ਹਨੀਮੂਨ ਲਈ ਸਿੰਗਾਪੁਰ ਜਾਣ ਦੀ ਤਿਆਰੀ ਕਰ ਰਿਹਾ ਸੀ ਜਗਤਾਰ

11/09/2017 5:23:40 AM

ਜਲੰਧਰ(ਹਿਮਾਂਸ਼ੂ ਗਾਬਾ) : ਪੰਜਾਬ ਵਿਚ ਹਿੰਦੂ ਨੇਤਾਵਾਂ ਦੀ ਹੱਤਿਆ ਦੇ ਦੋਸ਼ ਵਿਚ ਫੜਿਆ ਗਿਆ ਇੰਗਲੈਂਡ ਦਾ ਨਿਵਾਸੀ ਜਗਤਾਰ ਸਿੰਘ ਆਪਣੀ ਨਵੀਂ ਨਿਵੇਲੀ ਦੁਲਹਨ  ਨਾਲ ਸਿੰਗਾਪੁਰ ਵਿਚ ਹਨੀਮੂਨ 'ਤੇ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਸ ਨੇ ਉਸਨੂੰ ਇਕ ਖੁਫੀਆ ਸੂਚਨਾ ਦੇ ਆਧਾਰ 'ਤੇ ਚੁੱਕ ਲਿਆ। ਜਗਤਾਰ ਸਿੰਘ ਦਾ ਵਿਆਹ ਨਕੋਦਰ ਦੇ ਨੇੜੇ ਪਿੰਡ ਸੋਹਲ ਜਗੀਰ ਵਿਚ 18 ਅਕਤੂਬਰ ਨੂੰ ਹੋਇਆ ਸੀ। ਉਸਦੀ ਸੱਸ ਅਮਨਦੀਪ ਕੌਰ ਨੇ ਜਗ ਬਾਣੀ ਨਾਲ ਬੁੱਧਵਾਰ ਨੂੰ ਗੱਲਬਾਤ ਦੌਰਾਨ ਦੋਸ਼ ਲਗਾਇਆ ਕਿ ਪੁਲਸ ਨੇ ਜਗਤਾਰ ਨੂੰ ਝੂਠੇ ਮਾਮਲੇ ਵਿਚ ਫਸਾਇਆ ਹੈ ਕਿਉਂਕਿ ਉਸਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਅਸੀਂ ਵਿਆਹ ਤੋਂ ਪਹਿਲਾਂ ਵੀ ਉਸਦੇ ਬਾਰੇ ਪੂਰੀ ਜਾਂਚ ਕੀਤੀ ਸੀ ਅਤੇ ਪਰਿਵਾਰ ਦੇ ਮੈਂਬਰ ਇੰਗਲੈਂਡ ਵਿਚ ਜਾ ਕੇ ਉਸਦਾ ਕਾਰੋਬਾਰ ਵੀ ਦੇਖ ਆਏ ਸੀ। ਜਗਤਾਰ ਦਾ ਇਕ ਭਰਾ ਵਕੀਲ ਹੈ। ਜੇਕਰ ਪੁਲਸ ਦੇ ਕੋਲ ਉਸਦੇ ਵਿਰੁੱਧ ਸੱਚਮੁਚ ਪ੍ਰਮਾਣ ਹਨ ਤਾਂ ਉਸਨੂੰ ਇਨ੍ਹਾਂ ਪ੍ਰਮਾਣਾਂ ਦਾ ਖੁਲਾਸਾ ਕਰਨਾ ਚਾਹੀਦਾ ਹੈ। ਸਾਨੂੰ ਪੁਲਸ ਦੀ ਕਹਾਣੀ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਜਗਤਾਰ ਵਿਆਹ ਲਈ 2 ਅਕਤੂਬਰ ਨੂੰ ਭਾਰਤ ਆਇਆ ਸੀ। ਇਸ ਤੋਂ ਪਹਿਲਾਂ ਉਸਦਾ ਅਪ੍ਰੈਲ ਵਿਚ ਵੀ ਭਾਰਤ ਆਉਣ ਦਾ ਪ੍ਰੋਗਰਾਮ ਬਣਿਆ ਸੀ ਅਤੇ ਉਹ ਉਥੇ ਕੁਝ ਦਿਨ ਰੁਕ ਗਿਆ ਸੀ। ਅਪ੍ਰੈਲ ਵਿਚ ਭਾਰਤ ਆਉਣ ਤੋਂ ਪਹਿਲਾਂ ਉਹ 8 ਸਾਲ ਤੋਂ ਇੰਗਲੈਂਡ ਵਿਚ ਹੀ ਸੀ। ਅਮਨਦੀਪ ਕੌਰ ਨੇ ਦੱਸਿਆ ਕਿ ਜਿਸ ਸਮੇਂ ਪੁਲਸ ਨੇ ਜਗਤਾਰ ਨੂੰ ਗ੍ਰਿਫਤਾਰ ਕੀਤਾ,ਉਸ ਸਮੇਂ ਉਸਦੀ ਭੈਣ ਅਤੇ ਉਸਦੀ ਪਤਨੀ ਉਸਦੇ ਨਾਲ ਸਨ। ਪੁਲਸ ਜਗਤਾਰ ਨੂੰ ਲੈ ਗਈ ਅਤੇ ਸਾਨੂੰ ਦੱਸਿਆ ਕਿ ਉਹ ਫਰੀਦਕੋਟ ਵਿਚ ਹੈ ਪਰ ਬਾਅਦ ਵਿਚ ਸਾਨੂੰ ਪਤਾ ਲੱਗਾ ਕਿ ਪੁਲਸ ਉਸਨੂੰ ਮੋਗਾ ਲੈ ਗਈ ਹੈ। 


Related News