ਜੇ. ਈ., ਵੀ. ਡੀ. ਓ. ਤੇ ਪੰਚਾਇਤ ਸਕੱਤਰਾਂ ਨੇ ਪੰਚਾਇਤ ਸੰਮਤੀ ਦਫਤਰ ਸਾਹਮਣੇ ਕੀਤੀ ਨਾਅਰੇਬਾਜ਼ੀ
Tuesday, Sep 19, 2017 - 01:24 AM (IST)
ਸਮਾਣਾ, (ਦਰਦ)- ਬਲਾਕ ਵਿਕਾਸ ਤੇ ਪੰਚਾਇਤ ਦਫਤਰ ਸਮਾਣਾ ਦੀ ਜੇ. ਈ., ਗ੍ਰਾਮ ਸੇਵਕ ਤੇ ਪੰਚਾਇਤ ਸਕੱਤਰ ਯੂਨੀਅਨ ਨੇ ਸੋਮਵਾਰ ਸਵੇਰੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਭਗਵਾਨ ਸਿੰਘ ਦੀ ਅਗਵਾਈ ਹੇਠ ਪੰਚਾਇਤ ਸੰਮਤੀ ਦਫਤਰ ਸਾਹਮਣੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਦਿਆਂ ਸੂਬਾ ਸਰਕਾਰ ਤੇ ਬੀ. ਡੀ. ਪੀ. ਓ. ਸਮਾਣਾ ਖਿਲਾਫ ਡਟ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰਧਾਨ ਭਗਵਾਨ ਸਿੰਘ ਤੇ ਸਮੂਹ ਯੂਨੀਅਨ ਅਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਮੰਗ-ਪੱਤਰ ਬੀ. ਡੀ. ਪੀ. ਓ. ਸਮਾਣਾ ਨੂੰ ਦਿੱਤਾ ਸੀ। ਸੁਣਵਾਈ ਨਾ ਹੋਣ ਕਰ ਕੇ ਅੱਜ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਹੈ। ਧਰਨਾਕਾਰੀਆਂ ਦੇ ਮੰਗ-ਪੱਤਰ ਵਿਚ ਦਫਤਰ ਵੱਲੋਂ ਜਾਰੀ ਕੀਤੇ ਜਾਂਦੇ ਮਸਟਰੋਲ ਪੰਚਾਇਤ-ਵਾਈਜ਼ ਦੇਣ ਦੀ ਥਾਂ ਸੈਕਟਰੀ-ਵਾਈਜ਼ ਦਿੱਤੇ ਜਾਣ, ਦਫ਼ਤਰ ਵਿਚ ਇਕ ਨਵਾਂ ਵਾਟਰ ਕੂਲਰ ਲਾਉਣ, ਦਫਤਰ ਸਟਾਫ ਮੈਂਬਰਾਂ ਲਈ ਬਾਥਰੂਮਾਂ ਦੀ ਉਸਾਰੀ ਕਰਵਾਉਣ, ਵੀ. ਡੀ. ਓ. ਬ੍ਰਿਸ਼ਭਾਨ ਦੀ ਜੁਲਾਈ ਮਹੀਨੇ ਦੀ ਤਨਖਾਹ ਵਿਚੋਂ ਕੱਟੇ ਐੱਫ. ਟੀ. ਏ. ਨੂੰ ਤੁਰੰਤ ਜਾਰੀ ਕਰਨ ਅਤੇ ਨਵੇਂ ਆਏ ਜੇ. ਈ. ਨੂੰ ਪੰਚਾਇਤਾਂ ਦਾ ਚਾਰਜ ਤੁਰੰਤ ਦੇਣ ਦੀ ਮੰਗ ਤੋਂ ਇਲਾਵਾ ਹੋਰ ਵੀ ਦਰਜਨਾਂ ਮੰਗਾਂ ਸ਼ਾਮਲ ਹਨ।
ਯੂਨੀਅਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਨਾ ਕੀਤਾ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਇਸ ਮੌਕੇ ਬੀ. ਡੀ. ਪੀ. ਓ. ਸਮਾਣਾ ਅਕਬਰ ਅਲੀ ਦਫਤਰ ਵਿਚ ਤਾਂ ਨਹੀਂ ਮਿਲੇ ਪਰ ਫੋਨ 'ਤੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਮੁਲਾਜ਼ਮਾਂ ਦੀਆਂ ਜੋ ਮੰਗਾਂ ਮੇਰੇ ਕੋਲ ਆਈਆਂ ਸਨ, ਉਹ ਸਾਰੀਆਂ ਪ੍ਰਵਾਨ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਹੋਰ ਮੰਗਾਂ ਉਨ੍ਹਾਂ ਦੇ ਧਿਆਨ ਵਿਚ ਨਹੀਂ ਤੇ ਨਾ ਹੀ ਦਫਤਰ 'ਚ ਲਾਏ ਗਏ ਧਰਨੇ ਬਾਰੇ ਉਨ੍ਹਾਂ ਨੂੰ ਕੋਈ ਪਤਾ ਹੈ।
