ਐੱਮ.ਪੀ. ਸੰਨੀ ਦਿਓਲ ਦੇ ਯਤਨਾ ਸਦਕਾ ਮ੍ਰਿਤਕ ਰਾਜੇਸ਼ ਦੀ ਲਾਸ਼ ਇਟਲੀ ਤੋਂ ਭਾਰਤ ਲਈ ਰਵਾਨਾ

Saturday, Aug 24, 2019 - 11:59 AM (IST)

ਐੱਮ.ਪੀ. ਸੰਨੀ ਦਿਓਲ ਦੇ ਯਤਨਾ ਸਦਕਾ ਮ੍ਰਿਤਕ ਰਾਜੇਸ਼ ਦੀ ਲਾਸ਼ ਇਟਲੀ ਤੋਂ ਭਾਰਤ ਲਈ ਰਵਾਨਾ

ਇਟਲੀ (ਕੈਂਥ) : ਵਿਦੇਸ਼ 'ਚ ਪ੍ਰਵਾਸੀਆਂ ਭਾਰਤੀਆਂ ਨਾਲ ਅਨੇਕਾਂ ਹਾਦਸੇ ਅਜਿਹੇ ਹੋ ਜਾਂਦੇ ਹਨ, ਜਿਸ ਕਾਰਨ ਪਰਦੇਸੀ ਆਪਣੇ ਪਰਿਵਾਰ ਨੂੰ ਮਿਲੇ ਬਿਨ੍ਹਾਂ ਹੀ ਦੁਨੀਆਂ ਤੋਂ ਰੁਖਸਤ ਹੋ ਜਾਂਦੇ ਹਨ ਪਰ ਮੂੰਹ ਨੂੰ ਕਾਲਜਾ ਉਦੋਂ ਆਉਂਦਾ ਹੈ ਜਦੋਂ ਪੈਸੇ ਦੀ ਘਾਟ ਕਾਰਨ ਵਿਦੇਸ਼ 'ਚ ਪਈ ਜਵਾਨ ਪੁੱਤ ਦੀ ਲਾਸ਼ ਮਾਪੇ ਦੇਖਣ ਨੂੰ ਤਰਸ ਜਾਂਦੇ ਹਨ ।ਅਜਿਹੀਆਂ ਅਨੇਕਾਂ ਉਦਾਹਰਣਾ ਹਨ, ਜਿਨ੍ਹਾਂ 'ਚ ਲਾਸ਼ਾਂ ਖਰਚ ਦੀ ਘਾਟ ਕਾਰਨ ਵਿਦੇਸ਼ਾਂ 'ਚੋਂ ਰੁੱਲ-ਰੁੱਲ ਕੇ ਭਾਰਤ ਪਹੁੰਚਦੀਆਂ ਹਨ। ਅਜਿਹਾ ਹੀ ਮਾਮਲਾ ਇਟਲੀ 'ਚ ਸਾਹਮਣੇ ਆਇਆ ਹੈ, ਜਿਥੇ ਪੰਜਾਬੀ ਨੌਜਵਾਨ ਦੀ ਮੌਤ ਉਪੰਰਤ ਉਸ ਦੀ ਲਾਸ਼ ਭਾਜਪਾ ਮੰਤਰੀ ਸੰਨੀ ਦਿਉਲ ਦੀ ਬਦੌਲਤ ਸਰਕਾਰੀ ਖਰਚ 'ਤੇ ਇਟਲੀ ਤੋਂ ਭਾਰਤ ਲਈ ਭੇਜੀ ਗਈ ਹੈ। ਹੋਇਆ ਇੰਝ ਕਿ ਪੰਜਾਬੀ ਨੌਜਵਾਨ ਰਾਜੇਸ਼ ਸਿੰਘ (24) ਵਾਸੀ ਜਹਾਨਗੀਰ (ਗੁਰਦਾਸਪੁਰ) ਨੇ ਕਿਸੇ ਪ੍ਰੇਸ਼ਾਨੀ ਕਾਰਨ ਇਟਲੀ ਦੇ ਸ਼ਹਿਰ ਪੁਨਤੀਨੀਆਂ ਨੇੜੇ ਖੁਦਕੁਸ਼ੀ ਕਰ ਲਈ। ਮ੍ਰਿਤਕ ਰਾਜੇਸ਼ ਸਿੰਘ ਆਪਣੇ ਪਿੱਛੇ ਵਿਧਵਾ ਮਾਂ, ਪਤਨੀ ਅਤੇ ਇਕ ਛੋਟੀ ਭੈਣ ਨੂੰ ਛੱਡ ਗਿਆ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਰਾਜੇਸ਼ ਸਿੰਘ ਦੇ ਭਰਾ ਰਿਸ਼ੀ ਠਾਕੁਰ ਨੇ ਦੱਸਿਆ ਕਿ ਪਿਛਲੇ ਸਾਲ ਫਰਵਰੀ 'ਚ ਹੀ ਰਾਜੇਸ਼ ਸਿੰਘ ਵਿਆਹ ਕਰਵਾਕੇ ਆਇਆ ਸੀ। ਉਹ ਪਿਛਲੇ 7-8 ਸਾਲਾ ਤੋਂ ਇਟਲੀ 'ਚ ਰਹਿੰਦਾ ਸੀ ਤੇ ਉਹ ਨਾਪੋਲੀ ਇਲਾਕੇ 'ਚ ਕੰਮ ਕਰਦਾ ਸੀ ।ਬੀਤੇ ਦਿਨੀਂ ਰਾਜੇਸ਼ 'ਚ ਨਾਪੋਲੀ ਤੋਂ ਉਸ ਨੂੰ ਮਿਲਣ ਆਇਆ ਸੀ ।ਰਿਸ਼ੀ ਠਾਕੁਰ ਨੇ ਦੱਸਿਆ ਕਿ ਉਸ ਨੂੰ ਗੱਲਬਾਤ ਕਰਨ ਤੋਂ ਪਤਾ ਲੱਗ ਗਿਆ ਸੀ ਕਿ ਰਾਜੇਸ਼ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ ਪਰ ਇਸ ਤੋਂ ਪਹਿਲਾਂ ਕਿ ਉਹ ਉਸ ਤੋਂ ਪਰੇਸ਼ਾਨੀ ਦਾ ਕਾਰਨ ਪਤਾ ਕਰਦਾ ਕਿ ਉਸ ਦੇ ਕੰਮ ਉੱਤੇ ਜਾਣ ਮਗਰੋਂ ਰਾਜੇਸ਼ ਸਿੰਘ ਨੇ ਘਰ ਵਿੱਚ ਹੀ ਫਾਹਾ ਲੈ ਖੁਦਕੁਸ਼ੀ ਕਰ ਲਈ।ਇਸ ਘਟਨਾ ਤੋਂ ਸਥਾਨਕ ਪੁਲਸ ਨੇ ਸਾਰੇ ਮਾਮਲੇ ਦੀ ਜਾਂਚ ਕਰ ਮ੍ਰਿਤਕ ਦੀ ਰਾਜੇਸ਼ ਸਿੰਘ ਦੀ ਲਾਸ਼ ਰਿਸ਼ੀ ਠਾਕੁਰ ਨੂੰ ਭਾਰਤ ਲਿਜਾਣ ਲਈ ਕਹਿ ਦਿੱਤਾ ਪਰ ਅਫਸੋਸ ਰਿਸ਼ੀ ਠਾਕੁਰ ਕੋਲ ਇੰਨੇ ਯੂਰੋ ਨਹੀਂ ਸਨ ਕਿ ਉਹ ਬਿਨ੍ਹਾਂ ਕਿਸੇ ਦੀ ਆਰਥਿਕ ਸਹਾਇਤਾ ਤੋਂ ਇਸ ਕਾਰਵਾਈ ਨੂੰ ਪੂਰਾ ਕਰਦਾ। ਇਸ ਲਈ ਉਸ ਦਾ ਜਿੱਥੇ ਲਾਤੀਨਾ ਇਲਾਕੇ ਦੇ ਧਾਰਮਿਕ ਅਸਥਾਨਾਂ ਨੇ ਪੂਰਾ ਸਹਿਯੋਗ ਦਿੱਤਾ ਉੱਥੇ ਹੀ ਬੇਲਾ ਫਾਰਨੀਆਂ, ਸਬਾਊਦੀਆ ਆਦਿ ਸ਼ਹਿਰਾਂ ਦੇ ਭਾਰਤੀ ਭਾਈਚਾਰੇ ਨੇ ਬਹੁਤ ਸਹਿਯੋਗ ਦਿੱਤਾ। ਮ੍ਰਿਤਕ ਭਰਾ ਰਾਜੇਸ ਸਿੰਘ ਦੀ ਲਾਸ਼ ਭਾਰਤ ਲਿਜਾਣ ਲਈ ਰਿਸ਼ੀ ਠਾਕੁਰ ਨੇ ਆਪਣੇ ਹਲਕੇ ਦੇ ਨਵੇਂ ਬਣੇ ਐੱਮ.ਪੀ. ਸੰਨੀ ਦਿਓਲ ਨੂੰ ਆਰਥਿਕ ਮਦਦ ਲਈ ਗੁਹਾਰ ਲਾਈ, ਜਿਸ 'ਤੇ ਸੰਨੀ ਦਿਓਲ ਨੇ ਤੁਰੰਤ ਕਾਰਵਾਈ ਕਰਦਿਆਂ ਸਰਕਾਰੀ ਖਰਚ 'ਤੇ ਮ੍ਰਿਤਕ ਰਾਜੇਸ਼ ਸਿੰਘ ਦੀ ਲਾਸ਼ ਨੂੰ ਭਾਰਤ ਲਿਜਾਣ ਦਾ ਪ੍ਰਬੰਧ ਕੀਤਾ। ਰਿਸ਼ੀ ਠਾਕੁਰ ਅੱਜ ਫਿਊਮੀਚੀਨੋ (ਰੋਮ) ਏਅਰਪੋਰਟ ਤੋਂ ਮ੍ਰਿਤਕ ਭਰਾ ਰਾਜੇਸ਼ ਸਿੰਘ ਦੀ ਲਾਸ਼ ਲੈ ਭਾਰਤ ਲਈ ਰਵਾਨਾ ਹੋ ਗਿਆ ਹੈ। ਉਸ ਨੇ ਉਚੇਚੇ ਤੌਰ 'ਤੇ ਆਪਣੇ ਹਲਕੇ ਦੇ ਐੱਮ.ਪੀ. ਸੰਨੀ ਦਿਓਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨੇਤਾ ਵਾਂਗ ਪੰਜਾਬ ਦੇ ਹੋਰ ਨੇਤਾਵਾਂ ਨੂੰ ਵੀ ਸਦਾ ਪ੍ਰਵਾਸੀ ਭਾਰਤੀਆਂ ਦੀ ਦੁੱਖ ਵੇਲੇ ਬਾਂਹ ਫੜਨ ਲਈ ਮੋਹਰੀ ਬਣਨਾ ਚਾਹੀਦਾ ਹੈ ।ਸੰਨੀ ਦਿਓਲ ਦੀ ਇਸ ਸ਼ਲਾਘਾਯੋਗ ਕਾਰਵਾਈ ਦੀ ਇਟਲੀ ਦੇ ਭਾਰਤੀ ਭਾਈਚਾਰੇ 'ਚ ਭਰਪੂਰ ਚਰਚਾ ਹੈ ਕਿਉਂਕਿ ਪਹਿਲਾਂ ਬਹੁਤ ਘੱਟ ਅਜਿਹੇ ਕੇਸ ਹਨ, ਜਿਨ੍ਹਾਂ 'ਚ ਕਿਸੇ ਨੇਤਾ ਨੇ ਅਜਿਹੀ ਤੇਜ ਕਾਰਵਾਈ ਕੀਤੀ ਹੋਵੇ।


author

Baljeet Kaur

Content Editor

Related News