ਜਲੰਧਰ ਵਾਸੀਆਂ ਨੂੰ ਵੱਡੀ ਸੌਗਾਤ! ਰਵਨੀਤ ਬਿੱਟੂ ਨੇ ਰੱਖਿਆ ਦੋ ਰੇਲਵੇ ਓਵਰਬ੍ਰਿਜਾਂ ਦਾ ਨੀਂਹ ਪੱਥਰ

Wednesday, Jun 24, 2026 - 07:18 PM (IST)

ਜਲੰਧਰ ਵਾਸੀਆਂ ਨੂੰ ਵੱਡੀ ਸੌਗਾਤ! ਰਵਨੀਤ ਬਿੱਟੂ ਨੇ ਰੱਖਿਆ ਦੋ ਰੇਲਵੇ ਓਵਰਬ੍ਰਿਜਾਂ ਦਾ ਨੀਂਹ ਪੱਥਰ

ਜਲੰਧਰ (ਸੋਨੂੰ ਮਹਾਜਨ) : ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਜਲੰਧਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਵੱਡਾ ਕਦਮ ਚੁੱਕਦਿਆਂ ਦੋ ਮਹੱਤਵਪੂਰਨ ਰੇਲਵੇ ਓਵਰਬ੍ਰਿਜਾਂ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਗੁਰੂ ਨਾਨਕ ਪੁਰਾ ਫਾਟਕ ਅਤੇ ਗੜ੍ਹਾ ਫਾਟਕ 'ਤੇ ਬਣਾਏ ਜਾਣਗੇ, ਜਿਨ੍ਹਾਂ 'ਤੇ ਕੁੱਲ 112.93 ਕਰੋੜ ਰੁਪਏ ਦੀ ਲਾਗਤ ਆਵੇਗੀ।

ਮੰਤਰੀ ਬਿੱਟੂ ਨੇ ਦੱਸਿਆ ਕਿ ਗੁਰੂ ਨਾਨਕ ਪੁਰਾ ਫਾਟਕ (ਬੀ-67) 'ਤੇ ਬਣਨ ਵਾਲੇ ਬ੍ਰਿਜ ਲਈ 48.95 ਕਰੋੜ ਰੁਪਏ ਅਤੇ ਗੜ੍ਹਾ ਫਾਟਕ (ਐਸ-4) ਲਈ 63.98 ਕਰੋੜ ਰੁਪਏ ਰੇਲਵੇ ਵੱਲੋਂ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਭਾਜਪਾ ਪਿਛਲੇ ਦੋ ਸਾਲਾਂ ਤੋਂ ਇਨ੍ਹਾਂ ਟੈਂਡਰਾਂ ਨੂੰ ਪਾਸ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਸੀ।

ਗੁਰੂ ਨਾਨਕ ਪੁਰਾ ਫਾਟਕ, ਜੋ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਲਾਈਨ 'ਤੇ ਸਥਿਤ ਹੈ, ਸ਼ਹਿਰ ਦੇ ਸਭ ਤੋਂ ਵਿਅਸਤ ਫਾਟਕਾਂ ਵਿੱਚੋਂ ਇੱਕ ਹੈ। ਇੱਥੋਂ ਰੋਜ਼ਾਨਾ ਲਗਭਗ 140 ਰੇਲ ਗੱਡੀਆਂ ਗੁਜ਼ਰਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿੱਟੂ ਨੇ ਕਿਹਾ ਕਿ ਨਿਯਮਾਂ ਅਨੁਸਾਰ ਜਦੋਂ ਕਿਸੇ ਫਾਟਕ ਤੋਂ ਰੋਜ਼ਾਨਾ ਇੱਕ ਲੱਖ ਤੋਂ ਵੱਧ ਵਾਹਨ ਲੰਘਦੇ ਹਨ ਤਾਂ ਉੱਥੇ ਪੁਲ ਬਣਾਉਣਾ ਜ਼ਰੂਰੀ ਹੋ ਜਾਂਦਾ ਹੈ।

ਰੇਲ ਮੰਤਰੀ ਨੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬ੍ਰਿਜਾਂ ਦਾ ਨਿਰਮਾਣ ਕਾਰਜ ਬਰਸਾਤ ਦੇ ਮੌਸਮ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਰੇਲਵੇ ਦੀ ਕੋਸ਼ਿਸ਼ ਹੈ ਕਿ ਇਸ ਨੂੰ ਇੱਕ ਸਾਲ ਦੇ ਅੰਦਰ ਮੁਕੰਮਲ ਕਰ ਲਿਆ ਜਾਵੇ। ਉਨ੍ਹਾਂ ਇਹ ਵੀ ਮੰਨਿਆ ਕਿ ਨਿਰਮਾਣ ਦੌਰਾਨ ਲੋਕਾਂ ਨੂੰ ਕੁਝ ਦਿੱਕਤਾਂ ਆ ਸਕਦੀਆਂ ਹਨ, ਪਰ ਮੁਕੰਮਲ ਹੋਣ ਤੋਂ ਬਾਅਦ ਇਹ ਜਲੰਧਰ ਵਾਸੀਆਂ ਲਈ ਵੱਡੀ ਰਾਹਤ ਹੋਵੇਗੀ। ਇਸ ਮੌਕੇ ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ ਵਿੱਚ ਪਹਿਲੀ ਵਾਰ ਵਿਕਾਸ ਦੀ ਅਜਿਹੀ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਕੁੱਲ 1700 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News