1902 ''ਚ ਉਸਾਰੇ ਵਿਕਟੋਰੀਆ ਟਾਵਰ ਦੀ ਹਾਲਤ ਦਿਨੋ-ਦਿਨ ਹੋ ਰਹੀ ਹੈ ਖਸਤਾ

Monday, Sep 04, 2017 - 07:52 AM (IST)

ਫਰੀਦਕੋਟ  (ਹਾਲੀ) - ਬੇਸ਼ੱਕ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੁਰਾਤਨ ਵਿਰਸੇ ਨਾਲ ਜੋੜੀ ਰੱਖਣ ਦੇ ਮਨੋਰਥ ਨਾਲ ਸਰਕਾਰ ਵੱਲੋਂ ਪੁਰਾਤਨ ਇਮਾਰਤਾਂ ਦਾ ਰੱਖ ਰਖਾਵ ਵੱਡੀ ਪੱਧਰ 'ਤੇ ਕੀਤੇ ਜਾਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਦਾਅਵਿਆਂ ਵਿਚ ਕਿੰਨਾ ਕੁ ਦਮ ਹੈ, ਇਸ ਦਾ ਅੰਦਾਜ਼ਾ ਫਰੀਦਕੋਟ ਦੀਆਂ ਇਤਿਹਾਸਕ ਅਤੇ ਰਿਆਸਤੀ ਇਮਾਰਤਾਂ ਦੀ ਸਾਂਭ-ਸੰਭਾਲ ਤੋਂ ਲੱਗ ਜਾਂਦਾ ਹੈ, ਜਿਸ ਦੀ ਤਾਜ਼ਾ ਮਿਸਾਲ ਬਣਿਆ ਹੋਇਆ ਹੈ ਇਥੋਂ ਦਾ ਘੰਟਾਘਰ। ਲੰਬੇ ਅਰਸੇ ਤੋਂ ਇਸ ਘੰਟਾਘਰ ਦਾ ਘੰਟਾ ਬੰਦ ਹੋ ਜਾਣ ਕਾਰਨ ਜੰਗ ਖਾ ਚੁੱਕਾ ਹੈ, ਜਿਸ ਸਦਕਾ ਹੁਣ ਹਰ ਘੰਟੇ ਬਾਅਦ ਆਪਣੇ ਰਿਵਾਇਤੀ ਅੰਦਾਜ਼ 'ਚ ਇਹ ਘੰਟਾ ਵਜਾ ਕੇ ਲੋਕਾਂ ਨੂੰ ਆਪਣੀ ਯਾਦ ਨਹੀਂ ਦਿਵਾਉਂਦਾ।
ਘੰਟਾਘਰ ਦਾ ਇਤਿਹਾਸ
1902 'ਚ ਉਸ ਵੇਲੇ ਦੇ ਰਾਜਾ ਬਲਬੀਰ ਸਿੰਘ ਨੇ ਮਹਾਰਾਣੀ ਵਿਕਟੋਰੀਆ ਦੀ ਯਾਦ ਵਿਚ ਇਸ ਟਾਵਰ (ਘੰਟਾਘਰ) ਦਾ ਨਿਰਮਾਣ ਕਰਵਾਇਆ ਸੀ। ਇਹ ਇਮਾਰਤ ਫ਼ਰਾਂਸੀਸੀ ਨਮੂਨੇ ਦੇ ਆਧਾਰ 'ਤੇ ਤਿਆਰ ਕੀਤੀ ਗਈ, ਜਿਸ ਦੀ ਲੰਬਾਈ 115 ਫ਼ੁੱਟ ਹੈ। ਇਸ ਵਿਕਟੋਰੀਆ ਟਾਵਰ ਦੀਆਂ ਘੜੀਆਂ ਸਵਿਟਜ਼ਰਲੈਂਡ ਤੋਂ ਮੰਗਵਾਈਆਂ ਗਈਆਂ ਸਨ, ਜੋ ਹਰ ਘੰਟੇ ਬਾਅਦ ਸਮੇਂ ਦੀ ਸੂਚਨਾ ਦੇਣ ਦੇ ਮਨੋਰਥ ਨਾਲ ਇੰਨੀ ਉੱਚੀ ਆਵਾਜ਼ 'ਚ ਘੰਟਾ ਵਜਾਉਂਦੀਆਂ ਸਨ ਕਿ ਇਸ ਦੀ ਆਵਾਜ਼ ਸਮੁੱਚੇ ਸ਼ਹਿਰ ਨਿਵਾਸੀਆਂ ਨੂੰ ਸੁਣਾਈ ਦਿੰਦੀ ਸੀ।
ਹੁਣ ਕੀ ਹੈ ਸਥਿਤੀ
ਹੁਣ ਦੀ ਸਥਿਤੀ ਦੀ ਗੱਲ ਕਰੀਏ ਤਾਂ ਹੌਲੀ-ਹੌਲੀ ਖਸਤਾ ਹੋ ਰਹੇ ਘੰਟਾਘਰ ਦੀ ਹਾਲਤ ਤਰਸਯੋਗ ਹੋ ਰਹੀ ਹੈ, ਜਿਥੇ ਆਪ ਮੁਹਾਰੇ ਉੱਗਣ ਵਾਲੀਆਂ ਬੂਟੀਆਂ ਇਸ ਦੀਆਂ ਤਰੇੜਾਂ 'ਚ ਪੁੰਗਰ ਰਹੀਆਂ ਹਨ, ਉਥੇ ਥਾਂ-ਥਾਂ ਤੋਂ ਤਰੇੜਾਂ ਪੈਣ ਕਾਰਨ ਇਸ ਦੀ ਹਾਲਤ ਕਮਜ਼ੋਰ ਹੁੰਦੀ ਜਾ ਰਹੀ ਹੈ। ਸਾਲ 2005 ਵਿਚ ਮਹਾਰਾਵਲ ਖੀਵਾ ਜੀ ਟਰੱਸਟ ਵੱਲੋਂ ਇਸ ਦੀ ਮੁਰੰਮਤ ਕਰਵਾਈ ਗਈ ਸੀ ਪਰ ਇਸ ਤੋਂ ਬਾਅਦ ਇਸ ਦੀ ਸਾਂਭ- ਸੰਭਾਲ ਕਰਨ ਲਈ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ। ਵੈਸੇ ਤਾਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ 'ਤੇ ਇਸ ਨੂੰ ਕਲੀ ਕਰ ਕੇ ਸੰਵਾਰ ਜ਼ਰੂਰ ਦਿੱਤਾ ਜਾਂਦਾ ਹੈ।
ਕੀ ਕਹਿੰਦੇ ਹਨ ਇਤਿਹਾਸ ਪ੍ਰੇਮੀ
ਫਰੀਦਕੋਟ ਦੀ ਸ਼ਾਨ ਬਣੇ ਇਸ ਵਿਕਟੋਰੀਆ ਟਾਵਰ ਬਾਰੇ ਇਤਿਹਾਸ ਪ੍ਰੇਮੀ ਇੰਜੀ. ਰਾਜ ਕੁਮਾਰ ਅਗਰਵਾਲ ਅਤੇ ਬਲਤੇਜ ਸਿੰਘ ਨੇ ਦੱਸਿਆ ਕਿ ਇਸ ਘੰਟਾਘਰ ਅਤੇ ਹੋਰ ਇਤਿਹਾਸਕ ਇਮਾਰਤਾਂ ਦੀ ਸੰਭਾਲ ਬਾਰੇ ਉਨ੍ਹਾਂ ਕਈ ਵਾਰ ਪ੍ਰਸ਼ਾਸਨ ਅਤੇ ਸਰਕਾਰ ਦੇ ਧਿਆਨ 'ਚ ਲਿਆਂਦਾ ਹੈ। ਉਨ੍ਹਾਂ ਦੱਸਿਆ ਕਿ ਫਰੀਦਕੋਟ ਸਮੇਤ ਪੰਜਾਬ 'ਚ ਬਹੁਤ ਘੱਟ ਜ਼ਿਲਿਆਂ ਵਿਚ ਅਜਿਹੀਆਂ ਇਮਾਰਤਾਂ ਬਚੀਆਂ ਹਨ, ਜੋ ਸੰਭਾਲਣਯੋਗ ਹਨ। ਵਿਕਟੋਰੀਆ ਟਾਵਰ ਉਨ੍ਹਾਂ ਵਿਚੋਂ ਇਕ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਸੰਭਾਲ ਲਈ ਪ੍ਰਸ਼ਾਸਨ ਆਪਣੇ ਤੌਰ 'ਤੇ ਕੀਤੇ ਜਾ ਸਕਣ ਵਾਲੇ ਪ੍ਰਬੰਧ ਜ਼ਰੂਰ ਕਰੇ।
ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਗੰਭੀਰ : ਜ਼ਿਲਾ ਅਧਿਕਾਰੀ
ਇਸ ਸਬੰਧ ਵਿਚ ਜਦ ਜ਼ਿਲਾ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਘੰਟਾਘਰ ਦੀ ਮੁਰੰਮਤ ਅਤੇ ਦੂਸਰੀਆਂ ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇਮਾਰਤਾਂ ਦੀ ਸੰਭਾਲ ਲਈ ਇਕ ਪ੍ਰਾਜੈਕਟ ਬਣਾ ਕੇ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਇਮਾਰਤਾਂ ਨੂੰ ਸਦੀਆਂ ਤੱਕ ਕਾਇਮ ਰੱਖਿਆ ਜਾ ਸਕੇ।  


Related News