ਸ਼ਾਮ 6:30 ਤੋਂ ਬਾਅਦ ਖੁੱਲ੍ਹੇ 43 ਸ਼ਰਾਬ ਦੇ ਠੇਕਿਆਂ ਦਾ ਹੋਇਆ ਚਲਾਨ

08/27/2020 11:14:21 PM

ਚੰਡੀਗੜ੍ਹ/ਜਲੰਧਰ, (ਅਸ਼ਵਨੀ, ਧਵਨ)– ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਰਾਜ ਵਿਚ ਹਫਤੇ ਦੇ ਸਾਰੇ ਦਿਨਾਂ ਦੌਰਾਨ ਰਾਤ 7 ਵਜੇ ਤੋਂ ਸਵੇਰੇ 5 ਵਜੇ ਤੱਕ ਲਾਕਡਾਊਨ ਲਾਇਆ ਹੋਇਆ ਹੈ। ਰਾਜ ਦੇ ਸਾਰੇ ਮਿਊਂਸਪਲ ਸ਼ਹਿਰਾਂ ਵਿਚ ਸ਼ਰਾਬ ਦੇ ਠੇਕੇ ਸ਼ਾਮ 6:30 ਵਜੇ ਤੱਕ ਖੁੱਲ੍ਹੇ ਰੱਖਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕਰਦੇ ਹੋਏ ਆਬਕਾਰੀ ਵਿਭਾਗ, ਪੰਜਾਬ ਨੇ ਨਿਰਧਾਰਤ ਸਮਾਂ ਸੀਮਾ ਦੀ ਪਾਲਣਾ ਨਾ ਕਰਨ ਲਈ ਰਾਜ ਵਿਚ ਸ਼ਰਾਬ ਦੇ 43 ਠੇਕਿਆਂ ਦਾ ਚਲਾਨ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਲੰਧਰ ਵਿਚ ਸ਼ਰਾਬ ਦੇ 10 ਠੇਕੇ, ਮੋਹਾਲੀ ਵਿਚ 10, ਅੰਮ੍ਰਿਤਸਰ ਵਿਚ 6, ਲੁਧਿਆਣਾ ਵਿਚ 5, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿਚ 3-3, ਸ਼ਹੀਦ ਭਗਤ ਸਿੰਘ ਨਗਰ ਅਤੇ ਪਠਾਨਕੋਟ ਵਿਚ 2-2, ਪਟਿਆਲਾ ਅਤੇ ਬਰਨਾਲਾ ਵਿਚ 1-1 ਸ਼ਰਾਬ ਦੇ ਠੇਕਿਆਂ ਦੇ ਚਲਾਨ ਕੀਤੇ ਗਏ ਹਨ। ਵਿਭਾਗ ਵਲੋਂ ਸ਼ਰਾਬ ਦੇ ਠੇਕਿਆਂ ਦੇ ਲਾਈਸੈਂਸ ਧਾਰਕਾਂ ਨੂੰ ਠੇਕੇ ਖੋਲ੍ਹਣ ਸਬੰਧੀ ਸਰਕਾਰ ਵਲੋਂ ਨਿਰਧਾਰਤ ਸਮਾਂ-ਸੀਮਾ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ ਅਤੇ ਅਜਿਹਾ ਨਾ ਕਰਨ ’ਤੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।


Bharat Thapa

Content Editor

Related News