ਸੜਕਾਂ ''ਤੇ ਉੱਖੜਦਾ ਪੱਥਰ ਦੇ ਰਿਹੈ ਹਾਦਸਿਆਂ ਨੂੰ ਸੱਦਾ

Saturday, Nov 11, 2017 - 11:32 AM (IST)

ਸੜਕਾਂ ''ਤੇ ਉੱਖੜਦਾ ਪੱਥਰ ਦੇ ਰਿਹੈ ਹਾਦਸਿਆਂ ਨੂੰ ਸੱਦਾ


ਮੰਡੀ ਰੋੜਾਂਵਾਲੀ (ਜ. ਬ.) - ਮੰਡੀ ਰੋੜਾਂਵਾਲੀ ਤੋਂ ਵੱਖ-ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ ਸੜਕਾਂ ਉਪਰ ਇਕੱਲਾ ਪੱਥਰ ਪਾਇਆ ਜਾਣ ਕਰ ਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਮੰਡੀ ਰੋੜਾਂਵਾਲੀ ਤੋਂ ਸ੍ਰੀ ਮੁਕਤਸਰ ਸਾਹਿਬ, ਜਲਾਲਾਬਾਦ ਅਤੇ ਮੰਡੀ ਅਰਨੀ ਵਾਲਾ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਇੰਨੀ ਕੁ ਜ਼ਿਆਦਾ ਖਸਤਾ ਹੋ ਚੁੱਕੀ ਹੈ ਕਿ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੜਕਾਂ 'ਤੇ ਪ੍ਰੀਮਿਕਸ ਪਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਸੀਰ ਸਿੰਘ ਘੋਲਾ, ਅੰਗਰੇਜ਼ ਸਿੰਘ, ਰਵਿੰਦਰ ਸਿੰਘ ਜੀਤਾ, ਗੋਪਾਲ ਚੰਦ ਕੰਬੋਜ, ਸੰਦੀਪ ਲੂਣਾ, ਭਾਰਤ ਭੂਸ਼ਨ ਲੂਣਾ, ਮਨੂੰ ਵਰਮਾ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਦਾ ਕੰਮ ਠੇਕਾਦਾਰਾਂ ਵੱਲੋਂ ਕੀਤਾ ਜਾਣਾ ਸੀ ਪਰ ਠੇਕੇਦਾਰਾਂ ਵੱਲੋਂ ਜਦੋਂ ਇਹ ਸੜਕਾਂ ਨਵੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤਾਂ ਸਿਰਫ ਪੱਥਰ ਪਾ ਕੇ ਹੀ ਕੰਮ ਨੂੰ ਵਿਚਾਲੇ ਛੱਡ ਦਿੱਤਾ ਗਿਆ ਅਤੇ ਹੁਣ ਇਹ ਪੱਥਰ ਹੌਲੀ-ਹੌਲੀ ਫਿਰ ਤੋਂ ਉੱਖੜ ਰਿਹਾ ਹੈ, ਜਿਸ ਕਰ ਕੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੱਧ ਵਿਚਾਲੇ ਰੁਕੀਆਂ ਹੋਈਆਂ ਇਨ੍ਹਾਂ ਸੜਕਾਂ ਨੂੰ ਜਲਦੀ ਤੋਂ ਜਲਦੀ ਬਣਵਾਇਆ ਜਾਵੇ। ਉਧਰ ਜਦੋਂ ਇਸ ਸਬੰਧੀ ਠੇਕੇਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਇਹ ਕੰਮ ਰੁਕਿਆ ਹੋਇਆ ਹੈ।


Related News