ਜੱਗੂ ਭਗਵਾਨਪੁਰੀਆ ਨੂੰ ਲਾਰੈਂਸ ਬਿਸ਼ਨੋਈ ਤੋਂ ਜਾਨ ਦਾ ਖ਼ਤਰਾ, ਹਾਈਕੋਰਟ ’ਚ ਦਾਇਰ ਕੀਤੀ ਅਰਜ਼ੀ

10/06/2023 6:25:18 PM

ਚੰਡੀਗੜ੍ਹ/ਬਠਿੰਡਾ (ਹਾਂਡਾ) : ਪੰਜਾਬ ਦੀ ਬਠਿੰਡਾ ਜੇਲ੍ਹ ਵਿਚ ਬੰਦ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨੂੰ ਜੇਲ੍ਹ ਵਿਚ ਹੀ ਜਾਨ ਦਾ ਖ਼ਤਰਾ ਹੈ। ਜੱਗੂ ਦਾ ਕਹਿਣਾ ਹੈ ਕਿ ਉਸ ਦਾ ਕਿਸੇ ਵੀ ਸਮੇਂ ਕਤਲ ਕੀਤਾ ਜਾ ਸਕਦਾ ਹੈ। ਇਸ ਲਈ ਉਸ ਨੂੰ ਬਠਿੰਡਾ ਤੋਂ ਕਿਸੇ ਹੋਰ ਜੇਲ੍ਹ ਵਿਚ ਸ਼ਿਫਟ ਕੀਤਾ ਜਾਵੇ। ਭਗਵਾਨਪੁਰੀਆ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀਰਵਾਰ ਨੂੰ ਪੰਜਾਬ ਦੇ ਏ. ਡੀ. ਜੀ. (ਜੇਲ੍ਹ) ਨੂੰ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਦੀ ਬਠਿੰਡਾ ਜੇਲ੍ਹ ਤੋਂ ਇਲਾਵਾ ਪੰਜਾਬ ਦੀ ਕਿਸੇ ਵੀ ਕੇਂਦਰੀ ਜੇਲ੍ਹ ਵਿਚ ਤਬਦੀਲ ਕਰਨ ਦੀ ਮੰਗ ’ਤੇ 10 ਦਿਨਾਂ ਵਿਚ ਫ਼ੈਸਲਾ ਲੈਣ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : ਥਾਣਾ ਧਰਮਕੋਟ ਦਾ ਐੱਸ. ਐੱਚ. ਓ. ਥਾਣੇ ਵਿਚ ਹੀ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਲਾਰੈਂਸ ਬਿਸ਼ਨੋਈ ਤੋਂ ਜਾਨ ਦਾ ਖ਼ਤਰਾ

ਭਗਵਾਨਪੁਰੀਆ ਨੇ ਲਾਰੈਂਸ ਬਿਸ਼ਨੋਈ, ਦਿਲਪ੍ਰੀਤ ਬਾਬਾ, ਨੀਟਾ ਦਿਓਲ, ਗੁਰਪ੍ਰੀਤ ਸੇਖੋਂ ਅਤੇ ਹੋਰ ਗੈਂਗਸਟਰਾਂ ਤੋਂ ਆਪਣੀ ਜਾਨ ਨੂੰ ਖ਼ਤਰਾ ਹੋਣ ਦਾ ਦਾਅਵਾ ਕੀਤਾ ਹੈ। ਭਗਵਾਨਪੁਰੀਆ ਅਨੁਸਾਰ ਖ਼ਤਰਾ ਸਿਰਫ ਗੈਂਗ ਦੇ ਮੁਖੀਆਂ ਤੋਂ ਹੀ ਨਹੀਂ ਸਗੋਂ ਉਨ੍ਹਾਂ ਦੇ ਸਮਰਥਕਾਂ ਤੋਂ ਵੀ ਹੈ ਕਿਉਂਕਿ ਉਹ ਕਿਸੇ ਨਾ ਕਿਸੇ ਤਰੀਕੇ ਦਾ ਸਹਾਰਾ ਲੈ ਕੇ ਉਸ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਹਾਈਕੋਰਟ ਦੇ ਜਸਟਿਸ ਵਿਕਾਸ ਸੂਰੀ ਨੇ ਭਗਵਾਨਪੁਰੀਆ ਵੱਲੋਂ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਇਹ ਆਦੇਸ਼ ਦਿੱਤੇ ਹਨ। ਮੌਜੂਦਾ ਸਮੇਂ ਵਿਚ ਭਗਵਾਨਪੁਰੀਆ ਮੋਹਾਲੀ ਪੁਲਸ ਦੀ ਹਿਰਾਸਤ ਵਿਚ ਹੈ। ਉਸ ਦਾ ਕਹਿਣਾ ਹੈ ਕਿ ਜੇ ਉਸ ਨੂੰ ਮੁੜ ਬਠਿੰਡਾ ਜੇਲ੍ਹ ਵਿਚ ਭੇਜਿਆ ਗਿਆ ਤਾਂ ਉਥੇ ਉਸ ਦਾ ਕਤਲ ਕਰ ਦਿੱਤਾ ਜਾਵੇਗਾ ਕਿਉਂਕਿ ਉਥੇ ਕਈ ਹੋਰ ਗਿਰੋਹਾਂ ਦੇ ਮੈਂਬਰ ਬੰਦ ਹਨ। ਉਹ ਉਨ੍ਹਾਂ ਦੇ ਨਿਸ਼ਾਨੇ  ’ਤੇ ਹੈ। ਉਸ ਨੇ ਇਸ ਸੰਬੰਧ ਵਿਚ 21 ਸਤੰਬਰ ਨੂੰ ਸੂਬੇ ਦੇ ਜੇਲ੍ਹ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਸੌਂਪਿਆ ਸੀ। ਦੂਜੇ ਪਾਸੇ ਭਗਵਾਨਪੁਰੀਆ ਦੇ ਵਕੀਲ ਆਰ. ਕਾਰਤੀਕੇ ਨੇ ਬੈਂਚ ਨੂੰ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੇ ਖ਼ਤਰੇ ਵੱਲ ਇਸ਼ਾਰਾ ਕੀਤਾ ਹੈ ਬਲਕਿ ਅਜਿਹੀਆਂ ਕਈ ਉਦਾਹਰਣਾਂ ਹਨ, ਜਿਨ੍ਹਾਂ ਨੇ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾਈ ਹੈ। ਉਹ ਪਹਿਲਾਂ ਪਟਿਆਲਾ ਜੇਲ੍ਹ ਵਿਚ ਬੰਦ ਸੀ ਅਤੇ ਦਿਲਪ੍ਰੀਤ ਬਾਬਾ ਗੈਂਗ ਨਾਲ ਜੁੜੇ ਕੁਝ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਸੀ। 

ਇਹ ਵੀ ਪੜ੍ਹੋ : ਲੰਗਰ ਨੇੜੇ ਮੋਟਰਸਾਈਕਲ ਨਾਲ ਪਟਾਕੇ ਮਾਰਨ ਤੋਂ ਰੋਕਿਆ ਤਾਂ ਨੌਜਵਾਨ ਨੂੰ ਮਾਰ ਦਿੱਤੀ ਗੋਲ਼ੀ

ਕੀ ਕਿਹਾ ਜੱਗੂ ਭਗਵਾਨਪੁਰੀਆ ਨੇ

ਜੱਗੂ ਭਗਵਾਨਪੁਰੀਆ ਨੇ ਪਟੀਸ਼ਨ ਵਿਚ ਕਿਹਾ ਕਿ ਉਹ ਕਈ ਹੋਰ ਗੈਂਗਸਟਰਾਂ ਨਾਲ ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ਵਿਚ ਬੰਦ ਸੀ। ਇਸ ਦੌਰਾਨ ਫਰਵਰੀ 2023 ਦੇ ਆਖਰੀ ਹਫਤੇ ਵਿਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਕੁੱਝ ਕੈਦੀਆਂ ਨੇ ਜੇਲ੍ਹ ਦੇ ਕੁਝ ਕੈਦੀਆਂ ’ਤੇ ਇਹ ਦੋਸ਼ ਲਗਾਉਂਦੇ ਹੋਏ ਹਮਲਾ ਕੀਤਾ ਕਿ ਉਹ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਪਟੀਸ਼ਨਕਰਤਾ ਜੱਗੂ ਭਗਵਾਨਪੁਰੀਆ ਦੇ ਗਿਰੋਹ ਦੇ ਮੈਂਬਰ ਸੀ। ਜੱਗੂ ਭਗਵਾਨਪੁਰੀਆ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਅਤੇ ਕੇਂਦਰੀ ਜੇਲ੍ਹ ਕਪੂਰਥਲਾ ਵਿਚ ਵੀ ਰੱਖਿਆ ਗਿਆ ਸੀ, ਜਿੱਥੇ ਬਠਿੰਡਾ ਜੇਲ੍ਹ ਵਾਂਗ ਸਾਰੇ ਸੁਰੱਖਿਆ ਪ੍ਰਬੰਧ ਅਤੇ ਮੋਬਾਇਲ ਫੋਨ ਜੈਮਰ ਲੱਗੇ ਹੋਏ ਹਨ। ਬਾਅਦ ਵਿਚ ਉਸ ਨੂੰ ਕੁੱਝ ਹੋਰ ਮਾਮਲਿਆਂ ਵਿਚ ਮੁਲਜ਼ਮ ਬਣਾਇਆ ਗਿਆ ਸੀ ਅਤੇ ਮੌਜੂਦਾ ਸਮੇਂ ਵਿਚ ਉਹ ਮੋਹਾਲੀ ਪੁਲਸ ਦੀ ਹਿਰਾਸਤ ਵਿਚ ਹੈ। ਉਸ ਨੂੰ ਸੂਚਿਤ ਕੀਤਾ ਗਿਆ ਹੈ ਕਿ ਹੁਣ ਉਸ ਨੂੰ ਨਿਆਇਕ ਹਿਰਾਸਤ ਵਿਚ ਉਸ ਸਥਾਨ ’ਤੇ ਭੇਜਿਆ ਜਾਵੇਗਾ, ਜਿਥੇ ਉਸ ਦੇ ਵਿਰੋਧੀਆਂ ਨੂੰ ਰੱਖਿਆ ਗਿਆ ਹੈ। ਉਸ ਨੂੰ ਇਕ ਫਰਜ਼ੀ ਮੁਕਾਬਲੇ ਜਾਂ ਜੇਲ੍ਹ ਦੀ ਲੜਾਈ ਵਿਚ ਮਾਰ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਸਾਂਝੀ ਕੀਤੀ ਤਸਵੀਰ, ਕਿਹਾ ਅੱਜ ਤੋਂ ਦਸਤਾਰ ਸਜਾਉਣਗੇ ਨਵਜੋਤ ਕੌਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News