਾਂ ਉਨ੍ਹਾਂ ਨਿਰਮਲ ਨੂੰ ਬਾਹਰ ਭੇਜਿਆ ਅਤੇ ਨਾ ਹੀ ਡੇਢ ਲੱਖ ਰੁਪਏ ਵਾਪਸ ਕੀਤੇ। ਇਸ ਸਬੰਧੀ ਥਾਣਾ ਭੀਖੀ ਦੀ ਪੁਲਸ ਨੇ 19 ਨਵੰਬਰ 2009 ਨੂੰ ਦਰਸ਼ਨ ਸਿੰਘ ਦੇ ਬਿਆਨਾਂ 'ਤੇ ਉਕਤ ਦੋਵਾਂ ਖਿਲਾਫ਼ ਧਾਰਾ 420 ਅਤੇ 24 ਇਮੀਗ੍ਰੇਸ਼ਨ ਦੇ ਤਹਿਤ ਮਾਮਲਾ ਨੰ. 132 ਦਰਜ ਕਰ ਕੇ ਸੁਣਵਾਈ ਦੇ ਲਈ ਮਾਣਯੋਗ ਅਦਾਲਤ 'ਚ ਪੇਸ਼ ਕੀਤਾ, ਜਿਥੇ ਇਸ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਜਗਦੀਪ ਸੂਦ ਦੀ ਅਦਾਲਤ ਵੱਲੋਂ ਗਾਇਕ ਅਰਸ਼ਦੀਪ ਚੋਟੀਆਂ ਨੂੰ ਇਕ ਸਾਲ ਦੀ ਸਜ਼ਾ ਤੇ 4 ਹਜ਼ਾਰ ਰੁਪਏ ਜੁਰਮਾਨੇ ਦਾ ਫ਼ੈਸਲਾ ਸਣਾਇਆ ਗਿਆ ਹੈ, ਜਦਕਿ ਸੇਵਕ ਦਾਸ ਨੂੰ ਬਾ–ਇੱਜ਼ਤ ਬਰੀ ਕਰ ਦਿੱਤਾ ਗਿਆ ਹੈ।
