ਐੱਸ. ਐੱਸ. ਪੀ. ਰਾਜਜੀਤ ਖਿਲਾਫ ਜਾਂਚ ਤਿੰਨਾਂ ਅਧਿਕਾਰੀਆਂ ਲਈ ਚੁਣੌਤੀ

Thursday, Apr 12, 2018 - 07:19 AM (IST)

ਐੱਸ. ਐੱਸ. ਪੀ. ਰਾਜਜੀਤ ਖਿਲਾਫ ਜਾਂਚ ਤਿੰਨਾਂ ਅਧਿਕਾਰੀਆਂ ਲਈ ਚੁਣੌਤੀ

ਜਲੰਧਰ  (ਅਮਿਤ) – ਮੋਗਾ ਦੇ ਐੱਸ. ਐੱਸ. ਪੀ. ਰਾਜਜੀਤ ਸਿੰਘ ਦੇ ਮਾਮਲੇ 'ਚ ਹਾਈ ਕੋਰਟ ਵੱਲੋਂ ਗਠਿਤ ਜਾਂਚ ਕਮੇਟੀ ਦੇ ਸਾਹਮਣੇ ਹੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਰਾਜਜੀਤ ਵੱਲੋਂ ਦਸੰਬਰ 2017 ਨੂੰ ਹਾਈ ਕੋਰਟ 'ਚ ਐੱਸ. ਟੀ. ਐੱਫ. ਚੀਫ ਹਰਪ੍ਰੀਤ ਸਿੰਘ ਸਿੱਧੂ ਖਿਲਾਫ ਇਹ ਕਹਿਣਾ ਕਿ ਉਸ ਨੂੰ ਜਾਣਬੁੱਝ ਕੇ ਇੰਦਰਜੀਤ ਡਰੱਗ ਕੇਸ 'ਚ ਫਸਾਇਆ ਜਾ ਰਿਹਾ ਹੈ ਅਤੇ ਇਸ ਦੀ ਜਾਂਚ ਐੱਸ. ਟੀ. ਐੱਫ. ਚੀਫ ਹਰਪ੍ਰੀਤ ਸਿੰਘ ਸਿੱਧੂ ਤੋਂ ਨਾ ਕਰਵਾ ਕੇ ਨਿਰਪੱਖ ਕਰਵਾਈ ਜਾਣ ਦੀ ਮੰਗ ਦੇ ਬਾਅਦ ਪੁਲਸ ਫੋਰਸ ਹੀ ਕਈ ਧੜਿਆਂ 'ਚ ਵੰਡੀ ਨਜ਼ਰ ਆ ਰਹੀ ਹੈ। ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਦੀ ਨਿਗਰਾਨੀ ਵਿਚ ਗਠਿਤ ਐੱਸ. ਆਈ. ਟੀ. ਲਈ ਇਹ ਇਕ ਵੱਡੀ ਚੁਣੌਤੀ ਜਾਂਚ ਦੌਰਾਨ ਆਉਣ ਵਾਲੀ ਹੈ। ਐੱਸ. ਆਈ. ਟੀ. ਦੇ ਤਿੰਨਾਂ ਅਧਿਕਾਰੀਆਂ ਦੀ ਪ੍ਰੋਫਾਈਲ ਅਤੇ ਅਤੀਤ ਕਾਫੀ ਕਾਬਲੀਅਤ, ਬੇਦਾਗ ਅਤੇ ਦਮਦਾਰ ਰਿਹਾ ਹੈ। ਜਾਂਚ ਅਜੇ ਪਹਿਲੇ ਪੜਾਅ ਵਿਚ ਹੈ ਅਤੇ ਇਸ ਦਾ ਘੇਰਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਫਿਲਹਾਲ ਆਉਣ ਵਾਲੇ ਸਮੇਂ ਵਿਚ ਇਹ ਜਾਂਚ ਡਰੱਗ ਕੇਸ ਦੀਆਂ ਹੋਰ ਕਈ ਪਰਤਾਂ ਨੂੰ ਖੋਲ੍ਹ ਸਕਦੀ ਹੈ। ਆਓ ਜਾਣੀਏ ਤਿੰਨਾਂ ਅਧਿਕਾਰੀਆਂ ਦੀ ਪ੍ਰੋਫਾਈਲ ਬਾਰੇ :
ਕਮੇਟੀ ਦੇ ਹੈੱਡ ਸਿਧਾਰਥ ਚਟੋਪਾਧਿਆਏ
ਸਿਧਾਰਥ ਚਟੋਪਾਧਿਆਏ 1986 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਹਨ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਰਹਿ ਚੁੱਕੇ ਹਨ। ਉਨ੍ਹਾਂ ਦਾ ਪਿਛੋਕੜ ਫੌਜ ਪਰਿਵਾਰ ਤੋਂ ਹੈ। ਬੰਗਾਲੀ ਬ੍ਰਾਹਮਣ ਸਿਧਾਰਥ ਚਟੋਪਾਧਿਆਏ ਨੇ ਐੱਮ. ਏ. (ਹਿਸਟਰੀ) ਕੀਤੀ ਹੈ ਅਤੇ ਇਸ ਦੇ ਬਾਅਦ ਉਨ੍ਹਾਂ ਦੀ ਨਿਯੁਕਤੀ ਆਈ. ਪੀ. ਐੱਸ. ਵਿਚ ਹੋ ਗਈ। ਟ੍ਰੈਨਿੰਗ ਤੋਂ ਬਾਅਦ ਉਨ੍ਹਾਂ ਦੀ ਪੋਸਟਿੰਗ ਐੱਸ. ਐੱਸ. ਪੀ. ਲੁਧਿਆਣਾ ਵਜੋਂ ਹੋਈ ਅਤੇ ਉਨ੍ਹਾਂ ਦੇ ਕੰਮਕਾਜ ਦੇ ਤੌਰ ਤਰੀਕੇ ਨੂੰ ਲੁਧਿਆਣਾ ਦੇ ਪੁਰਾਣੇ ਬਾਸ਼ਿੰਦੇ ਅੱਜ ਵੀ ਯਾਦ ਕਰਦੇ ਹਨ। 2002 ਸਿਧਾਰਥ ਚਟੋਪਾਧਿਆਏ ਡੀ. ਆਈ. ਜੀ. ਫਿਰੋਜ਼ਪੁਰ ਸੀ ਤਾਂ ਉਨ੍ਹਾਂ ਵੱਲੋਂ ਚੈਕਿੰਗ ਦੀ ਇਕ ਘਟਨਾ ਕਾਫੀ ਚਰਚਿਤ ਰਹੀ। ਉਹ ਰਾਤ ਨੂੰ ਇਕ ਪੀੜਤ ਬਣ ਕੇ ਥਾਣੇ ਚਲੇ ਗਏ ਅਤੇ ਕਿਹਾ ਕਿ ਉਨ੍ਹਾਂ ਦੇ 2 ਲੱਖ ਰੁਪਏ ਲੁਟੇਰੇ ਖੋਹ ਕੇ ਭੱਜ ਗਏ ਹਨ। ਉਥੇ ਮੁਨਸ਼ੀ, ਏ. ਐੱਸ. ਆਈ. ਦੇ ਇਲਾਵਾ ਐੱਸ. ਐੱਚ. ਓ. ਦਾ ਵਿਵਹਾਰ ਦੇਖ ਕੇ ਪਿੱਠ ਥਪਥਪਾਈ ਅਤੇ ਉਨ੍ਹਾਂ ਨੂੰ ਆਪਣੀ ਜੇਬ 'ਚੋਂ ਨਕਦੀ ਇਨਾਮ ਵਜੋਂ ਵੀ ਦਿੱਤੀ। ਏ. ਡੀ. ਜੀ. ਪੀ. ਰਹਿੰਦੇ ਹੋਏ ਸਿਧਾਰਥ ਚਟੋਪਾਧਿਆਏ ਐੱਨ. ਆਰ. ਆਈ. ਕਮਿਸ਼ਨ ਦੇ ਸਰਕਾਰੀ ਮੈਂਬਰ ਵੀ ਰਹੇ ਅਤੇ ਪਿਛਲੇ ਸਾਲ ਹੀ ਉਨ੍ਹਾਂ ਨੂੰ ਡੀ. ਜੀ. ਪੀ. ਪ੍ਰਮੋਟ ਕੀਤਾ ਗਿਆ ਸੀ। ਉਹ ਮੌਜੂਦਾ ਸਮੇਂ 'ਚ ਡੀ. ਜੀ. ਪੀ. ਦੇ ਅਹੁਦੇ 'ਤੇ ਤਾਇਨਾਤ ਹਨ। ਉਨ੍ਹਾਂ ਦਾ ਅਕਸ ਬੇਦਾਗ ਰਿਹਾ ਹੈ।
ਪ੍ਰਬੋਧ ਕੁਮਾਰ
ਪ੍ਰਬੋਧ ਕੁਮਾਰ ਏ. ਡੀ. ਜੀ. ਪੀ. ਰੈਂਕ ਦੇ ਅਧਿਕਾਰੀ ਹਨ। ਉਹ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਹਨ। 1988 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਪ੍ਰਬੋਧ ਕੁਮਾਰ ਡੈਪੂਟੇਸ਼ਨ 'ਤੇ ਕੇਂਦਰ ਸਰਕਾਰ ਵਿਚ ਰਹੇ ਹਨ। ਉਨ੍ਹਾਂ ਕੋਲ ਜਾਂਚ ਦਾ ਕਾਫੀ ਤਜਰਬਾ ਹੈ। ਸੀ. ਬੀ. ਆਈ. ਵਿਚ ਰਹਿਣ ਦੌਰਾਨ ਕਈ ਵੱਡੇ ਘਪਲੇ ਜਿਵੇਂ ਤੇਲਗੀ, ਰੇਲਗੇਜ ਅਤੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਖਰੀਦ ਜਿਹੇ ਘਪਲਿਆਂ ਦੀ ਜਾਂਚ ਕਰਨ ਵਾਲੇ ਪ੍ਰਬੋਧ ਕੁਮਾਰ ਦੀ ਗਿਣਤੀ ਚੰਗੇ ਅਧਿਕਾਰੀਆਂ ਵਿਚ ਹੁੰਦੀ ਹੈ। ਤੇਲਗੀ ਘਪਲੇ ਦੇ ਮਾਸਟਰ ਮਾਈਂਡ ਅਬਦੁਲ ਕਰੀਮ 'ਤੇ 254 ਕਰੋੜ ਰੁਪਏ ਦਾ ਜੁਰਮਾਨਾ ਲਾਉਣਾ ਕਾਰਜਕਾਲ ਦੌਰਾਨ ਸੀ. ਬੀ. ਆਈ. ਨਾਲ ਕੁਮਾਰ ਦੀ ਇਹ ਵੱਡੀ ਉਪਲਬੱਧੀ ਸੀ। ਅਧਿਕਾਰੀ ਨੇ ਹਾਲ ਵਿਚ ਹੀ ਯੂ. ਪੀ. ਏ.-2 ਸ਼ਾਸਨ ਦੌਰਾਨ ਵੀ. ਵੀ. ਆਈ. ਪੀ. ਅਗਸਤਾ ਵੈਸਟਲੈਂਡ ਹੈਲੀਕਾਪਟਰ ਖਰੀਦ ਘਪਲੇ ਦੀ ਜਾਂਚ ਲਈ ਇਟਲੀ ਦਾ ਦੌਰਾ ਕੀਤਾ ਸੀ।
ਕੁੰਵਰ ਵਿਜੇ ਪ੍ਰਤਾਪ
ਪੰਜਾਬ ਦੇ ਇਕ ਦਮਦਾਰ ਅਧਿਕਾਰੀ ਵਜੋਂ ਜਾਣੇ ਜਾਂਦੇ ਕੁੰਵਰ ਵਿਜੇ ਪ੍ਰਤਾਪ ਜਲੰਧਰ, ਲੁਧਿਆਣਾ ਵਿਚ ਪੁਲਸ ਕਮਿਸ਼ਨਰ ਦੇ ਇਲਾਵਾ ਕਈ ਰੇਂਜਾਂ 'ਚ ਡੀ. ਆਈ. ਜੀ. ਦੇ ਇਲਾਵਾ ਐੱਸ. ਟੀ. ਐੱਫ. ਅਤੇ ਐਂਟੀ ਟੈਰਰ ਸਕੁਐਡ ਵਿਚ ਰਹਿ ਚੁੱਕੇ ਹਨ। 1998 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਦਮਦਾਰ ਹਨ ਅਤੇ ਜੋ ਇਕ ਵਾਰ ਸੋਚ ਲੈਂਦੇ ਹਨ, ਉਸ ਨੂੰ ਪੂਰਾ ਕਰਦੇ ਹਨ। ਕੁੰਵਰ ਵਿਜੇ ਪ੍ਰਤਾਪ ਸਿੰਘ ਮੌਜੂਦਾ ਸਮੇਂ 'ਚ ਏ. ਟੀ. ਐੱਸ. ਵਿਚ ਆਈ. ਜੀ. ਰੈਂਕ 'ਤੇ ਹਨ। ਸਾਈਬਰ ਕ੍ਰਾਈਮ ਵਿਚ ਮੁਹਾਰਤ ਹਾਸਲ ਕਰਨ ਵਾਲੇ ਕੁੰਵਰ ਵਿਜੇ ਪ੍ਰਤਾਪ ਨੇ ਪੀ. ਐੱਚ. ਡੀ. ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ ਅਤੇ ਉਨ੍ਹਾਂ ਅੰਮ੍ਰਿਤਸਰ ਵਿਚ ਐੱਸ. ਪੀ. ਰਹਿੰਦੇ ਹੋਏ ਵੱਡੇ ਕਿਡਨੀ ਰੈਕੇਟ ਦਾ ਪਰਦਾਫਾਸ਼ ਕੀਤਾ, ਜਿਸ ਵਿਚ ਕਈ ਨਾਮੀ ਡਾਕਟਰਾਂ ਨੂੰ ਜੇਲ ਦੀ ਹਵਾ ਖਾਣੀ ਪਈ। ਇੰਨਾ ਹੀ ਨਹੀਂ, ਜਾਂਚ ਦੌਰਾਨ ਉਨ੍ਹਾਂ ਦੇ ਇਕ ਉਚ ਅਧਿਕਾਰੀ ਦਾ ਨਾਂ ਸਾਹਮਣੇ ਆਇਆ ਤਾਂ ਉਨ੍ਹਾਂ ਨੇ ਆਪਣੀ ਵਰਦੀ ਦਾ ਫਰਜ਼ ਨਿਭਾਉਂਦੇ ਹੋਏ ਆਪਣੇ ਅਧਿਕਾਰੀ 'ਤੇ ਵੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਕੁਝ ਸਮਾਂ ਪਹਿਲਾਂ ਪੰਜਾਬ ਯੂਨੀਵਰਸਿਟੀ ਵਿਚ ਐੱਲ. ਐੱਲ. ਬੀ. ਕਰਨ ਵਾਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਕਈ ਕਿਤਾਬਾਂ ਲਿਖ ਚੁੱਕੇ ਹਨ ਅਤੇ ਸੰਤ ਕਬੀਰ ਸਬੰਧੀ ਉਨ੍ਹਾਂ ਦੀ ਕਿਤਾਬ ਕਾਫੀ ਪੰਸਦੀਦਾ ਹੈ। ਉਨ੍ਹਾਂ ਨੇ ਹੀ ਪਹਿਲੀ ਵਾਰ ਡੀ. ਆਈ. ਜੀ. ਰਹਿੰਦੇ ਹੋਏ ਗੌਂਡਰ ਨੂੰ ਫੜਵਾਇਆ ਸੀ ਅਤੇ ਉਸ ਦੀ ਜਾਂਚ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਉਹ ਕਿਸੇ ਦੀ ਸੁਣਦੇ ਨਹੀਂ ਅਤੇ ਜੋ ਸੱਚ ਹੈ ਉਸ 'ਤੇ ਹੀ ਪਹਿਰਾ ਦਿੰਦੇ ਹਨ। ਇਹੀ ਵਜ੍ਹਾ ਹੈ ਕਿ ਰਾਜਨੀਤਕ ਲੋਕਾਂ ਨੇ ਉਨ੍ਹਾਂ ਦੇ ਵਾਰ-ਵਾਰ ਤਬਾਦਲੇ ਕਰਵਾਏ।


Related News