ਅਫਗਾਨੀ ਸਿੱਖਾਂ ਨੂੰ ਸ਼ਰਣ ਦੇਣ ਲਈ ਵਚਨਬੱਧ ਭਾਰਤ ਸਰਕਾਰ: ਇਕਬਾਲ ਸਿੰਘ ਲਾਲਪੁਰਾ

06/23/2022 11:53:16 AM

ਜਲੰਧਰ- ਅੰਮ੍ਰਿਤਸਰ ਅਤੇ ਤਰਨਤਾਰਨ ਦੇ ਐੱਸ. ਐੱਸ. ਪੀ. ਅਤੇ ਵਧੀਕ ਇੰਸਪੈਕਟਰ ਜਨਰਲ ਸੀ. ਆਈ. ਡੀ. ਅੰਮ੍ਰਿਤਸਰ ਵਜੋਂ ਸੇਵਾਵਾਂ ਨਿਭਾ ਚੁੱਕੇ ਇਕਬਾਲ ਸਿੰਘ ਲਾਲਪੁਰਾ ਜੋਕਿ ਹੁਣ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਨ, ਨਾਲ ਅਫਗਾਨਿਸਤਾਨ 'ਚ ਫਸੇ ਸਿੱਖ ਪਰਿਵਾਰਾਂ ਤੇ ਪੰਜਾਬ 'ਚ ਵੱਧਦੇ ਜਾ ਰਹੇ ਗੈਂਗਸਟਰਵਾਦ ਸੰਬੰਧੀ 'ਜਗ ਬਾਣੀ' ਵਲੋਂ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਇਨ੍ਹਾਂ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ ਉਥੇ ਹੀ ਲਾਲਪੁਰਾ ਨੇ ਕੁੱਝ ਸੂਬਿਆਂ 'ਚ ਹਿੰਦੂਆਂ ਦੀ ਘੱਟਦੀ ਆਬਾਦੀ ਅਤੇ ਜੰਮੂ-ਕਸ਼ਮੀਰ 'ਚ ਹੋ ਰਹੀ ਟਾਰਗੈੱਟ ਕਿਲਿੰਗ ਵਰਗੇ ਮੁੱਦੇ 'ਤੇ ਵੀ ਵਿਚਾਰ ਚਰਚਾ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-

ਅਫਗਾਨਿਸਤਾਨ ‘ਚ ਰਹਿੰਦੇ 100 ਸਿੱਖਾਂ ਲਈ ਜਾਰੀ ਹੋਇਆ ਈ-ਵੀਜਾ
ਅਫਗਾਨਿਸਤਾਨ ‘ਚ ਰਹਿੰਦੇ ਸਿੱਖਾਂ ਬਾਰੇ ਗੱਲਬਾਤ ਕਰਦਿਆਂ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਅਫਗਾਨਿਸਤਾਨ ‘ਚ ਬੀਤੇ ਦਿਨੀਂ ਕਾਬੁਲ ਵਿਖੇ ਸਥਿਤ ਗੁਰੂਦੁਆਰਾ ਸਾਹਿਬ ‘ਤੇ ਹੋਇਆ ਹਮਲਾ ਨਿੰਦਨਯੋਗ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਅਫਗਾਨਿਸਤਾਨ ‘ਚ ਰਹਿੰਦੇ ਸਿੱਖਾਂ ਪ੍ਰਤੀ ਚਿੰਤਤ ਹੈ। ਬੀਤੇ ਦਿਨੀਂ 100 ਸਿੱਖਾਂ ਲਈ ਭਾਰਤ ਸਰਕਾਰ ਵੱਲੋਂ ਈ-ਵੀਜਾ ਜਾਰੀ ਕੀਤਾ ਗਿਆ ਹੈ। ਜੋ ਸਿੱਖ ਪਰਿਵਾਰ ਹਾਲੇ ਵੀ ਉਥੇ ਰਹਿ ਰਹੇ ਹਨ, ਜੇਕਰ ਉਹ ਭਾਰਤ ਆਉਣਾ ਚਾਹੁੰਦੇ ਹਨ ਤਾਂ ਸਰਕਾਰ ਉਨ੍ਹਾਂ ਦੀ ਮਦਦ ਕਰੇਗੀ। ਸਰਕਾਰ ਇਹ ਵੀ ਧਿਆਨ ਰੱਖੀ ਰਹੀ ਹੈ, ਕਿ ਭਾਰਤ ਆਏ ਰਹੇ ਸਿੱਖਾਂ ਨਾਲ ਸੰਬੰਧਤ ਇਤਿਹਾਸਕ ਇਮਰਾਤਾਂ ਬਾਰੇ ਵੀ ਸਰਕਾਰ ਅਫਗਾਨਿਸਤਾਨ ਦੀ ਸਰਕਾਰ ਨਾਲ ਸੰਪਰਕ ਕਰ ਰਹੀ ਹੈ ਤਾਂ ਜੋ ਇਨ੍ਹਾਂ ਇਮਾਰਤਾਂ ‘ਤੇ ਕਿਸੇ ਵਲੋਂ ਕਬਜਾ ਵੀ ਨਾ ਕੀਤਾ ਜਾ ਸਕੇ ਅਤੇ ਇਹ ਇਮਾਰਤਾਂ ਵੀ ਸੁਰੱਖਿਅਤ ਰਹਿਣ। ਲਾਲਪੁਰਾ ਨੇ ਕਿਹਾ ਕਿ ਅਫਗਾਨਿਸਤਾਨ ‘ਚ ਇਕੱਲੇ ਸਿੱਖਾਂ ਨੂੰ ਹੀ ਨਹੀਂ ਸਗੋਂ ਭਾਵੇਂ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਕੋਈ ਵੀ ਵਿਅਕਤੀ ਹੋਵੇ, ਜੇਕਰ ਉਹ ਭਾਰਤ ਆਉਣਾ ਚਾਹੁੰਦਾ ਹੈ ਤਾਂ ਸਰਕਾਰ ਨਾ ਸਿਰਫ਼ ਉਨ੍ਹਾਂ ਨੂੰ ਸ਼ਰਣ ਦੇਵੇਗੀ ਸਗੋਂ ਸੀਏਏ ਦੇ ਤਹਿਤ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀ ਸਾਥੀ ਸਣੇ 2 ਮੁਲਜ਼ਮ ਗ੍ਰਿਫ਼ਤਾਰ, ਹੋ ਸਕਦੇ ਵੱਡੇ ਖ਼ੁਲਾਸੇ

ਹਥਿਆਰਾਂ ਵਾਲੇ ਬਿਆਨ 'ਤੇ ਜਥੇਦਾਰ ਸਾਹਿਬ ਦੀ ਭਾਵਨਾ ਸ਼ਪੱਸ਼ਟ ਨਹੀਂ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਦੇ ਹਥਿਆਰਾਂ ਸੰਬੰਧੀ ਬਿਆਨ ਦੀ ਗੱਲ ਕਰਦਿਆਂ ਲਾਲਪੁਰਾ ਨੇ ਕਿਹਾ ਕਿ ਸਿੱਖਾਂ ਕੋਲ ਪੰਜ ਕਕਾਰ ਹਮੇਸ਼ਾ ਮੌਜੂਦ ਰਹਿੰਦੇ ਹਨ, ਜਿਨ੍ਹਾਂ ‘ਚ ਸ੍ਰੀ ਸਾਹਿਬ ਇਕ ਅਜਿਹਾ ਸ਼ਸਤਰ ਹੈ, ਜਿਸ ਨੂੰ ਅਸੀਂ ਆਪਣੀ ਸੁਰੱਖਿਆ ਲਈ ਇਸਤੇਮਾਲ ਕਰਦੇ ਹਾਂ। ਪੰਜਾਬ ਵਿੱਚ ਲੱਖਾਂ ਹੀ ਲਾਈਸੈਂਸੀ ਹਥਿਆਰ ਮੌਜੂਦ ਹਨ। ਸਿੰਘ ਸਾਹਿਬ ਦੇ ਇਸ ਬਿਆਨ ਪਿੱਛੇ ਉਨ੍ਹਾਂ ਦੀ ਕੀ ਭਾਵਨਾ ਹੈ ਇਹ ਸਪੱਸ਼ਟ ਨਹੀਂ। ਜੇਕਰ ਉਨ੍ਹਾਂ ਦਾ ਇਹ ਬਿਆਨ ਟ੍ਰੇਨਿੰਗ ਲਈ ਹੈ ਤਾਂ ਭਾਰਤ ਦੀ ਸ਼ਾਨ ਅਭਿਨਵ ਬਿੰਦਰਾ ਨੇ ਓਲੰਪਿਕ ਦਾ ਗੋਲਡ ਮੈਡਲ ਹਾਸਿਲ ਕੀਤਾ ਹੈ ਤਾਂ ਸਿੱਖਾਂ ਲਈ ਵੀ ਟ੍ਰੇਨਿੰਗ ਲਈ ਅਜਿਹੀਆਂ ਕਈ ਸਹੂਲਤਾਂ ਮੌਜੂਦ ਹਨ। ਜੇਕਰ ਕੋਈ ਹਥਿਆਰ ਰੱਖਣਾਂ ਚਾਹੁੰਦਾ ਹੈ ਤਾਂ ਟ੍ਰੇਨਿੰਗ ਲੈ ਲਾਈਸੈਂਸ ਅਪਲਾਈ ਕਰ ਸਕਦਾ। ਪੰਜਾਬ ‘ਚ ਅਮਨ ਦੇ ਹਾਲਾਤ ਠੀਕ ਨਹੀਂ। ਪੰਜਾਬ ਨੂੰ ਸ਼ਾਂਤ ਰੱਖਣ ਲਈ ਸਭ ਨੂੰ ਯਤਨ ਕਰਨਾ ਚਾਹੀਦਾ ਹੈ। ਜਿਥੋ ਤਕ ਗੱਲ ਮਾਡਰਨ ਹਥਿਆਰ ਰੱਖਣ ਦੀ ਕੀਤੀ ਗਈ ਤਾਂ ਉਹ ਕਿਹੋ-ਜਿਹੇ ਹਥਿਆਰ ਰੱਖਣ ਦੀ ਗੱਲ ਕਰ ਰਹੇ ਹਨ, ਇਹ ਸਪੱਸ਼ਟ ਨਹੀਂ।

ਧਰਮ ਪਰਿਵਰਤਨ ਦੀਆਂ ਸ਼ਿਕਾਇਤਾਂ ਨੂੰ ਲੈ ਜਾ ਰਿਹਾ ਗੰਭੀਰਤਾ ਨਾਲ
ਲਾਲਪੁਰਾ ਨੇ ਦੱਸਿਆ ਕਿ ਪੰਜਾਬ ਵਿੱਚ ਧਰਮ ਪਰਿਵਰਤਨ ਬਾਰੇ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ। ਕੁਝ ਲੋਕ ਗਲਤ ਤਰੀਕਿਆਂ ਦੀ ਵਰਤੋਂ ਕਰ ਧਰਮ ਪਰਿਵਰਤਨ ਕਰਵਾ ਰਹੇ ਹਨ। ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਿੱਖ ਭਾਈਚਾਰੇ ਦੀਆਂ ਮਿਲਿਆ ਸ਼ਿਕਾਇਤਾਂ ਦੇ ਆਧਾਰ ‘ਤੇ ਅਸੀਂ ਨੋਟਿਸ ਲੈਂਦੇ ਹੋਏ ਸਿੱਖ ਆਗੂਆਂ ਦੀ ਬੈਠਕ ਕ੍ਰਿਸ਼ਚਨ ਧਰਮ ਦੇ ਆਗੂਆਂ ਨਾਲ ਕਰਵਾਈ ਗਈ ਹੈ। ਜਿਸ ਵਿੱਚ ਇਸ ਗੱਲ਼ ਨੂੰ ਯਕੀਨੀ ਬਣਾਉਣ ਲਈ ਸਹਿਮਤੀ ਬਣੀ ਹੈ ਕਿ ਜ਼ਬਰੀ ਧਰਮ ਪਰਿਵਤਨ ਨਾ ਕਰਵਾਇਆ ਜਾਵੇ।

ਇਹ ਵੀ ਪੜ੍ਹੋ: ਅਹਿਮ ਖ਼ਬਰ: ਭਲਕੇ 12 ਵਜੇ ਤੋਂ ਅਣਮਿੱਥੇ ਸਮੇਂ ਤੱਕ ਬੱਸਾਂ ਦਾ ਰਹੇਗਾ ਚੱਕਾ ਜਾਮ, ਜਾਣੋ ਵਜ੍ਹਾ

9 ਸੂਬਿਆਂ ‘ਚ ਘੱਟ ਗਿਣਤੀ ਹਨ ਹਿੰਦੂ
ਕੁਝ ਸੂਬਿਆਂ ‘ਚ ਵੱਖ-ਵੱਖ ਧਰਮ ਨਾਲ ਸੰਬੰਧਤ ਲੋਕਾਂ ਦੇ ਘੱਟ ਗਿਣਤੀ ‘ਚ ਹੋਣ ਬਾਰੇ ਗੱਲ ਕਰਦਿਆਂ ਲਾਲਪੁਰਾ ਨੇ ਕਿਹਾ ਕਿ ਅਦਾਲਤ ‘ਚ ਘੱਟ ਗਿਣਤੀਆਂ ਦੇ ਹੱਕਾਂ ਸੰਬੰਧੀ ਕੇਸ ਚੱਲ ਰਿਹਾ ਹੈ। 9 ਸੂਬਿਆਂ ‘ਚ ਇਸ ਵੇਲੇ ਹਿੰਦੂ ਧਰਮ ਘੱਟ ਗਿਣਤੀ ਵਿੱਚ ਹੈ, ਫਿਰ ਵੀ ਅਦਾਲਤੀ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ। ਕੇਸ ਬਾਰੇ ਸੁਪਰੀਮ ਕੋਰਟ ਜੋ ਵੀ ਫੈਸਲਾ ਦੇਵੇਗੀ, ਉਸ ਹਿਸਾਬ ਨਾਲ ਸਰਕਾਰ ਅੱਗੇ ਕੰਮ ਕਰੇਗੀ। ਹਾਲ ਦੀ ਘੜੀ 6 ਧਰਮਾਂ ਨੂੰ ਘੱਟ ਗਿਣਤੀ ‘ਚ ਰੱਖਿਆ ਗਿਆ ਹੈ। ਘੱਟ ਗਿਣਤੀ ਕਮਿਸ਼ਨ ਵਿਦਿਆ, ਨੌਕਰੀ ਅਤੇ ਬਰਾਬਰੀ ਲਈ ਕੰਮ ਕਰ ਰਿਹਾ। ਅਸੀਂ ਘੱਟ ਗਿਣਤੀ ਭਾਈਚਾਰੇ ਦੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਪੜਾਉਣ ਲਈ ਕੰਮ ਕਰਦੀ ਹੈ। ਇਨ੍ਹਾਂ ਹੀ ਨਹੀਂ ਜੋ ਲੋਕ ਆਪਣਾ ਵਪਾਰ ਚਲਾਉਣਾਂ ਚਾਹੁੰਦੇ ਹਨ, ਉਨ੍ਹਾਂ ਲਈ ਵੀ ਕਈ ਸਕੀਮਾਂ ਵਿਭਾਗ ਦੀਆਂ ਹਨ। ਇਨ੍ਹਾਂ ਹੀ ਨਹੀ ਸਮਾਜਿਕ ਬਰਾਬਰੀ ਲਈ ਵੀ ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਹਨ।

ਗੈਂਗਸਟਰਾਂ ਨੂੰ ਕਾਬੂ ਕਰੇ ਪੰਜਾਬ ਸਰਕਾਰ
ਪੰਜਾਬ ਵਿੱਚ ਵੱਧਦੇ ਗੈਂਗਸਟਰਵਾਦ ਦੀ ਗੱਲ ਕਰਦਿਆਂ ਲਾਲਪੁਰਾ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਸਾਰੇ ਦੇਸ਼ ਦੇ ਅਮਨ-ਕਾਨੂੰਨ ‘ਤੇ ਨਜ਼ਰ ਬਣਾਈ ਰੱਖਦੀ ਹੈ। ਲਾਅ ਐਂਡ ਆਰਡਰ ਨੂੰ ਬਣਾਈ ਰੱਖਣਾ ਹਰ ਸੂਬੇ ਦੀ ਜਿੰਮੇਵਾਰੀ ਹੁੰਦੀ ਹੈ। ਕੋਈ ਵੀ ਜੁਰਮ ਜਾਂ ਤਾਂ ਸਟੇਟ ਦੀ ਨਾਲਾਇਕੀ ਹੁੰਦੀ ਹੈ ਤੇ ਜਾਂ ਫਿਰ ਮਿਲੀਭੁਗਤ, ਕਿਉਂਕਿ ਇਨ੍ਹਾਂ ਗੱਲ਼ਾਂ ਤੋਂ ਬਿਨ੍ਹਾਂ ਜੁਰਮ ਸੰਭਵ ਨਹੀਂ। ਇਹ ਤਾਂ ਹੁਣ ਸਰਕਾਰ ਨੂੰ ਵੇਖਣਾ ਚਾਹੀਦਾ ਹੈ ਕਿ ਨਾਲਾਇਕੀ ਕਿਥੇ ਹੈ। ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਇਸ ਨੂੰ ਲੋਕਾਂ ‘ਚ ਉਜਾਗਰ ਕਰ ਦਿੱਤਾ ਗਿਆ। ਇਸ ਤਰ੍ਹਾਂ ਦੀ ਸੂਚਨਾ ਉਜਾਗਰ ਕਰਨ ਵਾਲਿਆਂ ਨੂੰ ਸਜਾ ਮਿਲਣੀ ਚਾਹੀਦੀ ਹੈ। ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਇਸ ਪਾਸੇ ਧਿਆਨ ਦੇਣ ਦੀ ਕਿ ਪੁਲਸ ਨੂੰ ਹੋਰ ਕਿਵੇਂ ਸਰਗਰਮ ਕੀਤਾ ਜਾ ਸਕਦਾ ਹੈ।ਅੱਜ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦਿੱਲੀ ਪੁਲਸ ਵਲੋਂ ਕੀਤੀ ਗਈ ਹੈ ਜਦਕਿ ਇਹ ਕਾਰਵਾਈ ਪੰਜਾਬ ਪੁਲਸ ਕਰ ਸਕਦੀ ਸੀ। ਇਸ ਲਈ ਪੁਲਸ ਨੂੰ ਹੋਰ ਐਕਟੀਵ ਕਰਨ ਦੀ ਲੋੜ ਹੈ। ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਤੋਂ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਰਹੀ ਹੈ ਪਰ ਪੰਜਾਬ ਸਰਕਾਰ ਨੂੰ ਇਸ ਸਥਿਤੀ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਪੰਜਾਬ ਦੇ ਲੋਕ ਸੁਰੱਖਿਅਤ ਕਿਵੇਂ ਮਹਿਸੂਸ ਕਰਨ ਲਈ ਪੰਜਾਬ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।

ਇਹ ਵੀ ਪੜ੍ਹੋ:  ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਧੀ ਬੁਲੇਟ ਪਰੂਫ਼ ਗੱਡੀਆਂ ਦੀ ਮੰਗ, ਜਾਣੋ ਕਿੰਨਾ ਆਉਂਦਾ ਹੈ ਖ਼ਰਚਾ

ਫ਼ਿਲਮਾਂ ‘ਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਲਿਆ ਨੋਟਿਸ
ਫ਼ਿਲਮਾਂ ‘ਚ ਸਿੱਖਾਂ ਦੇ ਕਿਰਦਾਰ ਜਾਂ ਕਿਸੇ ਵੀ ਧਰਮ ਨੂੰ ਗਲਤ ਢੰਗ ਨਾਲ ਪੇਸ਼ ਕਰਨ ਸੰਬੰਧੀ ਲਾਲਪੁਰਾ ਨੇ ਕਿਹਾ ਕਿ ਅਸੀਂ ਇਨ੍ਹਾਂ ਗੱਲਾਂ ਦਾ ਨੋਟਿਸ ਲਿਆ ਹੈ। ਅਸੀਂ ਸੰਬੰਧਤ ਮੰਤਰਾਲਾ ਨਾਲ ਇਸ ਸੰਬੰਧੀ ਗੱਲਬਾਤ ਕਰ ਇਸ ਦਾ ਠੋਸ ਹੱਲ ਲੱਭਿਆ ਹੈ। ਜਿਸ ਤਹਿਤ ਭਾਰਤੀ ਸੈਂਸਰ ਬੋਰਡ ‘ਚ ਵੱਖ-ਵੱਖ ਧਰਮਾਂ ਨਾਲ ਸੰਬੰਧਤ ਨੁੰਮਾਇਦੀਆਂ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਧਰਮ ਨੂੰ ਗਲਤ ਢੰਗ ਨਾਲ ਫ਼ਿਲਮੀ ਪਰਦੇ ‘ਤੇ ਪੇਸ਼ ਨਾ ਕੀਤਾ ਜਾ ਸਕੇ।

ਆਮ ਆਦਮੀ ਪਾਰਟੀ ਨੂੰ ਭੇਜਿਆ ਲੀਗਲ ਨੋਟਿਸ
‘ਆਪ’ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਪਾਈ ਗਈ ਹੈ। ਜਿਸ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਤਸਵੀਰ ਵੀ ਲੱਗੀ ਹੋਈ ਹੈ, ਉਸ ਪੋਸਟ ‘ਚ ਮੇਰੇ ਖ਼ਿਲਾਫ਼ ਗਲਤ ਪੋਸਟ ਕੀਤੀ ਗਈ ਹੈ। ਜਿਸ ਲਈ ਆਮ ਆਦਮੀ ਪਾਰਟੀ ਜਿੰਮੇਵਾਰ ਹੈ। ਪਾਰਟੀ ਮੈਨੂੰ ਜਾਣ ਬੁੱਝ ਕੇ ਗਲਤ ਢੰਗ ਨਾਲ ਪੇਸ਼ ਕਰ ਮੇਰੇ ‘ਤੇ ਗਲਤ ਇਲਜਾਮ ਲਗਾ ਰਹੀ ਹੈ। ਜਿਸ ਦਾ ਮੈਂ ਸਖ਼ਤ ਨੋਟਿਸ ਲਿਆ ਹੈ। ਮੈਂ ਇਨ੍ਹਾਂ ਨੂੰ ਲੀਗਲ ਨੋਟਿਸ ਭੇਜਿਆ ਹੈ, ਕਿਉਂ ਕਿ ਅਜਿਹੀ ਪੋਸਟ ਨਾਲ ਮੇਰਾ ਅਕਸ ਖ਼ਰਾਬ ਕਰਨ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਮੈਂ ਇਨ੍ਹਾਂ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਅਸੀਂ ਇਨ੍ਹਾਂ ਖਿਲਾਫ ਅਪਰਾਧਿਕ ਮਾਮਲਾ ਵੀ ਦਰਜ਼ ਕਰਵਾਂਵੇਗੇ।

ਇਹ ਵੀ ਪੜ੍ਹੋ: ਜਲੰਧਰ: ਹੋਟਲ ’ਚ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਮੌਕੇ ’ਤੇ ਪੁੱਜੀ ਪਤਨੀ ਨੇ ਰੰਗੇ ਹੱਥੀਂ ਕੀਤਾ ਕਾਬੂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News