ਆਈ. ਟੀ. ਬੀ. ਪੀ. ਦੀ ਡਿਪਟੀ ਕਮਾਂਡੈਟ ਦਾ ''ਜਿਣਸੀ ਸ਼ੋਸਣ'' ਦੇ ਮੁੱਦੇ ''ਤੇ ਅਸਤੀਫਾ

10/23/2019 12:26:51 PM

ਚੰਡੀਗੜ੍ਹ (ਭੁੱਲਰ) : ਇੰਡੋ-ਤਿੱਬਤ ਬਾਰਡਰ ਪੁਲਸ ਫੋਰਸ (ਆਈ. ਟੀ. ਬੀ. ਪੀ.) ਦੇ ਨਾਰਥ ਵੈਸਟ ਫਰੰਟੀਅਰ ਹੈਡਕੁਆਟਰ ਬਹਿਲਾਣਾ ਕੈਂਪ, ਚੰਡੀਗੜ੍ਹ ਵਿਖੇ ਡਿਪਟੀ ਜੱਜ ਅਟਾਰਨੀ ਜਨਰਲ ਦੇ ਅਹੁਦੇ 'ਤੇ ਤਾਇਨਾਤ ਡਿਪਟੀ ਕਮਾਂਡੈਂਟ ਕਰੁਨਾਜੀਤ ਕੌਰ ਨੇ ਫੋਰਸ 'ਚ ਮਹਿਲਾ ਅਧਿਕਾਰੀਆਂ ਪ੍ਰਤੀ ਪੁਰਸ਼ ਅਧਿਕਾਰੀਆਂ ਦੇ ਬੁਰੇ ਰਵੱਈਏ ਅਤੇ ਅਸੁਰੱਖਿਅਤ ਸਥਿਤੀਆਂ ਤੋਂ ਤੰਗ ਆ ਕੇ ਅਸਤੀਫ਼ਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਰੁਨਾਜੀਤ ਕੌਰ ਦੂਰਦਰਸ਼ਨ ਜਲੰਧਰ ਦੇ ਸਾਬਕਾ ਸੀਨੀਅਰ ਡਾਇਰੈਕਟਰ ਡਾ. ਦਲਜੀਤ ਸਿੰਘ ਦੀ ਬੇਟੀ ਹੈ।

ਇਥੇ ਪ੍ਰੈਸ ਕਾਨਫਰੰਸ ਦੌਰਾਨ ਉਸ ਨੇ ਆਈ. ਟੀ. ਬੀ.ਪੀ. 'ਚ ਮਹਿਲਾ ਅਧਿਕਾਰੀਆਂ ਦੀ ਅਤਿ ਬੁਰੀਆਂ ਸੇਵਾ ਹਾਲਤਾਂ ਬਾਰੇ ਅਹਿਮ ਖੁਲਾਸੇ ਕੀਤੇ। ਕਰੁਨਾਜੀਤ ਨੇ ਆਈ. ਟੀ. ਬੀ.ਪੀ. 'ਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਉਠਾਏ। ਮਹਿਲਾ ਅਧਿਕਾਰੀਆਂ ਦੀ ਫੋਰਸ 'ਚ ਹਾਲਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਥੇ ਉਨ੍ਹਾਂ ਨੂੰ ਅਧਿਕਾਰੀ ਮਨੋਰੰਜਨ ਦਾ ਸਾਧਨ ਹੀ ਸਮਝਦੇ ਹਨ ਤੇ ਉਨ੍ਹਾਂ ਦਾ ਜਿਣਸੀ ਸ਼ੋਸ਼ਣ ਹੁੰਦਾ ਹੈ। ਆਪਣੇ ਨਾਲ ਵਾਪਰੀ ਘਟਨਾ ਨੂੰ ਵੀ ਉਸ ਨੇ ਉਦਾਹਰਨ ਦੇ ਤੌਰ 'ਤੇ ਪੂਰੇ ਵਿਸਥਾਰ 'ਚ ਬਿਆਨ ਕੀਤਾ।

ਉਸ ਨੇ ਕਿਹਾ ਕਿ ਇਹ ਸਿਰਫ਼ ਮੇਰਾ ਹੀ ਮਸਲਾ ਨਹੀਂ, ਸਗੋਂ ਫੋਰਸ 'ਚ ਬਹੁਤ ਅਜਿਹੀਆਂ ਮਜਬੂਰ ਮਹਿਲਾ ਮੁਲਾਜ਼ਮਾਂ ਹਨ, ਜੋ ਘਰੇਲੂ ਮਜਬੂਰੀਆਂ ਦੇ ਚਲਦੇ ਆਪਣੀ ਆਵਾਜ਼ ਨਹੀਂ ਉਠਾਉਦੀਆਂ। ਇਸ ਲਈ ਮੈਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਅਜਿਹੀਆਂ ਮਹਿਲਾਵਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਹੈ। ਆਈ. ਟੀ. ਬੀ. ਪੀ. 'ਚ ਅਸਤੀਫ਼ਾ ਦੇਣ ਵਾਲੀ ਕਾਨੂੰਨੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਉਸ ਕੋਲ ਫੋਰਸ 'ਚ ਪੀੜਤ ਮਹਿਲਾ ਮੁਲਾਜ਼ਮਾਂ ਨਾਲ ਹੋਈਆਂ ਅਜਿਹੀਆਂ ਘਟਨਾਵਾਂ ਬਾਰੇ ਠੋਸ ਸਬੂਤ ਹਨ, ਜਿਨ੍ਹਾਂ ਦੀ ਜਾਂਚ ਲਈ ਭਾਰਤ ਸਰਕਾਰ ਨੂੰ ਵਿਸ਼ੇਸ਼ ਕਮਿਸ਼ਨ ਬਿਠਾਉਣਾ ਚਾਹੀਦਾ ਹੈ।

ਪੰਜ ਸਾਲ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਅਸਤੀਫ਼ੇ ਦੀ ਸਥਿਤੀ ਤੱਕ ਪਹੁੰਚਣ ਵਾਲੀ ਇਸ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਫੋਰਸ ਵਰਦੀ ਪਹਿਨਣ ਦਾ ਸ਼ੌਕ ਸੀ ਤੇ ਉਹ ਬੜੇ ਮਾਣ ਨਾਲ ਮੁਕਾਬਲੇ ਦੀ ਪ੍ਰੀਖਿਆ 'ਚ ਚੰਗੇ ਨੰਬਰ ਲੈ ਕੇ ਆਈ.ਟੀ.ਬੀ.ਪੀ. 'ਚ ਭਰਤੀ ਹੋਈ ਸੀ, ਪਰ ਬਾਅਦ 'ਚ ਜੋ ਫੋਰਸ 'ਚ ਮਹਿਲਾ ਸਟਾਫ਼ ਦੀ ਪ੍ਰੇਸ਼ਾਨੀ ਦੇਖੀ ਤਾਂ ਮਨ ਨੂੰ ਬਹੁਤ ਠੇਸ ਲੱਗੀ। ਇਸ ਕਾਰਨ ਹੀ ਹੋਰਨਾਂ ਮਹਿਲਾ ਮੁਲਾਜ਼ਮਾਂ ਦੀ ਇਨਸਾਫ਼ ਦੀ ਲੜਾਈ ਲੜਨ ਲਈ ਆਪਣਾ ਮੇਜਰ ਰੈਂਕ ਦੇ ਬਰਾਬਰ ਦਾ ਵੱਡੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ।

ਕਰੁਨਾਜੀਤ ਕੌਰ ਨੇ ਦੋਸ਼ ਲਾਇਆ ਕਿ ਉਹ ਕਾਨੂੰਨੀ ਅਧਿਕਾਰੀ ਦੇ ਤੌਰ 'ਤੇ ਫੋਰਸ ਦੇ ਕੇਸਾਂ 'ਚ ਬਿਨਾਂ ਕਿਸੇ ਪੱਖਪਾਤ ਦੇ ਆਪਣੀ ਸਹੀ ਰਾਏ ਲਿਖਦੀ ਸੀ। ਇਸ ਕਰਕੇ ਕੁੱਝ ਉਚ ਅਧਿਕਾਰੀ ਉਸ ਨਾਲ ਖੁੰਦਕ ਰੱਖਦੇ ਸਨ। ਉਸ ਨੇ ਦੱਸਿਆ ਕਿ ਮੈਨੂੰ ਇਕੱਲਿਆਂ ਹੀ ਇਕ ਹੋਰ ਲੇਡੀ ਅਫ਼ਸਰ ਨਾਲ ਬਾਰਡਰ 'ਤੇ ਭੇਜਿਆ ਗਿਆ। ਉਤਰਾਖੰਡ 'ਚ ਜੰਗਲਨੁਮਾ ਖੇਤਰ 'ਚ ਉਨ੍ਹਾਂ ਨੂੰ ਇਕ ਛੋਟੇ ਝੋਂਪੜੀਨੁਮਾ ਕਮਰੇ 'ਚ ਰਹਿੰਦਿਆਂ ਬੁਰੀਆਂ ਹਾਲਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਇਕ ਜਵਾਨ ਨੇ ਰਾਤ ਸਮੇਂ ਉਨ੍ਹਾਂ ਦੇ ਕਮਰੇ 'ਚ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕੀਤੀ ਤੇ ਘਟੀਆ ਗੱਲਾਂ ਕੀਤੀਆਂ।

ਫੋਰਸ ਦੇ ਅਧਿਕਾਰੀਆਂ ਨੇ ਰਾਤ ਸਮੇਂ ਕੋਈ ਮੱਦਦ ਨਹੀਂ ਕੀਤੀ ਤੇ ਉਸ ਤੋਂ ਬਾਅਦ ਸਵੇਰੇ ਵੀ ਉਨ੍ਹਾਂ ਨਾਲ ਉਲਟਾ ਬਦਸਲੂਕੀ ਵਾਲਾ ਰਵੱਈਆ ਅਪਣਾਇਆ ਗਿਆ। ਕਰੁਨਾਜੀਤ ਕੌਰ ਦਾ ਕਹਿਣਾ ਹੈ ਕਿ ਉਸ ਸਮੇਂ ਉਹ ਜੰਗਲ ਦੇ ਨੇੜੇ ਸੈਨਾ ਦੇ ਜਵਾਨ ਅਭਿਆਸ 'ਤੇ ਸਨ, ਜਿਨ੍ਹਾਂ ਦੀ ਸਹਾਇਤਾ ਨਾਲ ਉਨ੍ਹਾਂ ਨਾਲ ਕੋਈ ਮਾੜੀ ਘਟਨਾ ਹੋਣ ਤੋਂ ਬਚ ਗਈ। ਕਰੁਨਾਜੀਤ ਕੌਰ ਨੇ ਕਿਹਾ ਕਿ ਆਈ.ਟੀ.ਬੀ.ਪੀ. ਦੇ ਡੀ.ਜੀ. ਤੱਕ ਪਹੁੰਚ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ। ਇਸ ਕਾਰਨ ਉਸ ਨੇ ਆਖਰ ਮਜਬੂਰ ਹੋ ਕੇ ਅਸਤੀਫ਼ਾ ਦਿੱਤਾ।
 


Babita

Content Editor

Related News