ਨਿਊਰੋ ਸਰਜਰੀ ’ਚ PGI ਨੇ ਬਣਾਇਆ ਨਵਾਂ ਇਤਿਹਾਸ, ਪੜ੍ਹੋ ਪੂਰੀ ਖ਼ਬਰ
Sunday, Jul 13, 2025 - 02:16 PM (IST)

ਚੰਡੀਗੜ੍ਹ (ਪਾਲ) : ਦੇਸ਼ ਦੇ ਮੈਡੀਕਲ ਇਤਿਹਾਸ ’ਚ ਇਕ ਹੋਰ ਸੁਨਹਿਰੀ ਅੱਖਰ ਜੁੜ ਗਿਆ ਹੈ। ਪੀ. ਜੀ. ਆਈ. ਦੇ ਸੀਨੀਅਰ ਨਿਊਰੋ ਸਰਜਨ ਡਾ. ਰਾਜੇਸ਼ ਛਾਬੜਾ ਨੇ ਨਿਊਰੋ ਸਰਜਰੀ ਦੇ ਖੇਤਰ ’ਚ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ ਹੈ। ਪਿਛਲੇ 7 ਸਾਲਾਂ ’ਚ ਉਨ੍ਹਾਂ ਨੇ 1000 ਤੋਂ ਵੱਧ ਪਿਟਿਊਟਰੀ ਟਿਊਮਰ ਮਰੀਜ਼ਾਂ ਦੀ ਐਂਡੋਸਕੋਪਿਕ ਸਰਜਰੀ ਕੀਤੀ ਹੈ। ਇਹ ਸਰਜਰੀ ਖੋਪੜੀ ਖੋਲ੍ਹਣ ਦੇ ਬਿਨਾਂ ਸਿੱਧੀ ਨੱਕ ਰਾਹੀਂ ਕੀਤੀ ਜਾਂਦੀ ਹੈ। ਇਹ ਪ੍ਰਾਪਤੀ ਨਾ ਸਿਰਫ਼ ਦੇਸ਼ ’ਚ, ਸਗੋਂ ਦੁਨੀਆ ’ਚ ਇਕ ਸਰਜਨ ਵੱਲੋਂ ਕੀਤੀ ਸਭ ਤੋਂ ਵੱਡੀ ਸਰਜਰੀ ਲੜੀ ’ਚ ਗਿਣੀ ਜਾਂਦੀ ਹੈ।
ਪਿਟਿਊਟਰੀ ਟਿਊਮਰ : ਸਰੀਰ ਦੀ ਮਾਸਟਰ ਗ੍ਰੰਥੀ, ਸਮੇਂ ’ਤੇ ਪਛਾਣ ਜ਼ਰੂਰੀ
ਪਿਟਿਊਟਰੀ ਗ੍ਰੰਥੀ ਮਟਰ ਦੇ ਆਕਾਰ ਦੀ ਹੁੰਦੀ ਹੈ ਪਰ ਇਹ ਸਰੀਰ ਦੀ ‘ਮਾਸਟਰ ਗ੍ਰੰਥੀ’ ਮੰਨੀ ਜਾਂਦੀ ਹੈ। ਇਸ ’ਚ ਟਿਊਮਰ ਬਣਨ ਨਾਲ ਹਾਰਮੋਨਲ ਗੜਬੜ, ਅੱਖਾਂ ਦੀ ਰੌਸ਼ਨੀ ਘਟਣਾ, ਦਿਮਾਗ ਦੀ ਨਸਾਂ ’ਤੇ ਦਬਾਅ ਤੇ ਕਈ ਵਾਰ ਜੀਵਨ ਲਈ ਵੀ ਖ਼ਤਰਾ ਪੈਦਾ ਹੋ ਜਾਂਦਾ ਹੈ। ਅਤੀਤ ’ਚ ਇਹ ਟਿਊਮਰ ਕ੍ਰੈਨੀਓਟੋਮੀ ਰਾਹੀਂ ਭਾਵ ਖੋਪੜੀ ਖੋਲ੍ਹ ਕੇ ਹਟਾਇਆ ਜਾਂਦਾ ਸੀ, ਜੋ ਬਹੁਤ ਹੀ ਜ਼ੋਖ਼ਮ ਭਰਿਆ ਸੀ ਪਰ ਹੁਣ ਐਂਡੋਸਕੋਪਿਕ ਸਰਜਰੀ ਤਕਨੀਕ ਰਾਹੀਂ ਨੱਕ ਰਾਹੀਂ ਹੀ ਇਹ ਟਿਊਮਰ ਹਟਾਇਆ ਜਾਂਦਾ ਹੈ, ਬਿਨਾਂ ਕਿਸੇ ਬਾਹਰੀ ਨਿਸ਼ਾਨ ਤੇ ਛੋਟ ਦੇ।
ਐਂਡੋਸਕੋਪਿਕ ਤਕਨੀਕ, ਖੋਪੜੀ ਕੱਟਣ ਦੀ ਲੋੜ ਨਹੀਂ, ਨੱਕ ਤੋਂ ਹੀ ਇਲਾਜ
ਹੁਣ ਐਂਡੋਸਕੋਪਿਕ ਤਕਨੀਕ ਨਾਲ ਬਿਨਾਂ ਬਾਹਰੀ ਚੀਰੇ ਦੇ ਨੱਕ ਰਾਹੀਂ ਸਰਜਰੀ ਕੀਤੀ ਜਾਂਦੀ ਹੈ। ਡਾ. ਰਾਜੇਸ਼ ਛਾਬੜਾ ਅਤੇ ਉਨ੍ਹਾਂ ਦੀ ਟੀਮ ਇਸ ਤਕਨੀਕ ਦੇ ਮਾਹਰ ਹਨ। ਸਰਜਰੀ ਨਾਲ ਅੱਖਾਂ ਦੀ ਰੌਸ਼ਨੀ ਬਚਾਈ ਜਾ ਸਕਦੀ ਹੈ। ਹਾਰਮੋਨਲ ਸੰਤੁਲਨ ਵੀ ਬਰਕਰਾਰ ਰਹਿੰਦਾ ਹੈ। ਹਸਪਤਾਲ ’ਚ ਘੱਟ ਸਮਾਂ ਰੁਕਣਾ ਪੈਂਦਾ ਹੈ। ਕੋਈ ਬਾਹਰੀ ਨਿਸ਼ਾਨ ਨਹੀਂ ਰਹਿੰਦਾ। ਨਾਲ ਹੀ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ।
ਟੀਮ ਵਰਕ ਨਾਲ ਕਾਮਯਾਬੀ ਸੰਭਵ
ਡਾ. ਛਾਬੜਾ ਮੁਤਾਬਕ ਇਹ ਸਫ਼ਲਤਾ ਉਨ੍ਹਾਂ ਦੀ ਨਹੀਂ, ਪੂਰੀ ਪੀ. ਜੀ. ਆਈ. ਟੀਮ ਦੀ ਜਿੱਤ ਹੈ। ਇਸ ’ਚ ਨਿਊਰੋਸਰਜਰੀ ਤੋਂ ਡਾ. ਅਪਿੰਦਰਪ੍ਰੀਤ ਸਿੰਘ, ਈ. ਐੱਨ. ਟੀ. ਡਾ. ਰਮਨਦੀਪ ਵਿਰਕ, ਐਂਡੋਕਰੀਨੋਲੋਜੀ ਡਾ. ਪਿਨਾਕੀ ਦੱਤਾ, ਡਾ. ਰਮਾ ਆਹਲੂਵਾਲੀਆ, ਨਿਊਰੋਰਾਡੀਓਲੋਜੀ ਡਾ. ਚਿਰਾਗ ਕਮਲ ਆਹੂਜਾ ਤੇ ਨਿਊਰੋਏਨੇਸਥੀਸੀਆ ਤੋਂ ਡਾ. ਨਿਧੀ ਪਾਂਡਾ ਤੇ ਉਨ੍ਹਾਂ ਦੀ ਟੀਮ ਸ਼ਾਮਲ ਹੈ। ਇਹ ਇੰਟਰਡਿਸ਼ਿਪਲਿਨਰੀ ਟੀਮ ਵਰਕ ਦੁਆਰਾ ਹੀ ਸੰਭਵ ਹੋ ਸਕਿਆ। ਡਾ. ਛਾਬੜਾ ਤੇ ਉਨ੍ਹਾਂ ਦੀ ਟੀਮ ਦਾ ਇਹ ਯੋਗਦਾਨ ਦੇਸ਼ ਨੂੰ ਨਿਊਰੋਸਰਜਰੀ ਦੇ ਖੇਤਰ ’ਚ ਵਿਸ਼ਵ ਪੱਧਰ ’ਤੇ ਮਜ਼ਬੂਤੀ ਨਾਲ ਸਥਾਪਤ ਕਰਦਾ ਹੈ।