ਕੀ ਗਊ ਮੂਤਰ ਨਾਲ ਵਾਕਿਆ ਹੀ ਖਤਮ ਹੁੰਦਾ ਹੈ ਕੋਰੋਨਾ ਵਾਇਰਸ ?

03/13/2020 7:56:17 PM

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਕੋਰੋਨਾ ਵਾਇਰਸ ਦੀ ਮਾਰ ਕਾਰਨ ਸਮੁੱਚੀ ਦੁਨੀਆ ਡਰ ਦੇ ਮਹੌਲ ਵਿਚ ਜੀਣ ਲਈ ਮਜਬੂਰ ਹੈ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 80 ਦੇ ਕਰੀਬ ਹੋ ਚੁੱਕੀ ਹੈ। ਦੁਨੀਆ ਭਰ ਦੇ ਵਿਗਿਆਨਕ ਜਿੱਥੇ ਇਸ ਬਿਮਾਰੀ ਦੇ ਇਲਾਜ ਲਈ ਕਾਰਗਰ ਦਵਾਈ ਲੱਭਣ ਵਿਚ ਰੁੱਝੇ ਹੋਏ ਹਨ, ਉੱਥੇ ਭਾਰਤ ਵਿਚ ਇਸ ਦੇ ਕਾਰਗਰ ਇਲਾਜ ਦੇ ਦਾਅਵੇ ਕੀਤੇ ਜਾਣ ਲੱਗੇ ਹਨ। ਭਾਰਤ ਦੀਆਂ ਕਈ ਵੱਡੀਆਂ ਸ਼ਖ਼ਸੀਅਤਾਂ ਨੇ ਇਹ ਦਾਅਵਾ ਕੀਤਾ ਹੈ ਕਿ ਗਊ ਮੂਤਰ ਪੀਣ ਨਾਲ ਕੋਰੋਨਾ ਵਾਇਰਸ ਦਾ ਇਲਾਜ ਸੰਭਵ ਹੈ। ਇਨ੍ਹਾਂ ਦਾਅਵਿਆਂ ਨੂੰ ਪੁਖਤਾ ਕਰਨ ਲਈ ਅਖਿਲ ਭਾਰਤੀ ਹਿੰਦੂ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਚੱਕਰਪਾਣਿ ਨੇ ਦਿੱਲੀ ਵਿਚ ਕੱਲ੍ਹ ਗਊ ਮੂਤਰ ਪਾਰਟੀ ਰੱਖੀ ਹੈ। ਸਵਾਮੀ ਚੱਕਰਪਾਣਿ ਆਪਣੀਆਂ ਅਜਿਹੀਆਂ ਕਾਰਵਾਈਆਂ ਕਾਰਨ ਅਕਸਰ ਹੀ ਚਰਚਾ ਵਿਚ ਰਹਿੰਦੇ ਹਨ। ਮੀਡੀਆ ਵਿਚ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਇਸ ਪਾਰਟੀ ਵਿਚ ਹਵਨ ਕੀਤਾ ਜਾਵੇਗਾ ਅਤੇ ਬਾਅਦ ਵਿਚ ਸਭ ਲੋਕਾਂ ਨੂੰ ਗਊ ਮੂਤਰ ਪਿਆਇਆ ਜਾਵੇਗਾ। ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਸੁਮਨ ਹਰਿਪ੍ਰਿਆ ਨੇ ਵੀ ਗਊ ਮੂਤਰ ਨਾਲ ਕੋਰੋਨਾ ਵਾਇਰਸ ਦੇ ਇਲਾਜ ਦਾ ਦਾਅਵਾ ਕੀਤਾ ਸੀ। ਕੁਝ ਦਿਨ ਪਹਿਲਾਂ ਪੰਤ ਨਗਰ ਦੀ ਖੇਤੀ ਯੂਨੀਵਰਸਿਟੀ ਦੀ ਵਿਗਿਆਨਕ ਰੁਚਿਰਾ ਤਿਵਾੜੀ ਨੇ ਦਾਅਵਾ ਕੀਤਾ ਸੀ ਕਿ ਗਊ ਮੂਤਰ ਦੀ ਵਰਤੋਂ ਨਾਲ ਕੋਰੋਨਾ ਵਾਇਰਸ ਦੇ ਖਾਤਮੇ ਦੀ ਸੰਭਾਵਨਾ ਹੈ। ਇਹ ਵੀ ਸੱਚਾਈ ਹੈ ਕਿ ਵਿਸ਼ਵ ਦੇ ਹੋਰ ਵਿਗਿਆਨੀਆਂ ਅਤੇ ਸਿਹਤ ਮਾਹਰਾਂ ਨੇ ਗਊ ਮੂਤਰ ਨਾਲ ਕੋਰੋਨਾ ਵਾਇਰਸ ਦੇ ਇਲਾਜ ਦੀ ਕੋਈ ਸੰਭਾਵਨਾ ਨਹੀਂ ਪ੍ਰਗਟਾਈ। ਇਸ ਦੇ ਬਾਵਜੂਦ ਭਾਰਤ ਦੇ ਕੁਝ ਲੋਕ ਗਊ ਮੂਤਰ ਨੂੰ ਹੀ ਕੋਰੋਨਾ ਵਾਇਰਸ ਦਾ ਕਾਰਗਰ ਇਲਾਜ ਸਮਝਣ ਲੱਗ ਪਏ ਹਨ।

ਕੈਂਸਰ ਅਤੇ ਹੋਰ ਬਿਮਾਰੀਆਂ ਦੇ ਖਾਤਮੇ ਦਾ ਵੀ ਕੀਤਾ ਗਿਆ ਸੀ ਦਾਅਵਾ

ਗਊਮੂਤਰ ਨੂੰ ਵਰਤਣ ਦੇ ਹੱਕ ਵਿਚ ਖੜ੍ਹਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਗਊ ਮੂਤਰ ਪੀਣ ਨਾਲ ਸਰੀਰ ਵਿਚ ਜਮ੍ਹਾਂ ਹੋਏ ਜ਼ਹਿਰੀਲੇ ਪਦਾਰਥ ਅਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ। ਗਊ ਮੂਤਰ ਪੀਣ ਵਾਲੇ ਲੋਕਾਂ ਦਾ ਦਾਅਵਾ ਹੈ ਕਿ ਇਸਨੂੰ ਪੀਣ ਨਾਲ ਸ਼ੂਗਰ, ਬਲੱਡਪਰੈਸ਼ਰ ਅਤੇ ਯੂਰਿਕ ਐਸਿਡ ਵਰਗੀਆਂ ਬੀਮਾਰੀਆਂ ਦਿਨਾਂ ਵਿਚ ਹੀ ਠੀਕ ਹੋ ਜਾਂਦੀਆਂ ਹਨ। 
 ਪਿਛਲੇ ਸਮੇਂ ਦੌਰਾਨ ਗੁਰਜਾਤ ਵਿਚ ਜੂਨਾਗੜ੍ਹ ਯੂਨੀਵਰਸਿਟੀ ਦੇ ਬਾਇਟੈਨਾਲੋਜੀ ਦੇ ਵਿਗਿਆਨਕਾਂ ਨੇ ਵੀ ਇਹ ਦਾਆਵਾ ਵੀ ਕੀਤਾ ਸੀ ਕਿ ਗਊ ਮੂਤਰ ਪੀਣ ਨਾਲ ਕੈਂਸਰ ਵਰਗੀ ਬਿਮਾਰੀ ਵੀ ਠੀਕ ਹੋ ਜਾਂਦੀ ਹੈ। ਦਾਅਵੇ ਮੁਤਾਬਕ ਗਊ ਮੂਤਰ ਵਿਚ ਨਾਈਟ੍ਰੋਜਨ, ਕਾਪਰ, ਫਾਸਫੇਟ, ਸੋਡੀਅਮ ਅਤੇ ਹੋਰ ਐਸਿਡ ਕਾਫੀ ਮਾਤਰਾ ਵਿਚ ਹੁੰਦੇ, ਜਿਸ ਨਾਲ ਸਾਡਾ ਇਮਿਊਨ ਸਿਸਟਮ ਮਜਬੂਤ ਹੁੰਦਾ ਹੈ। ਇੱਥੇ ਹੀ ਬੱਸ ਨਹੀਂ ਇਸ ਦਾਅਵੇ ਵਿਚ ਗਊ ਮੂਤਰ ਨੂੰ ਕੀਮੋਥਰੈਪੀ ਤੋਂ ਵੀ ਵਧੇਰੇ ਕਾਰਗਰ ਦੱਸਿਆ ਗਿਆ। ਪਿਛਲੀਆਂ ਲੋਕ ਸਭਾ ਚੋਣਾ ਦੌਰਾਨ ਭਾਜਪਾ ਆਗੂ ਸਾਧਵੀ ਪ੍ਰੱਗਿਆ ਨੇ ਵੀ ਗਊ ਮੂਤਰ ਨਾਲ ਖੁਦ ਦਾ ਕੈਂਸਰ ਠੀਕ ਹੋਣ ਦਾ ਦਾਆਵਾ ਕੀਤਾ ਸੀ। ਉਨ੍ਹਾਂ ਦਾ ਇਹ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ।

ਸਰਕਾਰੀ ਪੱਧਰ ’ਤੇ ਕੀਤਾ ਜਾ ਰਿਹਾ ਹੈ ਗਊ ਮੂਤਰ ਨੂੰ ਉਤਸ਼ਾਹਿਤ

ਬੀਤੇ ਵਰ੍ਹੇ ਭਾਜਪਾ ਸਰਕਾਰ ਨੇ ਗਊਆਂ ਦੀ ਸੁਰੱਖਿਆ ਅਤੇ ਸੁਧਾਰ ਲਈ ‘ਰਾਸ਼ਟਰੀ ਕਾਮਧੇਨੁ ਕਮਿਸ਼ਨ’ ਦੇ ਗਠਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਹ ਕਮਿਸ਼ਨ ਆਯੂਸ਼ ਮੰਤਰਾਲਾ ਨਾਲ ਮਿਲ ਕੇ ਗਊ ਮੂਤਰ ਅਤੇ ਗੋਹੇ ਤੋਂ ਬਣੀਆਂ ਦਵਾਈਆਂ ਤਿਆਰ ਕਰਨ ਲਈ ਕੰਮ ਕਰ ਰਿਹਾ ਹੈ। ਕਮਿਸ਼ਨ ਨੇ ਦਾਅਵਾ ਕੀਤਾ ਕਿ ਜੇਕਰ ਗਰਭਵਤੀ ਔਰਤਾਂ ਇਹਨਾਂ ਦਵਾਈਆਂ ਦੀ ਵਰਤੋਂ ਕਰਨਗੀਆਂ ਤਾਂ ਉਹ ‘ਬੇਹੱਦ ਬੁੱਧੀਮਾਨ ਅਤੇ ਤੰਦਰੁਸਤ' ਬੱਚਿਆਂ ਨੂੰ ਜਨਮ ਦੇਣਗੀਆਂ। ਸੰਸਥਾ ਨੇ ਇਹਨਾਂ ਦਵਾਈਆਂ ਦੇ ਵੱਡੇ ਪੱਧਰ ’ਤੇ ਉਤਪਾਦਨ ਲਈ ਆਯੂਸ਼ ਮੰਤਰਾਲੇ ਤੋਂ ਮਦਦ ਮੰਗੀ ਸੀ।


ਗਾਂ ਦਾ ਦੁੱਧ 50 ਰੁਪਏ ਪਰ ਗਊ ਮੂਤਰ ਵਿਕਦੈ ਕਰੀਬ 300 ਰੁਪਏ ਲੀਟਰ 
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਿਰਫ ਤੇ ਸਿਰਫ ਗਊ ਮੂਤਰ ਨਾਲ ਇਲਾਜ ਕਰਨ ਵਾਲੇ ਹਸਪਤਾਲ ਵੀ ਖੁੱਲ੍ਹ ਚੁੱਕੇ ਹਨ। ਭਾਰਤ ਵਿਚ ਗਊ ਮੂਤਰ ਦੇ ਲੀਟਰ ਦੀ ਇਕ ਬੋਤਲ 100 ਤੋ ਲੈ ਕੇ  300 ਰੁਪਏ ਦੇ ਕਰੀਬ ਵਿਕਦੀ ਹੈ। ਇਸ ਦੇ ਉਲਟ ਗਾਂ ਦਾ ਦੁੱਧ ਭਾਵੇਂ ਕਿ 50 ਰੁਪਏ ਦੇ ਆਸਪਾਸ ਵਿਕ ਰਿਹਾ ਹੈ।

ਕੈਂਸਰ ਖੋਜ ਸੰਸਥਾ ਨੇ ਨਹੀਂ ਕੀਤੀ ਪੁਸ਼ਟੀ
ਇਸ ਦੇ ਉਲਟ ਕੈਂਸਰ ਖੋਜ ਵਿਚ ਜੁਟੀ ਸਰਕਾਰੀ ਸੰਸਥਾ ਨੈਸ਼ਨਲ ਕੈਂਸਰ ਇੰਸਟੀਚਿਊਟ (NCI) ਅਜਿਹੇ ਸਾਰੇ ਦਾਅਵਿਆਂ ਦਾ ਖੰਡਨ ਕੀਤਾ ਸੀ। NCI ਦਾ ਮੰਨਣਾ ਸੀ ਕਿ ਕਿਸੇ ਵੀ ਹਰਬਲ ਪਦਾਰਥ ਨਾਲ ਕੈਂਸਰ ਦੇ ਠੀਕ ਹੋਣ ਦੀ ਧਾਰਨਾ ਗਲਤ ਹੈ।

ਇਹ ਵੀ ਪੜ੍ਹੋ  :  ਕੀ ਬੈਨ ਹੋਣਾ ਚਾਹੀਦਾ ਹੈ ਖਤਰਨਾਕ ਕੁੱਤਾ ‘ਪਿਟਬੁੱਲ’ ?


ਇਹ ਵੀ ਪੜ੍ਹੋ
  :  ਆਖਿਰ ਕਿਉਂ ਡੁੱਬ ਰਹੀਆਂ ਹਨ ਭਾਰਤੀ ਬੈਂਕਾਂ ?
 


jasbir singh

News Editor

Related News