ਨਨਾਣ ਨੇ ਹੀ ਆਸ਼ਕ ਨਾਲ ਮਿਲ ਕੀਤਾ ਸੀ ਭਾਬੀ ਦਾ ਕਤਲ, ਇੰਝ ਖੁੱਲ੍ਹੀ ਪੋਲ
Sunday, Jul 05, 2020 - 12:36 PM (IST)
ਜਗਰਾਓਂ/ਹਲਵਾਰਾ (ਮਾਲਵਾ, ਮਨਦੀਪ, ਰਵਿੰਦਰ) : ਬੀਤੇ ਦਿਨੀਂ ਪਿੰਡ ਅਕਾਲਗੜ੍ਹ ਵਿਖੇ ਹੋਏ ਲੜਕੀ ਦੇ ਅੰਨ੍ਹੇ ਕਤਲ ਨੂੰ ਸੁਲਝਾਉਂਦੇ ਹੋਏ ਲੁਧਿਆਣਾ (ਦਿਹਾਤੀ) ਦੀ ਪੁਲਸ ਨੇ ਮ੍ਰਿਤਕ ਦੀ ਕਾਤਲ ਭਾਬੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਬੀਤੇ ਦਿਨੀਂ ਬਲਵੀਰ ਕੌਰ (23) ਪੁੱਤਰੀ ਮੇਵਾ ਸਿੰਘ ਵਾਸੀ ਅਕਾਲਗੜ੍ਹ, ਜੋ ਘਰ 'ਚ ਇਕੱਲੀ ਸੀ, ਦਾ ਕਿਸੇ ਅਣਪਛਾਤੇ ਵਿਅਕਤੀ ਵਲੋਂ ਘਰ 'ਚ ਹੀ ਕਤਲ ਕਰ ਕੇ ਲਾਸ਼ ਛੱਡ ਗਏ ਸਨ। ਉਨ੍ਹਾਂ ਦੱਸਿਆ ਕਿ ਇਸ 'ਤੇ ਫੌਰੀ ਕਾਰਵਾਈ ਕਰਦਿਆਂ ਐੱਸ. ਪੀ. ਰਾਜਵੀਰ ਸਿੰਘ, ਡੀ. ਐੱਸ. ਪੀ. ਗੁਰਬੰਸ ਸਿੰਘ ਬੈਂਸ, ਥਾਣਾ ਸੁਧਾਰ ਦੇ ਮੁਖੀ ਅਜੈਬ ਸਿੰਘ ਅਤੇ ਸੀ. ਆਈ. ਏ. ਸਟਾਫ ਜਗਰਾਓਂ ਦੇ ਇੰਚਾਰਜ ਸਿਮਰਜੀਤ ਸਿੰਘ ਨੂੰ ਮੌਕੇ 'ਤੇ ਭੇਜਿਆ।
ਇਹ ਵੀ ਪੜ੍ਹੋਂ : ਘਰ ਛੱਡ ਕੇ ਗਈ 14 ਸਾਲਾ ਕੁੜੀ ਨੇ ਬਿਆਨ ਕੀਤੀ ਰੂਹ ਕੰਬਾਊ ਦਾਸਤਾਨ, ਇੰਝ ਚੜ੍ਹੀ ਸੀ ਦਲਾਲਾਂ ਦੇ ਹੱਥ
ਟੀਮਾਂ ਵਲੋਂ ਡੂੰਘਾਈ ਨਾਲ ਤਫਤੀਸ਼ ਕਰਨ 'ਤੇ ਪਿੰਡ ਅਕਾਲਗੜ੍ਹ ਵਿਖੇ ਘਟਨਾ ਸਥਾਨ ਨੂੰ ਆਉਣ-ਜਾਣ ਵਾਲੇ ਸਾਰੇ ਰਸਤਿਆਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ 'ਚ ਇਕ ਕੁੜੀ ਅਤੇ ਮੁੰਡਾ ਮੋਟਰਸਾਈਕਲ 'ਤੇ ਆਉਂਦੇ ਦਿਖਾਈ ਦਿੱਤੇ, ਜਾਂਚ ਕਰਨ 'ਤੇ ਮੁੱਦਈ ਮੇਵਾ ਸਿੰਘ ਦੀ ਨੂੰਹ ਚਰਨਜੀਤ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਹਿੱਸੋਵਾਲ ਹਾਲ ਵਾਸੀ ਦਾਖਾ ਅਤੇ ਉਸ ਦਾ ਦੋਸਤ ਹਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਜੱਸੋਵਾਲ ਦੀ ਪਛਾਣ ਹੋਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੁੜੀ ਬਲਵੀਰ ਕੌਰ ਦੀ ਭਾਬੀ ਚਰਨਜੀਤ ਕੌਰ ਨੂੰ ਕਾਬੂ ਕੀਤਾ, ਜਿਸ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ 'ਤੇ ਉਸ ਨੇ ਦੱਸਿਆ ਉਸ ਦੇ ਹਰਜੀਤ ਸਿੰਘ ਨਾਲ ਨਾਜਾਇਜ਼ ਸਬੰਧ ਹਨ, ਦੋਸ਼ਣ ਚਰਨਜੀਤ ਕੌਰ ਨੂੰ ਪਤਾ ਲੱਗਾ ਕਿ ਮ੍ਰਿਤਕਾ ਬਲਵੀਰ ਕੌਰ ਦੀ ਸਟੱਡੀ ਬੇਸ 'ਤੇ ਕੈਨੇਡਾ ਤੋਂ ਆਫਰ ਲੈਟਰ ਆ ਚੁੱਕੀ ਹੈ ਅਤੇ ਕੈਨੇਡਾ ਜਾਣ 'ਤੇ ਕਾਫੀ ਖਰਚ ਹੋਣਾ ਹੈ, ਜਿਸ ਕਰ ਕੇ ਘਰ 'ਚ ਕਾਫੀ ਸੋਨਾ ਅਤੇ ਨਕਦ ਰੁਪਏ ਪਏ ਹਨ। ਚਰਨਜੀਤ ਕੌਰ ਦਾ ਪਤੀ ਜਤਿੰਦਰ ਸਿੰਘ ਲੁਧਿਆਣੇ ਆਪਣੇ ਕੰਮ 'ਤੇ ਚਲਾ ਗਿਆ ਤਾਂ ਉਸ ਨੇ ਆਪਣੇ ਦੋਸਤ ਹਰਜੀਤ ਸਿੰਘ ਨਾਲ ਮਿਲ ਕੇ ਬਲਵੀਰ ਕੌਰ ਦੇ ਘਰ ਆ ਗਏ। ਬਲਵੀਰ ਕੌਰ ਦੇ ਮਾਤਾ-ਪਿਤਾ ਘਰ ਨਹੀਂ ਸੀ ਤਾਂ ਚਰਨਜੀਤ ਕੌਰ ਨੇ ਮੌਕਾ ਦੇਖ ਕੇ ਬਲਵੀਰ ਕੌਰ ਦੇ ਗੱਲ 'ਚ ਚੁੰਨੀ ਪਾ ਕੇ ਉਸ ਦਾ ਗਲਾ ਘੁੱਟ ਦਿੱਤਾ ਅਤੇ ਉੱਥੇ ਪਏ ਸੋਟੇ ਨਾਲ ਉਸ ਦੇ ਸਿਰ 'ਚ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਫਿਰ ਉੱਥੋਂ ਸਾਰਾ ਸੋਨਾ ਲੁੱਟ ਕੇ ਆਪਣੇ ਦੋਸਤ ਹਰਜੀਤ ਸਿੰਘ ਨਾਲ ਮੌਕੇ ਤੋਂ ਫਰਾਰ ਹੋ ਗਈ।
ਇਹ ਵੀ ਪੜ੍ਹੋਂ : ਹਵਸ ਦੇ ਅੰਨ੍ਹਿਆ ਨੇ ਬਜ਼ੁਰਗ ਜਨਾਨੀ ਨੂੰ ਵੀ ਨਹੀਂ ਬਕਸ਼ਿਆ, ਕੀਤਾ ਗੈਂਗਰੇਪ
ਐੱਸ. ਐੱਸ. ਪੀ. ਸੋਨੀ ਨੇ ਦੱਸਿਆ ਕਿ ਹੁਣ ਤੱਕ ਦੀ ਕੀਤੀ ਗਈ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮੁੱਦਈ ਕੈਪਟਨ ਮੇਵਾ ਸਿੰਘ ਦਾ ਪਹਿਲਾਂ ਵਿਆਹ ਪਰਮਜੀਤ ਕੌਰ ਵਾਸੀ ਰਾਏਕੋਟ ਨਾਲ ਹੋਇਆ ਸੀ, ਜਿਸ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੇ 3 ਬੱਚੇ ਸਨ। ਮੁੱਦਈ ਕੈਪਟਨ ਮੇਵਾ ਸਿੰਘ ਨੇ ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਬਲਵਿੰਦਰ ਕੌਰ ਵਾਸੀ ਮਹੇਰਨਾਂ ਕਲਾਂ ਨਾਲ ਦੂਜਾ ਵਿਆਹ ਕਰਵਾ ਲਿਆ ਅਤੇ ਬਲਵਿੰਦਰ ਕੌਰ ਆਪਣੇ ਪਹਿਲੇ ਵਿਆਹ ਦੀ ਕੁੜੀ ਬਲਵੀਰ ਕੌਰ ਨੂੰ ਨਾਲ ਲੈ ਕੇ ਆਈ ਸੀ, ਜੋ ਕਿ ਮ੍ਰਿਤਕਾ ਹੈ। ਪਤਾ ਲੱਗਿਆ ਹੈ ਕਿ ਚਰਨਜੀਤ ਕੌਰ ਮਹਿਸੂਸ ਕਰਦੀ ਸੀ ਕਿ ਉਸ ਦੇ ਪਤੀ ਦੀ ਮਤਰੇਈ ਮਾਂ ਇਨ੍ਹਾਂ ਨਾਲ ਵਿਤਕਰਾ ਕਰਦੀ ਹੈ ਕਿਉਂਕਿ ਇਨ੍ਹਾਂ ਪਤੀ-ਪਤਨੀ ਨੂੰ ਵੱਖ ਕਰ ਦਿੱਤਾ ਗਿਆ ਸੀ, ਜੋ ਦਿਹਾੜੀ ਕਰ ਕੇ ਬਹੁਤ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰਦੇ ਸੀ। ਪੁਲਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਘਟਨਾ ਸਮੇਂ ਵਰਤਿਆ ਮੋਟਰਸਾਈਕਲ ਅਤੇ ਲੁੱਟ ਦੇ ਗਹਿਣੇ ਵੀ ਬਰਾਮਦ ਕਰ ਲਏ ਹਨ। ਐੱਸ. ਐੱਚ. ਓ. ਅਜੈਬ ਸਿੰਘ ਅਨੁਸਾਰ ਕਥਿਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ 5 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਹ ਵੀ ਪੜ੍ਹੋਂ : ਭੇਤਭਰੇ ਹਲਾਤਾਂ 'ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਨੂੰਹ 'ਤੇ ਲਗਾਏ ਗੰਭੀਰ ਦੋਸ਼