ਲਾਰੈਂਸ ਬਿਸ਼ਨੋਈ ਤੇ ਨਵ ਲਾਹੌਰੀਆ ਗੈਂਗ ਦਾ ਨਜ਼ਦੀਕੀ ਰੋਹਿਤ ਉਰਫ਼ ਚੀਕੂ ਹਥਿਆਰਾਂ ਸਣੇ ਗ੍ਰਿਫ਼ਤਾਰ
Monday, May 13, 2024 - 10:54 PM (IST)
ਪਟਿਆਲਾ (ਬਲਜਿੰਦਰ)– ਥਾਣਾ ਕੋਤਵਾਲੀ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਲਾਰੈਂਸ ਬਿਸ਼ਨੋਈ ਤੇ ਨਵ ਲਾਹੌਰੀਆ ਗੈਂਗ ਦੇ ਨਜ਼ਦੀਕੀ ਰੋਹਿਤ ਉਰਫ਼ ਚੀਕੂ ਪੁੱਤਰ ਮੇਵਾ ਰਾਮ ਵਾਸੀ ਕਿਰਾਏਦਾਰ 19, ਨਿਊ ਮਾਲਵਾ ਕਾਲੋਨੀ, ਸਨੌਰੀ ਅੱਡਾ, ਪਟਿਆਲਾ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਐੱਸ. ਪੀ. ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਐੱਸ. ਐੱਸ. ਪੀ. ਵਰੁਣ ਸ਼ਰਮਾ ਤੇ ਡੀ. ਐੱਸ. ਪੀ. ਸਿਟੀ 1 ਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਕੋਤਵਾਲੀ ਪੁਲਸ ਨੇ ਰੋਹਿਤ ਉਰਫ਼ ਚੀਕੂ ਤੋਂ ਇਕ ਦੇਸੀ ਪਿਸਟਲ 32 ਬੋਰ, 8 ਜ਼ਿੰਦਾ ਕਾਰਤੂਸ ਤੇ 1 ਦੇਸੀ ਕੱਟਾ 12 ਬੋਰ ਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਐੱਸ. ਪੀ. ਸਿਟੀ ਨੇ ਦੱਸਿਆ ਕਿ ਐੱਸ. ਐੱਚ. ਓ. ਕੋਤਵਾਲੀ ਇੰਸ. ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਾਲੀ ਟੀਮ, ਜਿਨ੍ਹਾਂ ’ਚ ਏ. ਐੱਸ. ਆਈ. ਗੁਰਬਿੰਦਰ ਸਿੰਘ ਤੇ ਪੁਲਸ ਪਾਰਟੀ ਨੇ ਸ਼ਮਸ਼ਾਨਘਾਟ ਘਲੋਡ਼ੀ ਗੇਟ ਪਟਿਆਲਾ ਮੌਜੂਦ ਸੀ, ਨੂੰ ਸੂਚਨਾ ਮਿਲੀ ਕਿ ਰੋਹਿਤ ਕੁਮਾਰ ਉਰਫ਼ ਚੀਕੂ, ਜੋ ਕਿ ਗੈਂਗਸਟਰ ਗਤੀਵਿਧੀਆਂ ਨਾਲ ਸਬੰਧਤ ਹੈ, ਉਹ ਆਪਣੇ ਕਰੀਬੀ ਦੋਸਤ ਤੇਜਪਾਲ ਵਾਸੀ ਨਿਊ ਮਾਲਵਾ ਕਾਲੋਨੀ, ਪਟਿਆਲਾ, ਜਿਸ ਦਾ ਵਿਰੋਧੀ ਪਾਰਟੀ ਵਲੋਂ ਕਤਲ ਕਰ ਦਿੱਤਾ ਗਿਆ ਸੀ, ਦਾ ਬਦਲਾ ਲੈਣ ਲਈ ਵਿਰੋਧੀ ਧਿਰ ਦੇ ਗਰੁੱਪ ਦੇ ਮੈਂਬਰਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ ਦੀ ਭਾਲ ’ਚ ਬੈਠਾ ਹੈ।
ਇਹ ਖ਼ਬਰ ਵੀ ਪੜ੍ਹੋ : ਸੁਹਾਗਰਾਤ ਵਾਲੀ ਰਾਤ ਵਿਆਹ ਟੁੱਟਣ ਦਾ ਮਾਮਲਾ : BF ਨੇ 2 ਸਾਲਾਂ ਤਕ ਬਣਾਏ ਜਿਸਮਾਨੀ ਸਬੰਧ, ਦਿੱਤੀ ਸੀ ਇਹ ਧਮਕੀ
ਪੁਲਸ ਨੇ ਮਾਮਲੇ ’ਚ ਕੇਸ ਦਰਜ ਕਰਕੇ ਚੀਕੂ ਨੂੰ ਛੋਟੀ ਨਦੀ ਦੇ ਬੰਨ੍ਹੇ ’ਤੇ ਪੀਰ ਦੀ ਦਰਗਾਹ ਸਾਹਮਣੇ ਨਿਊ ਮਹਿੰਦਰਾ ਕਾਲੋਨੀ ਪਟਿਆਲਾ ਤੋਂ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਹਥਿਆਰ ਬਰਾਮਦ ਕੀਤੇ। ਐੱਸ. ਪੀ. ਸਿਟੀ ਨੇ ਦੱਸਿਆ ਕਿ ਰੋਹਿਤ ਉਰਫ਼ ਚੀਕੂ ਆਪਣੇ ਆਪ ਨੂੰ ਨਵ ਲਾਹੌਰੀਆ ਗਰੁੱਪ ਨਾਲ ਸਬੰਧਤ ਦੱਸਦਾ ਹੈ, ਜਿਸ ਦੇ ਖ਼ਿਲਾਫ਼ 7 ਕੇਸ ਲਡ਼ਾਈ-ਝਗਡ਼ੇ ਤੇ ਹੋਰ ਜੁਰਮਾਂ ਅਧੀਨ ਦਰਜ ਹਨ। ਇਸੇ ਤਰ੍ਹਾਂ ਨਵ ਲਾਹੌਰੀਆ ਖ਼ਿਲਾਫ਼ 20 ਦੇ ਕਰੀਬ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਨਵ ਲਾਹੌਰੀਆ ਦਾ ਸਬੰਧ ਅੱਗੇ ਲਾਰੈਂਸ ਬਿਸਨੋਈ ਗਰੁੱਪ ਨਾਲ ਹੈ, ਜੋ ਅੱਜ-ਕੱਲ ਗੋਇੰਦਵਾਲ ਸਾਹਿਬ ਜੇਲ ’ਚ ਬੰਦ ਹੈ।
ਰੋਹਿਤ ਉਰਫ਼ ਚੀਕੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਉਹ ਆਪਣੇ ਦੋਸਤ ਤੇਜਪਾਲ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ ਸੀ। ਤੇਜਪਾਲ ਪਿਛਲੇ ਸਮੇਂ ਦੌਰਾਨ ਵਿਰੋਧੀ ਭੂਪੀ ਰਾਣਾ ਗਰੁੱਪ ਦੇ ਮੈਂਬਰਾਂ ਵਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਇਸ ਮਾਮਲੇ ’ਚ ਨਾਮਜ਼ਦ ਇਕ ਵਿਅਕਤੀ ਫਰਾਰ ਵੀ ਸੀ। ਰੋਹਿਤ ਉਰਫ਼ ਚੀਕੂ ਆਪਣੇ ਦੋਸਤ ਦਾ ਬਦਲਾ ਲੈਣ ਲਈ ਇਹ ਹਥਿਆਰ ਲੈ ਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਚੀਕੂ ਦਾ ਪੁਲਸ ਰਿਮਾਂਡ ਹਾਸਲ ਕਰਕੇ ਉਸ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਡੀ. ਐੱਸ. ਪੀ. ਸਿਟੀ 1 ਮਨਦੀਪ ਕੌਰ, ਐੱਸ. ਐੱਚ. ਓ. ਕੋਤਵਾਲੀ ਇੰਸ. ਹਰਜਿੰਦਰ ਸਿੰਘ ਢਿੱਲੋਂ ਤੇ ਏ. ਐੱਸ. ਆਈ. ਗੁਰਬਿੰਦਰ ਸਿੰਘ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।