ਇਕੱਲੇ ਚੋਣ ਲੜਨਾ ਕਾਫੀ ਚੈਲੇਂਜਿੰਗ ਪਰ ਭਾਜਪਾ ਕਰ ਰਹੀ ਬਿਹਤਰ ਪ੍ਰਫਾਰਮ : ਰਾਕੇਸ਼ ਰਾਠੌਰ
Wednesday, May 29, 2024 - 06:32 PM (IST)
ਜਲੰਧਰ (ਅਨਿਲ ਪਾਹਵਾ) : ਪੰਜਾਬ ’ਚ ਭਾਜਪਾ ਦਾ ਭਵਿੱਖ ਬਹੁਤ ਸੁਨਹਿਰਾ ਹੈ ਅਤੇ ਪਾਰਟੀ ਆਉਣ ਵਾਲੇ ਸਮੇਂ ਪੰਜਾਬ ’ਚ ਆਪਣੀ ਸਰਕਾਰ ਬਣਾਏਗੀ। ਇਹ ਦਾਅਵਾ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਇਥੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਰਾਠੌਰ ਨੇ ਕਈ ਹੋਰ ਮੁੱਦਿਆਂ ’ਤੇ ਵੀ ਚਰਚਾ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਗੱਲਬਾਤ ਦੇ ਅੰਸ਼ :
ਸਵਾਲ : ਪੰਜਾਬ ’ਚ ਭਾਜਪਾ ਦੀ ਕੀ ਸਥਿਤੀ ਹੈ?
ਜਵਾਬ : ਪੰਜਾਬ ’ਚ ਹੌਲੀ-ਹੌਲੀ ਬਹੁਤ ਬਦਲਾਅ ਰਿਹਾ ਹੈ। ਪਹਿਲਾਂ ਅਸੀਂ ਅਕਾਲੀ ਦਲ ਨਾਲ ਸਾਂਝੀ ਲੜਾਈ ਲੜਦੇ ਸੀ ਪਰ ਇਸ ਵਾਰ ਅਸੀਂ ਇਕੱਲੇ ਚੋਣ ਲੜ ਰਹੇ ਹਾਂ ਅਤੇ ਇਸ ਵਿਚ ਕਾਫੀ ਚੈਲੇਂਜ ਵੀ ਹਨ ਪਰ ਮੈਨੂੰ ਲੱਗਦਾ ਹੈ ਇਸ ਵਾਰ ਇਕ ਵੱਡਾ ਬਦਲਾਅ ਹੋਵੇਗਾ ਅਤੇ ਪੰਜਾਬ ਵਿਚ ਭਾਜਪਾ ਦਾ ਵੋਟ ਫੀਸਦੀ ਵਧੇਗਾ। ਭਾਜਪਾ ਇਸ ਵਾਰ ਦੀਆਂ ਚੋਣਾਂ ਵਿਚ ਆਸ ਤੋਂ ਵੱਧ ਸੀਟਾਂ ਜਿੱਤਣ ਵਿਚ ਕਾਮਯਾਬ ਹੋਵੇਗੀ ਕਿਉਂਕਿ ਭਾਜਪਾ ਨੇ ਪਿਛਲੇ 5 ਸਾਲਾਂ ਵਿਚ ਪੰਜਾਬ ਅੰਦਰ ਬਹੁਤ ਸਾਰਾ ਕੰਮ ਕੀਤਾ ਹੈ। ਹਰ ਜ਼ਿਲ੍ਹੇ ’ਚ ਬੂਥ ਪੱਧਰ ’ਤੇ ਬਹੁਤ ਕੰਮ ਹੋਇਆ ਹੈ ਅਤੇ ਇਸ ਦਾ ਨਤੀਜਾ ਸਾਨੂੰ ਚੋਣਾਂ ’ਚ ਦੇਖਣ ਨੂੰ ਮਿਲੇਗਾ।
ਸਵਾਲ : ਪੰਜਾਬ ਵਿਚ ਭਾਜਪਾ ਵਰਕਰਾਂ ਵਿਚ ਇਕ ਮਾਯੂਸੀ ਹੈ ਕਿ ਇੰਪੋਰਟ ਲੋਕਾਂ ਨੂੰ ਟਿਕਟ ਦੇ ਦਿੱਤੀ ਗਈ, ਤੁਸੀਂ ਕੀ ਕਹੋਗੇ?
ਜਵਾਬ : ਥੋਂ ਤਕ ਟਿਕਟ ਮਿਲਣ ਦੀ ਗੱਲ ਹੈ, ਇਹ ਸਾਡੇ ਲੋਕਲ ਪੱਧਰ ’ਤੇ ਨਹੀਂ ਹੁੰਦੀ। ਪਾਰਲੀਮੈਂਟ ਕਮੇਟੀ ਹੁੰਦੀ ਹੈ ਜੋ ਫੈਸਲਾ ਕਰਦੀ ਹੈ ਕਿ ਕਿਸ ਨੂੰ ਟਿਕਟ ਦੇਣੀ ਹੈ ਅਤੇ ਕਿਸ ਨੂੰ ਨਹੀਂ। ਇਸ ਤੋਂ ਪਹਿਲਾਂ ਅਸੀਂ ਬਹੁਤ ਥੋੜ੍ਹੀਆਂ ਸੀਟਾਂ ’ਤੇ ਚੋਣ ਲੜਦੇ ਰਹੇ ਹਾਂ ਪਰ ਇਸ ਵਾਰ ਬਹੁਤ ਸਾਰੇ ਲੋਕ ਭਾਜਪਾ ਨਾਲ ਜੁੜੇ ਹਨ। ਇਸ ਵਾਰ ਅਕਾਲੀ ਦਲ ਅਤੇ ਕਾਂਗਰਸ ਤੋਂ ਕਈ ਆਗੂ ਭਾਜਪਾ ਵਿਚ ਆਏ ਹਨ, ਜਿਸ ਕਾਰਨ ਪੰਜਾਬ ਵਿਚ ਭਾਜਪਾ ਦੀ ਸਥਿਤੀ ਮਜ਼ਬੂਤ ਹੋਈ ਹੈ, ਇਸ ਲਈ ਜਿਹੜੇ ਲੋਕ ਬਾਹਰੋਂ ਆਏ ਹਨ, ਉਨ੍ਹਾਂ ਵਿਚੋਂ ਵਧੀਆ ਕੈਂਡੀਡੇਟ ਜੇਕਰ ਭਾਜਪਾ ਨੂੰ ਮਿਲ ਰਹੇ ਹਨ ਤਾਂ ਉਨ੍ਹਾਂ ਨੂੰ ਟਿਕਟ ਮਿਲਣਾ ਕੋਈ ਬੁਰੀ ਗੱਲ ਨਹੀਂ ਹੈ। ਭਾਜਪਾ ਇਕ ਅਨੁਸ਼ਾਸਿਤ ਪਾਰਟੀ ਹੈ ਅਤੇ ਸਾਡੇ ਵਰਕਰ ਇਸ ਚੀਜ਼ ਨੂੰ ਮੰਨਦੇ ਹਨ।
ਇਹ ਖ਼ਬਰ ਵੀ ਪੜ੍ਹੋ : ਸੁਨੀਲ ਜਾਖੜ ਨੇ ‘ਜਗ ਬਾਣੀ’ ਨਾਲ ਇੰਟਰਵਿਊ ’ਚ ਬੋਲੇ ਤਿੱਖੇ ਹਮਲੇ, ਕਿਹਾ-ਹਿੰਦੂ ਵਿਰੋਧ ’ਤੇ ਟਿਕੀ ਹੈ ਕਾਂਗਰਸ ਦੀ ਸਿਆਸਤ
ਸਵਾਲ : ਕਾਂਗਰਸ-ਮੁਕਤ ਭਾਰਤ ਕਰਨ ਚੱਲੇ ਸੀ ਪਰ ਭਾਜਪਾ ਕਾਂਗਰਸ-ਯੁਕਤ ਹੋ ਗਈ, ਤੁਸੀਂ ਕੀ ਕਹੋਗੇ?
ਜਵਾਬ : ਸਾਡੇ ਕੋਲ ਪਹਿਲਾਂ ਬਹੁਤ ਘੱਟ ਕੈਂਡੀਡੇਟ ਸਨ ਅਤੇ ਬਹੁਤ ਘੱਟ ਸੀਟਾਂ ਜਿੱਤ ਪਾ ਰਹੇ ਸੀ ਪਰ ਹੁਣ ਵਧੀਆ ਲੋਕ ਭਾਜਪਾ ਨਾਲ ਜੁੜੇ ਹਨ ਅਤੇ ਉਹ ਹੁਣ ਪਾਰਟੀ ਦਾ ਹਿੱਸਾ ਹਨ ਅਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਅਕਾਲੀ ਦਲ ਜਾਂ ਕਾਂਗਰਸ ਤੋਂ ਆਏ ਹਨ। ਉਨ੍ਹਾਂ ਦੇ ਆਉਣ ਨਾਲ ਭਾਜਪਾ ਦਾ ਪਰਿਵਾਰ ਵਧਿਆ ਹੈ ਅਤੇ ਇਸ ਨਾਲ ਭਾਜਪਾ ਨੂੰ ਫਾਇਦਾ ਹੋਵੇਗਾ ਤੇ ਵਧੀਆ ਸੀਟਾਂ ਹਾਸਲ ਕਰੇਗੀ। 2027 ਵਿਚ 100 ਫੀਸਦੀ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਵਾਲੀ ਹੈ।
ਸਵਾਲ : ਜੇਕਰ ਕੋਈ ਕੈਂਡੀਡੇਟ ਭਾਜਪਾ ਤੋਂ ਵੀ ਜਿੱਤ ਕੇ ਕਿਸੇ ਦੂਜੀ ਪਾਰਟੀ ਵਿਚ ਚਲਾ ਗਿਆ, ਕੀ ਹੋਵੇਗਾ?
ਜਵਾਬ : ਇਸ ਸਮੇਂ ਪੀ. ਐੱਮ. ਮੋਦੀ ਪੂਰੇ ਦੇਸ਼ ਅਤੇ ਦੁਨੀਆ ਵਿਚ ਬਹੁਤ ਵੱਡੇ ਆਗੂ ਬਣ ਗਏ ਹਨ। ਉਨ੍ਹਾਂ ਦੇ ਪ੍ਰਭਾਵ ਨੂੰ ਦੇਖ ਕੇ ਹੀ ਬਹੁਤ ਸਾਰੇ ਲੋਕ ਭਾਜਪਾ ਜੁਆਇਨ ਕਰ ਰਹੇ ਹਨ। 2 ਸੀਟਾਂ ਲੈ ਕੇ ਜੋ ਪਾਰਟੀ ਕਦੀ ਸਿਆਸਤ ਵਿਚ ਆਈ ਸੀ, ਅੱਜ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਗਈ ਹੈ। ਅਸੀਂ ਵਧੀਆ ਢੰਗ ਨਾਲ ਦੇਸ਼ ਵਿਚ ਸਰਕਾਰ ਚਲਾ ਰਹੇ ਹਾਂ ਅਤੇ ਇਸ ਵਾਰ 400 ਪਾਰ ਦਾ ਨਾਅਰਾ ਹੈ। ਮੈਨੂੰ ਨਹੀਂ ਲੱਗਦਾ ਕਿ ਜਿਹੜੇ ਲੋਕ ਭਾਜਪਾ ਵਿਚ ਆਏ ਹਨ, ਉਹ ਕਿਤੇ ਜਾਣਗੇ।
ਸਵਾਲ : ਅਕਾਲੀ ਦਲ ਦੇ ਬਿਨਾਂ ਚੋਣ ਲੜਨ ਵਿਚ ਕੀ ਮੁਸ਼ਕਲਾਂ ਆ ਰਹੀਆਂ ਹਨ?
ਜਵਾਬ : ਜਦੋਂ ਅਸੀਂ ਅਕਾਲੀ ਦਲ ਦੇ ਨਾਲ ਚੋਣ ਲੜ ਰਹੇ ਸੀ, ਉਸ ਦੌਰਾਨ ਸਾਡੇ ਕੇਡਰ ਦਾ ਸ਼ਹਿਰਾਂ ਵਿਚ ਵਧੀਆ ਪ੍ਰਭਾਵ ਸੀ ਪਰ ਪੰਜਾਬ ਵਿਚ ਇਸਦਾ ਵਿਸਤਾਰ ਨਹੀਂ ਹੋ ਸਕਿਆ ਪਰ ਹੁਣ ਅਸੀਂ ਇਕੱਲੇ ਚੋਣ ਲੜ ਰਹੇ ਹਾਂ ਅਤੇ ਬੇਸ਼ੱਕ ਸਾਡਾ ਕੇਡਰ ਕੁਝ ਥਾਵਾਂ ’ਤੇ ਅਜੇ ਕਮਜ਼ੋਰ ਹੈ ਪਰ ਹੌਲੀ-ਹੌਲੀ ਇਹ ਮਜ਼ਬੂਤ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਮੋਦੀ ਦੀ ਅਗਵਾਈ ’ਚ ਪਿਛਲੇ 10 ਸਾਲਾਂ ’ਚ ਦੇਸ਼ ਨੇ ਤਰੱਕੀ ਕੀਤੀ : ਰਾਜਨਾਥ ਸਿੰਘ
ਸਵਾਲ : ਪਿੰਡਾਂ ਵਿਚ ਭਾਜਪਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ?
ਜਵਾਬ : ਅਕਾਲੀ ਦਲ ਨਾਲ ਸਾਡਾ ਸੰਗਠਨਾਤਮਕ ਢਾਂਚਾ ਮਜ਼ਬੂਤੀ ਨਾਲ ਪਿੰਡਾਂ ਵਿਚ ਨਹੀਂ ਪਹੁੰਚ ਸਕਿਆ ਸੀ। ਪੀ. ਐੱਮ. ਮੋਦੀ ਨੇ ਵੀ ਕਿਹਾ ਹੈ ਕਿ ਕਿਸਾਨਾਂ ਲਈ ਅਸੀਂ ਜੋ ਕਰ ਸਕਾਂਗੇ, ਉਹ ਕਰਾਂਗੇ ਪਰ ਕੁਝ ਸਿਆਸੀ ਪਾਰਟੀਆਂ ਅਤੇ ਲੋਕ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਕਿਸਾਨੀ ਦੇ ਮੁੱਦੇ ਨੂੰ ਉਛਾਲ ਕੇ ਭਾਜਪਾ ਖ਼ਿਲਾਫ਼ ਕਰ ਰਹੇ ਹਨ।
ਸਵਾਲ : ਕਿਹੜੀ ਪਾਰਟੀ ਤੁਹਾਡੇ ਖ਼ਿਲਾਫ਼ ਸਾਜ਼ਿਸ਼ ਰਚ ਰਹੀ ਹੈ?
ਜਵਾਬ : ਆਮ ਆਦਮੀ ਪਾਰਟੀ ਹਰ ਜਗ੍ਹਾ ਭਾਜਪਾ ਦਾ ਵਿਰੋਧ ਕਰਦੀ ਰਹੀ ਹੈ। ਆਮ ਆਦਮੀ ਪਾਰਟੀ ਨੂੰ ਬੇਸ਼ੱਕ ਪੰਜਾਬ ਵਿਚ ਬਹੁਮਤ ਮਿਲ ਗਿਆ ਪਰ ਗੁਜਰਾਤ ਅਤੇ ਹਿਮਾਚਲ ਵਿਚ ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ ਹੈ। ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਫੇਲ ਸਾਬਿਤ ਹੋਈ ਹੈ। ਆਮ ਆਦਮੀ ਪਾਰਟੀ ਕੋਲ ਕਿਸੇ ਤਰ੍ਹਾਂ ਦਾ ਕੋਈ ਤਜਰਬਾ ਨਹੀਂ ਹੈ। ਪੰਜਾਬ ਵਿਚ ਲਾਅ ਐਂਡ ਆਰਡਰ ਦੀ ਹਾਲਤ ਨਾਜ਼ੁਕ ਹੈ। ਨਸ਼ਾ ਤੇ ਮਾਫੀਆ ਸਿਖਰ ’ਤੇ ਹੈ।
ਸਵਾਲ : ਆਮ ਆਦਮੀ ਪਾਰਟੀ ਦੇ ਮੁਫਤ ਬਿਜਲੀਦੇ ਫੰਡੇ ’ਤੇ ਤੁਸੀਂ ਕੀ ਕਹੋਗੇ?
ਜਵਾਬ : ਇਸ ਵਾਰ ਪੀ. ਐੱਮ. ਮੋਦੀ ਨੇ ਆਪਣੇ ਮੈਨੀਫੈਸਟੋ ਿਵਚ ਬਿਜਲੀ ਫ੍ਰੀ ਨੂੰ ਪ੍ਰਮੁੱਖ ਰੱਖਿਆ ਹੈ ਪਰ ਇਸਦਾ ਕੰਸੈਪਟ ਬਿਲਕੁਲ ਵੱਖ ਹੈ। ਪੰਜਾਬ ਵਿਚ ਬੇਸ਼ੱਕ ਲੋਕਾਂ ਨੂੰ ਬਿਜਲੀ ਮੁਫਤ ਮਿਲ ਰਹੀ ਹੈ ਪਰ ਅਜੇ ਵੀ ਕੁਝ ਲੋਕ ਹਨ, ਜਿਨ੍ਹਾਂ ਨੂੰ ਇਹ ਰਾਹਤ ਨਹੀਂ ਮਿਲ ਰਹੀ। ਭਾਜਪਾ ਨੇ ਸੋਲਰ ਸਿਸਟਮ ਜ਼ਰੀਏ ਪੂਰੇ ਦੇਸ਼ ਵਿਚ ਲੋਕਾਂ ਨੂੰ ਬਿਜਲੀ ਮੁਫਤ ਦਾ ਪਲਾਨ ਬਣਾਇਆ ਹੈ ਅਤੇ ਜਦੋਂ ਸਾਡਾ ਸੋਲਰ ਸਿਸਟਮ ਦੇਸ਼ ਵਿਚ ਲਾਗੂ ਹੋਵੇਗਾ ਤਾਂ ਜ਼ਰੂਰ ਆਮ ਆਦਮੀ ਪਾਰਟੀ ਨਾਲ 2-2 ਹੱਥ ਹੋਣਗੇ।
ਸਵਾਲ : ਪੰਜਾਬ ਵਿਚ ਭਾਜਪਾ ਕਿੰਨੀਆਂ ਸੀਟਾਂ ਜਿੱਤੇਗੀ?
ਜਵਾਬ : ਪੰਜਾਬ ਵਿਚ 13 ਦੀਆਂ 13 ਸੀਟਾਂ ’ਤੇ ਅਸੀਂ ਮਜ਼ਬੂਤ ਹਾਂ। ਗੁਰਦਾਸਪੁਰ, ਹੁਸ਼ਿਆਰਪੁਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਪਟਿਆਲਾ ਤਾਂ ਸਾਡੀਆਂ ਸਟ੍ਰਾਂਗ ਸੀਟਾਂ ਹਨ। ਹੋਰਨਾਂ ਸੀਟਾਂ ’ਤੇ ਵੀ ਸਾਡਾ ਪ੍ਰਦਰਸ਼ਨ ਵਧੀਆ ਰਹੇਗਾ, ਜਦੋਂ ਕਿ ਆਮ ਆਦਮੀ ਪਾਰਟੀ ਬਹੁਤ ਬੁਰੀ ਤਰ੍ਹਾਂ ਨਾਲ ਹਾਰੇਗੀ। ਕਾਂਗਰਸ ਥੋੜ੍ਹੀਆਂ-ਬਹੁਤ ਸੀਟਾਂ ਕੱਢ ਸਕਦੀ ਹੈ ਪਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੀ ਸਥਿਤੀ ਕਾਫੀ ਖਰਾਬ ਹੈ।
ਸਵਾਲ : ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਭਾਜਪਾ ਤੋਂ ਵੱਖ ਹੋ ਕੇ ਜ਼ਿਆਦਾ ਕਮਜ਼ੋਰ ਹੋ ਗਿਐ?
ਜਵਾਬ : ਜਦੋਂ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਸਮਝੌਤੇ ਦੀ ਗੱਲ ਚੱਲ ਰਹੀ ਸੀ, ਉਦੋਂ ਅਕਾਲੀ ਦਲ ਨੂੰ ਜ਼ਰੂਰ ਸਮਝੌਤਾ ਕਰ ਲੈਣਾ ਚਾਹੀਦਾ ਸੀ ਕਿਉਂਕਿ ਭਾਜਪਾ ਜਿਸ ਤਰ੍ਹਾਂ ਨਾਲ ਇਨ੍ਹਾਂ ਚੋਣਾਂ ਵਿਚ ਗੇਮ ਕਰ ਰਹੀ ਹੈ, ਇਸ ਚੋਣ ਵਿਚ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇਗਾ। ਜਿਸ ਤਰ੍ਹਾਂ ਨਾਲ ਭਾਜਪਾ ਪ੍ਰਫਾਰਮ ਕਰ ਰਹੀ ਹੈ, ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕਿਸੇ ਸਾਥੀ ਦੀ ਲੋੜ ਹੈ ਪਰ ਫਿਰ ਵੀ ਜੇਕਰ ਕੇਂਦਰ ਕੋਈ ਅਜਿਹਾ ਫੈਸਲਾ ਲੈਂਦਾ ਹੈ ਤਾਂ ਇਹ ਵੱਖ ਗੱਲ ਹੈ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਭਲਕੇ ਤੋਂ ਲੱਗਣਗੀਆਂ ਪਾਬੰਦੀਆਂ, 5 ਤੋਂ ਵੱਧ ਲੋਕਾਂ ਦੀ ਜਨਤਕ ਮੀਟਿੰਗ ’ਤੇ ਰੋਕ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8