ਗਰਮੀਆਂ 'ਚ ਇਨ੍ਹਾਂ ਲੋਕਾਂ ਨੂੰ ਵਧੇਰੇ ਹੁੰਦੈ ਡੀਹਾਈਡ੍ਰੇਸ਼ਨ ਦਾ ਖ਼ਤਰਾ, ਜਾਣੋ ਦਿਨ 'ਚ ਕਿੰਨੇ ਲਿਟਰ ਪਾਣੀ ਪੀਣਾ ਜ਼ਰੂਰੀ
Saturday, Jun 10, 2023 - 03:52 PM (IST)
ਜਲੰਧਰ (ਰੱਤਾ)–ਗਰਮੀਆਂ ਦੇ ਮੌਸਮ ਵਿਚ ਪਾਣੀ ਘੱਟ ਪੀਣ ਕਾਰਨ ਡੀਹਾਈਡ੍ਰੇਸ਼ਨ ਦੇ ਵਧੇਰੇ ਮਾਮਲੇ ਸਾਹਮਣੇ ਆਉਂਦੇ ਹਨ, ਇਸ ਲਈ ਹਰੇਕ ਤੰਦਰੁਸਤ ਵਿਅਕਤੀ ਨੂੰ ਦਿਨ ਵਿਚ ਘੱਟ ਤੋਂ ਘੱਟ ਦੋ-ਢਾਈ ਲਿਟਰ ਪਾਣੀ ਪੀਣਾ ਚਾਹੀਦਾ ਹੈ। ਉਕਤ ਜਾਣਕਾਰੀ ਦਿੰਦੇ ਹੋਏ ਇਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਬੌਰੀ ਮੈਡੀਕਲ ਸੈਂਟਰ ਦੇ ਮੁਖੀ ਡਾ. ਚੰਦਰ ਬੌਰੀ ਨੇ ਦੱਸਿਆ ਕਿ ਪਾਣੀ ਸਾਡੇ ਸਰੀਰ ਲਈ ਬਹੁਤ ਮਹੱਤਵਪੂਰਨ ਹੈ ਅਤੇ ਜੇਕਰ ਸਰੀਰ ਵਿਚ ਇਸ ਦੀ ਘਾਟ ਹੋ ਜਾਵੇ ਤਾਂ ਸਾਰਾ ਬੈਲੇਂਸ ਵਿਗੜ ਜਾਂਦਾ ਹੈ ਅਤੇ ਡੀਹਾਈਡ੍ਰੇਸ਼ਨ ਕਾਰਨ ਮਰੀਜ਼ ਨੂੰ ਹੋਰ ਕਈ ਬੀਮਾਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜੇਕਰ ਵਿਅਕਤੀ ਸਹੀ ਮਾਤਰਾ ਵਿਚ ਪਾਣੀ ਪੀਵੇ ਤਾਂ ਉਹ ਕਾਫ਼ੀ ਹੱਦ ਤਕ ਕਿਡਨੀ ਦੀ ਇਨਫੈਕਸ਼ਨ ਤੋਂ ਵੀ ਬਚ ਸਕਦਾ ਹੈ। ਸਹੀ ਮਾਤਰਾ ਵਿਚ ਪਾਣੀ ਪੀਣਾ ਜਿੱਥੇ ਚਮੜੀ ਲਈ ਫਾਇਦੇਮੰਦ ਹੁੰਦਾ ਹੈ ਅਤੇ ਉਥੇ ਹੀ ਭਾਰ ਘਟਾਉਣ ਵਿਚ ਵੀ ਕਾਫ਼ੀ ਸਹਾਇਕ ਸਿੱਧ ਹੁੰਦਾ ਹੈ।
ਇਹ ਵੀ ਪੜ੍ਹੋ-ਬਨੂੜ ਵਿਖੇ ਮਨੀਪੁਰ ਤੋਂ ਪੜ੍ਹਨ ਆਏ ਵਿਦਿਆਰਥੀ ਨੇ ਦੇਰ ਰਾਤ ਚੁੱਕਿਆ ਖ਼ੌਫ਼ਨਾਕ ਕਦਮ
ਡਾ. ਬੌਰੀ ਨੇ ਦੱਸਿਆ ਕਿ ਸਵੇਰੇ-ਸਵੇਰੇ ਕੋਸਾ ਪਾਣੀ ਪੀਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ ਕਿਉਂਕਿ ਜੇਕਰ ਪੇਟ ਵਿਚ ਕੁਝ ਖਾਣਾ ਨਹੀਂ ਪਚਿਆ ਹੁੰਦਾ ਤਾਂ ਉਹ ਉਸ ਨੂੰ ਪਚਾਉਣ ਵਿਚ ਵੀ ਮਦਦ ਕਰਦਾ ਹੈ ਅਤੇ ਇਸ ਤੋਂ ਇਲਾਵਾ ਇਹ ਵਿਅਕਤੀ ਦਾ ਮੈਟਾਬਾਲਿਜ਼ਮ ਵੀ ਮਜ਼ਬੂਤ ਕਰਦਾ ਹੈ। ਸਵੇਰੇ-ਸਵੇਰੇ ਪਾਣੀ ਪੀਣ ਦਾ ਇਕ ਫਾਇਦਾ ਇਹ ਵੀ ਹੈ ਕਿ ਇਸ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ, ਜਿਸ ਨਾਲ ਵਿਅਕਤੀ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਮਜ਼ਬੂਤ ਹੋ ਜਾਂਦੀ ਹੈ। ਜੇਕਰ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਕੈਲਰੀ ਇੰਟੇਕ ’ਤੇ ਕੰਟਰੋਲ ਜ਼ਰੂਰੀ ਹੁੰਦਾ ਹੈ ਅਤੇ ਨਾਸ਼ਤਾ ਕਰਨ ਤੋਂ ਪਹਿਲਾਂ ਇਕ ਗਲਾਸ ਪਾਣੀ ਪੀਣ ਨਾਲ ਕੈਲਰੀ ਇੰਟੇਕ ਘਟ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਬਲੱਡ ਪ੍ਰੈਸ਼ਰ ਘਟ ਜਾਣਾ, ਚੱਕਰ ਆਉਣਾ ਜਾਂ ਕਮਜ਼ੋਰੀ ਮਹਿਸੂਸ ਹੋਣੀ ਡੀਹਾਈਡ੍ਰੇਸ਼ਨ ਦੇ ਲੱਛਣ ਹੋ ਸਕਦੇ ਹਨ, ਇਸ ਲਈ ਜੇਕਰ ਕਿਸੇ ਨੂੰ ਅਜਿਹਾ ਹੋਵੇ ਤਾਂ ਉਸਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ। ਡਾ. ਬੌਰੀ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਦੂਸ਼ਿਤ ਪਾਣੀ ਕਾਰਨ ਪੇਟ ਦੀ ਇਨਫੈਕਸ਼ਨ, ਦਸਤ ਜਾਂ ਡਾਇਰੀਆ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਪਾਣੀ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ।
ਇਹ ਵੀ ਪੜ੍ਹੋ-ਭਾਰੀ ਮੀਂਹ ਮਗਰੋਂ ਗਰਮੀ ਕੱਢਾਉਣ ਲੱਗੀ ਵੱਟ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani