ਇਤਿਹਾਸ ਦੀ ਡਾਇਰੀ: ਮੋਦੀ ਤੋਂ ਪਹਿਲਾਂ ਜਾਣੋ ਕਿਸ ਪ੍ਰਧਾਨ ਮੰਤਰੀ ਦੇ ਸਾਸ਼ਨਕਾਲ ''ਚ ਹੋਈ ਸੀ ਨੋਟਬੰਦੀ (ਵੀਡੀਓ)

Saturday, Feb 29, 2020 - 10:26 AM (IST)

ਜਲੰਧਰ (ਬਿਊਰੋ): 2016 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਨੋਟਬੰਦੀ ਕੀਤੀ ਤਾਂ ਪੂਰੇ  ਦੇਸ਼ 'ਚ ਹਾਹਾਕਾਰ ਮਚ ਗਈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਨੋਟਬੰਦੀ ਪਹਿਲੀ ਵਾਰ ਨਹੀਂ ਹੋਈ ਸੀ। ਦੇਸ਼ ਦੇ ਚੌਥੇ ਪ੍ਰਧਾਨਮੰਤਰੀ ਮੋਰਾਰਜੀ ਦੇਸਾਈ ਨੇ ਆਜ਼ਾਦ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਨੋਟਬੰਦੀ ਕੀਤੀ ਸੀ। ਇਤਿਹਾਸ ਦੀ ਡਾਇਰੀ ਦੇ ਅੱਜ ਦੇ ਐਪੀਸੋਡ 'ਚ ਅੱਸੀਂ ਗੱਲ ਕਰਾਂਗੇ ਪਹਿਲੀ ਵਾਰ ਨੋਟਬੰਦੀ ਕਰਨ ਵਾਲੇ ਦੇਸ਼ ਦੇ ਚੌਥੇ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੀ,ਜਿਨ੍ਹਾਂ ਦਾ ਅੱਜ ਜਨਮਦਿਨ ਹੈ। ਮੋਰਾਰਜੀ ਦੇਸਾਈ ਦੇਸ਼ ਦੇ ਚੌਥੇ ਪ੍ਰਧਾਨਮੰਤਰੀ ਸਨ ਜੋ 81 ਸਾਲ ਦੀ ਉਮਰ 'ਚ ਪ੍ਰਧਾਨਮੰਤਰੀ ਬਣੇ ਤੇ ਉਨ੍ਹਾਂ ਦਾ ਰਿਕਾਰਡ ਅੱਜ ਤੱਕ ਕਾਇਮ ਹੈ।ਹਾਲਾਂਕਿ ਉਨ੍ਹਾਂ ਦੀ ਸਰਕਾਰ ਸਿਰਫ਼ 2 ਸਾਲ ਤੱਕ ਹੀ ਰਹੀ। ਮੋਰਾਰਜੀ ਦੇਸਾਈ ਦਾ ਜਨਮ 29 ਫਰਵਰੀ 1896 ਨੂੰ ਗੁਜਰਾਤ ਦੇ ਪਿੰਡ ਭਦੇਲੀ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇੱਕ ਸਕੂਲ ਟੀਚਰ ਸਨ, ਜਿਨ੍ਹਾਂ ਨੇ ਮੋਰਾਰਜੀ ਦੇਸਾਈ ਨੂੰ ਸਖਤ ਮਿਹਨਤ ਤੇ ਸੱਚਾਈ ਦੇ ਸਿਧਾਂਤਾਂ 'ਤੇ ਚੱਲਣ ਦੀ ਸਿੱਖਿਆ ਦਿੱਤੀ।ਦੇਸਾਈ ਨੇ ਸ਼ੁਰੂਆਤੀ ਪੜ੍ਹਾਈ ਸੈਂਟ ਬੁਸਰ ਹਾਈ ਸਕੂਲ ਤੋਂ ਕੀਤੀ ਤੇ 1918 'ਚ ਮੁੰਬਈ ਦੇ ਚਿਲਸਨ ਸਿਵਲ ਸਰਵਿਸਸ ਤੋਂ ਗ੍ਰੈਜੂਏਟ ਕੀਤੀ। ਮੋਰਾਰਜੀ ਨੇ 12 ਸਾਲਾਂ ਤੱਕ ਡਿਪਟੀ ਕਲੈਕਟਰ ਵੱਜੋਂ ਕੰਮ ਕੀਤਾ।

ਸੁਤੰਤਰਤਾ ਦੀ ਲੜਾਈ
ਮੋਰਾਰਜੀ ਦੇਸਾਈ ਆਜ਼ਾਦੀ ਘੁਲਾਟੀਏ ਵੀ ਸਨ। ਸਾਲ 1929 'ਚ ਉਨ੍ਹਾਂ ਨੇ ਸਰਕਾਰੀ ਨੌਕਰੀ ਨੂੰ ਛੱਡ ਕੇ ਭਾਰਤ ਦੀ ਸੁਤੰਤਰਤਾ ਦੀ ਲੜ੍ਹਾਈ 'ਚ ਹਿੱਸਾ ਲਿਆ ਤੇ ਤਿੰਨ ਵਾਰ ਜੇਲ ਗਏ। 1931 ਨੂੰ ਇਨ੍ਹਾਂ ਨੂੰ ਭਾਰਤੀ ਰਾਸ਼ਟਰੀ ਕਾਂਗਰਸ 'ਚ ਅਹਿਮ ਸਥਾਨ ਮਿਲਿਆ ਤੇ 1937 ਚ ਗੁਜਰਾਤ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ, ਜਿਸ ਤੋਂ ਬਾਅਦ ਇਨ੍ਹਾਂ ਨੇ ਗੁਜਰਾਤ 'ਚ ਭਾਰਤੀ ਯੁਵਾ ਕਾਂਗਰਸ ਦਾ ਗਠਨ ਕੀਤਾ।ਮੋਰਾਰਜੀ ਦੇਸਾਈ ਦਾ ਸਿਆਸੀ ਸਫ਼ਰ ਬੇਹੱਦ ਗੁੰਝਲਦਾਰ ਰਿਹਾ। ਮੋਰਾਰਜੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਸਨ,ਜੋ ਗੈਰ-ਕਾਂਗਰਸੀ ਸੀ। ਪ੍ਰਧਾਨ ਮੰਤਰੀ ਲਈ ਮੋਰਾਰਜੀ ਦੇਸਾਈ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਇਥੋਂ ਤੱਕ ਕਿ ਉਨ੍ਹਾਂ ਨੂੰ ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ਖਿਲਾਫ ਵੀ ਜਾਣਾ ਪਿਆ।ਆਜ਼ਾਦੀ ਦੀ ਲੜਾਈ 'ਚ ਭਾਗ ਲੈਣ ਕਾਰਨ ਮੋਰਾਰਜੀ ਦੇਸਾਈ ਆਜ਼ਾਦੀ ਮਗਰੋਂ ਮੰਨਿਆ-ਪਰਮੰਨਿਆ ਚਿਹਰਾ ਬਣ ਚੁੱਕੇ ਸਨ। ਦੇਸ਼ ਦੀ ਰਾਜਨੀਤੀ 'ਚ ਮੋਰਾਰਜੀ ਦੇਸਾਈ ਦਾ ਨਾਮ ਵਜਨਦਾਰ ਹੋ ਚੁੱਕਾ ਸੀ। ਹਾਲਾਂਕਿ ਉਨ੍ਹਾਂ ਦੀ ਦਿਲਚਸਪੀ ਸੂਬੇ ਦੀ ਰਾਜਨੀਤੀ 'ਚ ਸੀ। ਇਹੀ ਕਾਰਨ ਸੀ ਕਿ 1952 'ਚ ਇਨ੍ਹਾਂ ਨੂੰ ਬੰਬਈ ਦਾ ਮੁੱਖ ਮੰਤਰੀ ਬਣਾਇਆ ਗਿਆ। 1967 'ਚ ਜਦੋਂ ਇੰਦਰਾ ਗਾਂਧੀ ਪ੍ਰਧਾਨਮੰਤਰੀ ਬਣੇ ਤਾਂ ਮੋਰਾਰਜੀ ਦੇਸਾਈ ਇਹ ਗੱਲ ਰਾਸ ਨਹੀਂ ਆਈ। ਬਿਨਾ-ਸ਼ੱਕ ਮੋਰਾਰਜੀ ਨੂੰ ਉਪ-ਪ੍ਰਧਾਨਮੰਤਰੀ ਤੇ ਗ੍ਰਹਿ ਮੰਤਰੀ ਦਾ ਅਹੁਦਾ ਮਿਲਿਆ ਪਰ ਉਹ ਖੁਸ਼ ਨਹੀਂ ਸਨ। ਮੋਰਾਰਜੀ ਨਿਰਾਸ਼ ਸਨ ਕਿ ਇਕ ਸੀਨੀਅਰ ਕਾਂਗਰਸੀ ਨੇਤਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਬਜਾਏ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਇਹੀ ਕਾਰਨ ਸੀ ਕਿ ਮੋਰਾਰਜੀ ਇੰਦਰਾ ਗਾਂਧੀ ਵੱਲੋਂ ਚੁੱਕੇ ਜਾ ਰਹੇ ਇਨਕਲਾਬੀ ਕਦਮਾਂ 'ਚ ਅੜਿੱਕੇ ਪਾਉਂਦੇ ਰਹੇ।

ਪ੍ਰਧਾਨਮੰਤਰੀ ਅਹੁਦਾ
1977 'ਚ ਮੋਰਾਰਜੀ ਦੇਸਾਈ ਦੀ ਪ੍ਰਧਾਨਮੰਤਰੀ ਬਣਨ ਦੀ ਤਮੰਨਾ ਵੀ ਪੂਰੀ ਹੋ  ਗਈ ਪਰ ਇਸ ਲਈ ਉਨ੍ਹਾਂ ਨੂੰ ਆਪਣੀ ਹੀ ਪਾਰਟੀ ਦੇ ਆਗੂਆਂ ਨਾਲ ਮੱਥਾ ਲਾਉਣਾ ਪਿਆ।ਇੰਦਰਾ ਗਾਂਧੀ ਤੇ ਦੇਸਾਈ ਵਿਚਾਲੇ ਸੰਬੰਧ ਚੰਗੇ ਨਹੀਂ ਸਨ,ਆਪਸੀ ਵਾਦ-ਵਿਵਾਦ ਤੋਂ ਬਾਅਦ ਕਾਂਗਰਸ ਪਾਰਟੀ ਦੋ ਟੁਕੜਿਆਂ 'ਚ ਹੋ ਗਈ ਸੀ। ਕਾਂਗਰਸ-ਆਈ ਤੇ ਕਾਂਗਰਸ-ਓ ਤੇ ਮੋਰਾਰਜੀ ਦੇਸਾਈ ਨੇ ਇੰਦਰਾ ਗਾਂਧੀ ਦੀ ਕਾਂਗਰਸ-ਆਈ ਨੂੰ ਛੱਡ ਕੇ ਵਿਰੋਧੀ ਪਾਰਟੀ ਸਿੰਡੀਕੇਟ ਦੇ ਕਾਂਗਰਸ-ਓ ਨੂੰ ਚੁਣਿਆ। ਮੋਰਾਰਜੀ ਦੇਸਾਈ ਨੂੰ ਸੰਸਦ 'ਚ ਜਨਤਾ ਪਾਰਟੀ ਦਾ ਲੀਡਰ ਬਣਾਇਆ ਗਿਆ।ਜਿਸ ਤੋਂ ਬਾਅਦ 1977 ਦੀਆਂ ਚੋਣਾਂ ਦੇ ਨਤੀਜੇ ਵੱਜੋਂ ਜਨਤਾ ਪਾਰਟੀ ਨੂੰ ਬਹੁਮਤ ਮਿਲਿਆ ਤੇ ਦੇਸ਼ 'ਚ ਪਹਿਲੀ ਵਾਰ ਗੈਰ-ਕਾਂਗਰਸ ਸਰਕਾਰ ਨੇ ਸੱਤਾ ਹਾਸਲ ਕੀਤੀ..ਮੋਰਾਜੀ ਦੇਸਾਈ ਨੁੰ 24 ਮਾਰਚ 1977 ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ

ਗੁਆਂਢੀ ਮੁਲਕਾਂ ਨਾਲ ਸੰਬੰਧ
ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਰਾਰਜੀ ਦੇਸਾਈ ਨੇ ਗੁਆਂਢੀ ਮੁਲਕਾਂ ਨਾਲ ਰਿਸ਼ਤਿਆਂ 'ਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਮੋਰਾਰਜੀ ਨੇ ਬਹੁਤ ਸਮਝਦਾਰੀ ਨਾਲ ਭਾਰਤ-ਪਾਕਿਸਤਾਨ ਦੇ ਰਿਸ਼ਤੇ ਸੁਧਾਰੇ। ਇਹੀ ਨਹੀਂ ਮੋਰਾਰਜੀ ਨੇ 1962 'ਚ ਹੋਈ ਚੀਨ ਨਾਲ ਜੰਗ ਤੋਂ ਬਾਅਦ ਉਨ੍ਹਾਂ ਨਾਲ ਸਿਆਸੀ ਸੰਬੰਧਾਂ ਨੂੰ ਸੁਧਾਰਨ ਦੀ ਵੀ ਕੋਸ਼ਿਸ਼ ਕੀਤੀ।

ਮੋਰਾਰਜੀ ਦੇ ਅਹਿਮ ਫੈਸਲੇ
ਮੋਰਾਰਜੀ ਦੇਸਾਈ ਬਿਨਾ-ਸ਼ੱਕ 2 ਸਾਲ ਦਾ ਹੀ ਦੇਸ਼ ਦੇ ਪ੍ਰਧਾਨਮੰਤਰੀ ਰਹੇ,ਪਰ ਆਪਣੇ ਸ਼ਾਸਨਕਾਲ ਦੌਰਾਨ ਉਨ੍ਹਾਂ ਨੇ ਕਈ ਵੱਡੇ ਅਹਿਮ ਫੈਸਲੇ ਲਏ। ਕਾਲੇ ਧਨ ਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਜਨਵਰੀ 1978 'ਚ ਮੋਰਾਰਜੀ ਸਰਕਾਰ ਨੇ ਪਹਿਲੀ ਵਾਰ ਨੋਟਬੰਦੀ ਕੀਤੀ। ਉਸ ਵੇਲੇ ਵੀ 1000,5000 ਤੇ 10,000 ਦੇ ਨੋਟਾਂ ਨੂੰ ਗੈਰ-ਕਾਨੂੰਨੀ ਕਰਾਰ ਕਰ ਇਹ ਨੋਟ ਬੰਦ ਕਰ ਦਿੱਤੇ ਸਨ। ਹਾਲਾਂਕਿ ਤਤਕਾਲੀਨ ਆਰਬੀਆਈ ਗਵਰਨਰ ਆਈ.ਜੀ ਪਟੇਲ ਨੇ ਸਰਕਾਰ ਦੇ ਇਸ ਫੈਸਲੇ ਦੀ ਆਲੋਚਨਾ ਕੀਤੀ ਸੀ। ਮੋਰਾਰਜੀ ਨੇ ਐਮਰਜੈਂਸੀ ਦੌਰਾਨ ਬਣਾਏ ਕਈ ਕਾਨੂੰਨਾਂ ਨੂੰ ਬਦਲਿਆ ਤੇ ਅਜਿਹੇ ਨਿਯਮ ਬਣਾਏ ਜਿਸ ਨਾਲ ਭਵਿੱਖ 'ਚ ਕਿਸੀ ਵੀ ਸਰਕਾਰ ਦੇ ਸਾਹਮਣੇ ਐਮਰਜੈਂਸੀ ਦੀ ਸਥਿਤੀ ਨਾ ਆਵੇ।
ਜਨਵਰੀ 1978 ਨੂੰ ਮੋਰਾਰਜੀ ਸਰਕਾਰ ਨੇ ਪਹਿਲੀ ਵਾਰ ਨੋਟਬੰਦੀ ਕੀਤੀ।
1000,5000 ਤੇ 10,000 ਦੇ ਨੋਟਾਂ ਨੂੰ ਕੀਤਾ ਗਿਆ ਬੰਦ।
ਤਤਕਾਲੀਨ ਆਰਬੀਆਈ ਗਵਰਨਰ ਆਈਜੀ ਪਟੇਲ ਨੇ ਕੀਤਾ ਸੀ ਵਿਰੋਧ।
ਅਜਿਹੇ ਕਾਨੂੰਨ ਬਣਾਏ ਕਿ ਕਿਸੀ ਵੀ ਸਰਕਾਰ ਨੂੰ ਐਮਰਜੈਂਸੀ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ।

ਐਵਾਰਡ
1990 'ਚ ਮੋਰਾਰਜੀ ਦੇਸਾਈ ਨੂੰ ਪਾਕਿਸਤਾਨ ਸਰਕਾਰ ਵੱਲੋਂ ਨਿਸ਼ਾਨ-ਏ-ਪਾਕਿਸਤਾਨ ਨਾਲ ਸਨਮਾਨਿਤ ਕੀਤਾ।
1991 'ਚ ਭਾਰਤ ਦਾ ਸਰਬਉੱਚ ਸਨਮਾਨ 'ਭਾਰਤ ਰਤਨ' ਮਿਲਿਆ।

ਮੌਤ
ਪ੍ਰਧਾਨਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਮੋਰਾਰਜੀ ਦੇਸਾਈ ਨੇ 83 ਸਾਲ ਦੀ ਉਮਰ 'ਚ ਰਾਜਨੀਤੀ ਤੋਂ ਸੰਨਿਆਸ ਲੈ ਲਿਆ....10 ਅਪ੍ਰੈਲ 1995 ਨੂੰ ਮੋਰਾਰਜੀ ਦੁਨਿਆ ਨੂੰ ਅਲਵਿਦਾ ਕਹਿ ਗਏ।
29 ਫਰਵਰੀ ਦਾ ਦਿਨ ਇਤਿਹਾਸ ਦੇ ਪੰਨਿਆਂ 'ਚ ਕੁਝ ਹੋਰ ਘਟਨਾਵਾਂ ਕਰਕੇ ਵੀ ਯਾਦ ਕੀਤਾ ਹੈ।
1960- ਮੋਰੱਕੋ ਦੇ ਦੱਖਣੀ ਸ਼ਹਿਰ ਅਗਾਦੀਰ 'ਚ ਆਏ ਭਿਆਨਕ ਭੂਚਾਲ 'ਚ ਹਜ਼ਾਰਾਂ ਦੀ ਮੌਤ।
1984- ਕੈਨੇਡੀਅਨ ਪ੍ਰਧਾਨਮੰਤਰੀ ਪਿਅਰੇ ਟਰੂਡੋ ਨੇ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ।
1996- ਚਾਰ ਸਾਲ ਤੱਕ ਲਗਾਤਾਰ ਹਮਲਿਆਂ ਤੋਂ ਬਾਅਦ ਬੋਸਨੀਆ ਦੀ ਰਾਜਧਾਨੀ ਸਰਾਜੇਵੋ ਦੀ ਘੇਰਾਬੰਦੀ ਖਤਮ ਹੋ ਗਈ।
..ਹੁਣ ਇੱਕ ਨਜ਼ਰ ਉਨ੍ਹਾਂ ਮਹਾਨ ਸ਼ਖਸੀਅਤਾਂ 'ਤੇ ਜਿਨ੍ਹਾਂ ਦਾ ਅੱਜ ਦੇ ਦਿਨ ਹੋਇਆ ਸੀ ਜਨਮ।
1896: ਭਾਰਤ ਦੇ ਚੌਥੇ ਪ੍ਰਧਾਨਮੰਤਰੀ ਮੋਰਾਰਜੀ ਦੇਸਾਈ ਦਾ ਹੋਇਆ ਸੀ ਜਨਮ।
1984: ਮਸ਼ਹੂਰ ਅਭਿਨੇਤਰੀ ਜਾਨਵੀ ਛੇੜਾ ਦਾ ਹੋਇਆ ਸੀ ਜਨਮ।
ਸੀ.ਆਈ.ਡੀ. 'ਚ ਸ਼੍ਰੇਆ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਅਭਿਨੇਤਰੀ ਜਾਨਵੀ ਛੇੜਾ ਦਾ ਹੋਇਆ ਸੀ ਜਨਮ।


author

Shyna

Content Editor

Related News