ਅੱਤਵਾਦੀ ਹਵਾਰਾ ਖਿਲਾਫ ਦੋਸ਼ ਪੱਤਰ ਨਹੀਂ ਦਾਖਲ ਕਰ ਸਕੀ ਮੋਗਾ ਪੁਲਸ
Wednesday, Nov 22, 2017 - 06:33 AM (IST)
ਮਾਮਲਾ ਸਾਢੇ 12 ਸਾਲ ਪਹਿਲਾਂ ਪੁਲਸ ਮੁਲਾਜ਼ਮ 'ਤੇ ਗੋਲੀ ਚਲਾਉਣ ਦਾ
ਮੋਗਾ(ਪਵਨ ਗਰੋਵਰ, ਆਜ਼ਾਦ, ਗੋਪੀ ਰਾਊਕੇ)-ਲਗਭਗ ਸਾਢੇ 12 ਸਾਲ ਪਹਿਲਾਂ 16 ਫਰਵਰੀ, 2005 ਨੂੰ ਪੁਲਸ ਚੌਕੀ ਲੋਪੋਂ ਦੇ ਤਤਕਾਲੀਨ ਮੁਨਸ਼ੀ ਜਸਵੀਰ ਸਿੰਘ 'ਤੇ ਗੋਲੀ ਚਲਾ ਕੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਨਾਮਜ਼ਦ ਕੱਟੜ ਗਰਮ ਖਿਆਲੀ, ਅੱਤਵਾਦੀ ਜਗਤਾਰ ਸਿੰਘ ਹਵਾਰਾ ਖਿਲਾਫ ਅੱਜ ਮੋਗਾ ਪੁਲਸ ਦੋਸ਼ ਪੱਤਰ ਦਾਖਲ ਨਹੀਂ ਕਰ ਸਕੀ। ਦਿੱਲੀ ਦੀ ਤਿਹਾੜ ਜੇਲ 'ਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਲਗਭਗ 2 ਸਾਲ ਪਹਿਲਾਂ ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਨਿਯੁਕਤ ਕੀਤਾ ਗਿਆ ਸੀ। ਅੱਜ ਮੋਗਾ ਪੁਲਸ ਦੇ ਏ. ਐੱਸ. ਆਈ. ਬੇਅੰਤ ਸਿੰਘ ਭੱਟੀ ਜਗਤਾਰ ਸਿੰਘ ਹਵਾਰਾ ਖਿਲਾਫ ਦੋਸ਼ ਪੱਤਰ ਲੈ ਕੇ ਨਿਹਾਲ ਸਿੰਘ ਵਾਲਾ ਅਦਾਲਤ 'ਚ ਪਹੁੰਚੇ। ਇਸ ਮੌਕੇ ਹਵਾਰਾ ਵੱਲੋਂ ਕੇਸ ਦੀ ਕਾਰਵਾਈ ਕਰ ਰਹੇ ਵਕੀਲ ਜਸਪਾਲ ਸਿੰਘ ਨੇ ਦੱਸਿਆ ਕਿ ਹਵਾਰਾ ਦੀ ਗੈਰ-ਹਾਜ਼ਰੀ ਕਾਰਨ ਅਦਾਲਤ ਨੇ ਇਸ ਮਾਮਲੇ 'ਚ ਚਲਾਨ ਨਹੀਂ ਲਿਆ। ਦੂਸਰੇ ਪਾਸੇ ਪੁਲਸ ਅਧਿਕਾਰੀ ਸਹਾਇਕ ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਹਵਾਰਾ ਦੀ ਗੈਰ-ਹਾਜ਼ਰੀ ਕਾਰਨ ਪੈਦਾ ਹੋਈ ਕਾਨੂੰਨੀ ਅੜਚਨ ਕਾਰਨ ਦੋਸ਼ ਪੱਤਰ ਦਾਖਲ ਨਹੀਂ ਹੋ ਸਕਿਆ। ਦੱਸਣਯੋਗ ਹੈ ਕਿ 16 ਫਰਵਰੀ, 2005 ਨੂੰ ਕਾਂਸਟੇਬਲ ਜਸਵੀਰ ਸਿੰਘ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਮੋਗਾ ਅਦਾਲਤ ਨੇ 19 ਜਨਵਰੀ, 2010 ਨੂੰ ਹਵਾਰਾ ਦੇ ਬਾਕੀ ਸਾਥੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ, ਜਦਕਿ ਇਸ ਕੇਸ 'ਚ ਹਵਾਰਾ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਸੀ। ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ ਤੋਂ ਪੰਜਾਬ ਦੀ ਕਿਸੇ ਵੀ ਜੇਲ 'ਚ ਤਬਦੀਲ ਕਰਨ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਦਾਖਲ ਕੀਤੀ ਅਰਜ਼ੀ ਤੋਂ ਬਾਅਦ ਪੰਜਾਬ ਪੁਲਸ ਦੇ ਮੁਖੀ ਨੇ ਹਵਾਰਾ ਖਿਲਾਫ ਦਰਜ ਸਾਰੇ ਮਾਮਲੇ ਦਾ ਜਾਂਚ ਕਰਨ ਦੀਆਂ ਹਦਾਇਤਾਂ ਦਿੱਤੀਆਂ, ਜਿਸ ਤੋਂ ਬਾਅਦ ਹਵਾਰਾ ਖਿਲਾਫ ਵੱਖ-ਵੱਖ ਸਥਾਨਾਂ 'ਤੇ ਦਰਜ ਮਾਮਲੇ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ। ਸੂਤਰਾਂ ਅਨੁਸਾਰ ਪੰਜਾਬ 'ਚ ਹਵਾਰਾ ਖਿਲਾਫ 35 ਤੋਂ ਜ਼ਿਆਦਾ ਮਾਮਲੇ ਦਰਜ ਹਨ ਪਰ ਕਿਸੇ ਵੀ ਮਾਮਲੇ 'ਚ ਪੁਲਸ ਉਸ ਨੂੰ ਪ੍ਰੋਡਕਸ਼ਨ ਵਾਰੰਟ ਦੇ ਆਧਾਰ 'ਤੇ ਅਦਾਲਤ ਵਿਚ ਪੇਸ਼ ਨਹੀਂ ਕਰ ਸਕੀ।
