ਜੈੱਟ ਇਮੀਗ੍ਰੇਸ਼ਨ ਦੀ ਮਾਲਕਣ ਡੌਲੀ ਫਿਰ ਚਲਾ ਰਹੀ ਸੀ ਠੱਗੀ ਦੀ ਦੁਕਾਨ

06/29/2018 7:16:45 AM

ਮੋਹਾਲੀ/ਖਰੜ, (ਕੁਲਦੀਪ, ਅਮਰਦੀਪ, ਸ਼ਸ਼ੀ, ਗਗਨਦੀਪ)- ਚਾਰ ਸਾਲ ਪਹਿਲਾਂ ਮੋਹਾਲੀ ਦੇ ਫੇਜ਼-5 ਸਥਿਤ ਜੈੱਟ ਇਮੀਗ੍ਰੇਸ਼ਨ ਨਾਂ ਦੀ ਕੰਪਨੀ ਖੋਲ੍ਹ ਕੇ ਆਪਣੇ ਪਤੀ ਦੀਪਕ ਅਰੋੜਾ ਦੇ ਨਾਲ ਮਿਲ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੀ ਡੌਲੀ ਅਰੋੜਾ ਨੇ ਆਪਣੇ ਉਹੀ ਪੁਰਾਣੇ ਸਾਥੀ ਕਰਨਦੀਪ ਸਿੰਘ ਉਰਫ ਪ੍ਰਗਟ ਸਿੰਘ ਨਾਲ ਮਿਲ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਫਿਰ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਦੀ ਭਿਣਕ ਜਿਵੇਂ ਹੀ ਪੁਲਸ ਨੂੰ ਲੱਗੀ ਤਾਂ ਪੁਲਸ ਨੇ ਡੌਲੀ ਅਰੋੜਾ ਨਿਵਾਸੀ ਸ਼ਿਵਾਲਿਕ ਸਿਟੀ ਖਰੜ, ਕਰਨਦੀਪ ਸਿੰਘ ਉਰਫ ਪ੍ਰਗਟ ਸਿੰਘ ਨਿਵਾਸੀ ਪਿੰਡ ਪਾਇਲ ਜ਼ਿਲਾ ਲੁਧਿਆਣਾ ਤੇ ਉਨ੍ਹਾਂ ਦੇ ਇਕ ਹੋਰ ਸਾਥੀ ਇਕਬਾਲ ਸਿੰਘ ਨਿਵਾਸੀ ਰੁੜਕੀ ਪੁਖਤਾ (ਖਰੜ) ਨੂੰ ਠੱਗੀ ਦੇ ਕੇਸ ਵਿਚ ਗ੍ਰਿਫਤਾਰ ਕਰ ਲਿਆ ਹੈ। ਤਿੰਨਾਂ ਖਿਲਾਫ ਪੁਲਸ ਸਟੇਸ਼ਨ ਸਿਟੀ ਖਰੜ ਵਿਚ ਕੇਸ ਦਰਜ ਕੀਤਾ ਗਿਆ ਹੈ। 
ਜ਼ਮਾਨਤ 'ਤੇ ਆਉਂਦਿਆਂ ਹੀ ਫਿਰ ਹੋਏ ਸਰਗਰਮ
ਜ਼ਿਕਰਯੋਗ ਹੈ ਕਿ ਡੌਲੀ ਅਰੋੜਾ ਤੇ ਕਰਨਦੀਪ ਸਿੰਘ ਖਿਲਾਫ ਪਹਿਲਾਂ ਵੀ ਠੱਗੀ ਦੇ ਕਈ ਕੇਸ ਦਰਜ ਹਨ। ਕਰਨਦੀਪ ਖਿਲਾਫ 80, ਡੌਲੀ ਖਿਲਾਫ 30 ਜਦੋਂਕਿ ਇਕਬਾਲ ਖਿਲਾਫ 4 ਠੱਗੀ ਦੇ ਕੇਸ ਦਰਜ ਹਨ। ਡੌਲੀ ਤੇ ਕਰਨਦੀਪ ਇਸ ਸਮੇਂ ਜ਼ਮਾਨਤ 'ਤੇ ਚੱਲ ਰਹੇ ਸਨ ।
ਜ਼ਮਾਨਤ 'ਤੇ ਆ ਕੇ ਡੌਲੀ ਤੇ ਕਰਨਦੀਪ ਨੇ ਫਿਰ ਉਹੀ ਠੱਗੀ ਦਾ ਧੰਦਾ ਸ਼ੁਰੂ ਕਰ ਦਿੱਤਾ ਤੇ ਸ਼ਿਵਾਲਿਕ ਵਿਹਾਰ ਖਰੜ ਸਥਿਤ ਇਕ ਕੋਠੀ ਵਿਚ ਗੁਪਤ ਢੰਗ ਨਾਲ ਆਪਣਾ ਦਫਤਰ ਖੋਲ੍ਹ ਲਿਆ ਸੀ । ਸੀ. ਆਈ. ਏ. ਸਟਾਫ ਦੇ ਇੰਚਾਰਜ ਤਰਲੋਚਨ ਸਿੰਘ ਨੇ ਦੱਸਿਆ ਕਿ ਤਿੰਨੋਂ ਮੁਲਜ਼ਮ ਫੋਨ 'ਤੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਆਪਣੇ ਚੁੰਗਲ ਵਿਚ ਫਸਾਉਂਦੇ ਸਨ ਤੇ ਕੈਨੇਡਾ ਭੇਜਣ ਦੇ ਨਾਂ 'ਤੇ 10 ਲੱਖ ਰੁਪਏ ਲੈ ਕੇ ਜਾਅਲੀ ਵੀਜ਼ੇ ਲਵਾ ਰਹੇ ਸਨ। 
ਕੈਨੇਡਾ ਦੇ ਜਾਅਲੀ ਵੀਜ਼ੇ ਵਾਲੇ ਪਾਸਪੋਰਟ ਤੇ ਨਕਦੀ ਬਰਾਮਦ
ਸੀ. ਆਈ. ਏ. ਸਟਾਫ ਦੇ ਇੰਚਾਰਜ ਤਰਲੋਚਨ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਡੌਲੀ ਅਰੋੜਾ, ਕਰਨਦੀਪ ਸਿੰਘ ਤੇ ਇਕਬਾਲ ਸਿੰਘ ਤੋਂ ਪੁਲਸ ਨੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਕੁਲ 15 ਪਾਸਪੋਰਟ ਤੇ ਦੋ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਚਾਰ ਪਾਸਪੋਰਟਾਂ 'ਤੇ ਕੈਨੇਡਾ ਦੇ ਜਾਅਲੀ ਵੀਜ਼ੇ ਵੀ ਲੱਗੇ ਹੋਏ ਸਨ। ਇਸ ਤੋਂ ਇਲਾਵਾ 'ਕੋਲਾਸ ਕੈਨੇਡਾ ਆਈ. ਐੱਨ. ਸੀ.' ਨਾਂ ਵਾਲੀ ਕਿਸੇ ਸੰਸਥਾ ਦੇ 13 ਇੰਪਲਾਈਮੈਂਟ ਐਗਰੀਮੈਂਟ ਸੈੱਟ, ਅਪਰੂਵਲ ਲੈਟਰ ਆਫ ਜਾਬ, ਇਕ ਹੋਰ ਕੰਪਨੀ ਤੇ ਹੋਟਲ ਦੀਆਂ ਦੋ ਮੋਹਰਾਂ ਵੀ ਬਰਾਮਦ ਹੋਈਆਂ ਹਨ। 
ਪੁਲਸ ਦੇ ਨਾਲ ਖੇਡਦੀ ਰਹੀ ਹੈ ਲੁਕਣ-ਮੀਟੀ 
ਦਿਲਚਸਪ ਗੱਲ ਇਹ ਹੈ ਕਿ ਫੇਜ਼-5 ਮੋਹਾਲੀ ਵਿਚ ਸੈਂਕੜੇ ਲੋਕਾਂ ਦੇ ਨਾਲ ਠੱਗੀਆਂ ਕਰ ਕੇ ਆਪਣੇ ਪਤੀ ਦੀਪਕ ਅਰੋੜਾ ਦੇ ਨਾਲ ਫਰਾਰ ਹੋਈ ਡੌਲੀ ਅਰੋੜਾ ਲੰਬੇ ਸਮੇਂ ਤੋਂ ਪੁਲਸ ਨਾਲ ਲੁਕਣ-ਮੀਟੀ ਖੇਡ ਰਹੀ ਸੀ । ਦੋਵੇਂ ਪਤੀ-ਪਤਨੀ ਭਗੌੜੇ ਚੱਲ ਰਹੇ ਸਨ ਤਾਂ ਪੁਲਸ ਨੇ ਕਈ ਸੂਬਿਆਂ ਵਿਚ ਦੋਵਾਂ ਦੀ ਗ੍ਰਿਫਤਾਰੀ ਸਬੰਧੀ ਰੇਡ ਕੀਤੀ ਸੀ ਪਰ ਬਾਅਦ ਵਿਚ ਪਤਾ ਲੱਗਾ ਸੀ ਕਿ ਡੌਲੀ ਅਰੋੜਾ ਤਾਂ ਪਤੀ ਦੇ ਨਾਲ ਜ਼ੀਰਕਪੁਰ ਵਿਚ ਹੀ ਗੁਪਤ ਢੰਗ ਨਾਲ ਕੰਪਨੀ ਚਲਾ ਰਹੀ ਸੀ । 
ਜ਼ੀਰਕਪੁਰ ਪੁਲਸ ਨੇ ਡੌਲੀ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਦੀਪਕ ਅਰੋੜਾ ਫਰਾਰ ਹੋ ਗਿਆ ਸੀ।  ਲੰਬੇ ਸਮੇਂ ਬਾਅਦ ਦੀਪਕ ਨੂੰ ਅੰਮ੍ਰਿਤਸਰ ਪੁਲਸ ਨੇ ਕਿਸੇ ਕੇਸ ਵਿਚ ਗ੍ਰਿਫਤਾਰ ਕੀਤਾ ਤਾਂ ਮੋਹਾਲੀ ਪੁਲਸ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ। ਦੀਪਕ ਅਰੋੜਾ ਖਿਲਾਫ ਪੁਲਸ ਸਟੇਸ਼ਨ ਫੇਜ਼-11 ਮੋਹਾਲੀ ਵਿਚ 100 ਤੋਂ ਵੀ ਜ਼ਿਆਦਾ ਕੇਸ ਦਰਜ ਹਨ ਤੇ ਹੁਣ ਦੀਪਕ ਜੇਲ ਵਿਚ ਹੈ। 


Related News