ਪੰਜਾਬ 'ਚ ਹਥਿਆਰਾਂ ਦੇ ਵੱਡੇ ਮਾਡਿਊਲ ਦਾ ਪਰਦਾਫਾਸ਼! 2 ਮੁਲਜ਼ਮ 7 ਪਿਸਤੌਲਾਂ ਤੇ 40 ਕਾਰਤੂਸ ਸਮੇਤ ਗ੍ਰਿਫ਼ਤਾਰ

Wednesday, Jul 01, 2026 - 06:22 PM (IST)

ਪੰਜਾਬ 'ਚ ਹਥਿਆਰਾਂ ਦੇ ਵੱਡੇ ਮਾਡਿਊਲ ਦਾ ਪਰਦਾਫਾਸ਼! 2 ਮੁਲਜ਼ਮ 7 ਪਿਸਤੌਲਾਂ ਤੇ 40 ਕਾਰਤੂਸ ਸਮੇਤ ਗ੍ਰਿਫ਼ਤਾਰ

ਅੰਮ੍ਰਿਤਸਰ (ਰਮਨ)- ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਨੇ ਸਰਹੱਦ ਪਾਰ ਤੋਂ ਚੱਲ ਰਹੇ ਇਕ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ 7 ਅਤਿਆਧੁਨਿਕ ਪਿਸਤੌਲ ਅਤੇ 40 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਕਮਿਸ਼ਨਰ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸਾਰੇ ਹਥਿਆਰ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਤਰਨਤਾਰਨ ਖੇਤਰ 'ਚ ਪਹਿਲਾਂ ਤੋਂ ਨਿਰਧਾਰਤ ਥਾਵਾਂ 'ਤੇ ਸੁੱਟੇ ਜਾਂਦੇ ਸਨ। ਪੁਲਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਤਰਨਤਾਰਨ ਦੇ ਸਰਾਹਣਾ (ਸੁਰਸਿੰਘ) ਪਿੰਡ ਦੇ ਰਹਿਣ ਵਾਲੇ ਸੁਰਜੀਤ ਸਿੰਘ ਅਤੇ ਗੁਲਬਾਗ ਸਿੰਘ ਬਾਠ ਵਜੋਂ ਹੋਈ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ 48 ਘੰਟੇ ਅਹਿਮ! 5 ਦਿਨ ਲਗਾਤਾਰ ਮੀਂਹ, ਵਿਭਾਗ ਵੱਲੋਂ 14 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert

ਸੁਰਜੀਤ ਸਿੰਘ ਪਹਿਲਾਂ ਤੋਂ ਹੀ ਐੱਨ. ਡੀ. ਪੀ. ਐੱਸ. ਐਕਟ ਦੇ ਇਕ ਮਾਮਲੇ 'ਚ ਫਰਾਰ ਚੱਲ ਰਿਹਾ ਸੀ, ਜਿਸ 'ਚ 5,000 ਨਸ਼ੀਲੀਆਂ ਗੋਲ਼ੀਆਂ ਬਰਾਮਦ ਹੋਈਆਂ ਸਨ। ਪੁਲਸ ਨੇ ਖ਼ੁਲਾਸਾ ਕੀਤਾ ਕਿ ਦੂਜਾ ਮੁਲਜ਼ਮ ਗੁਲਬਾਗ ਸਿੰਘ ਸੁਲਤਾਨਵਿੰਡ ਸਥਿਤ ਭਾਈ ਮੰਝ ਸਿੰਘ ਰੋਡ 'ਤੇ ਇੱਕ ਡੀ-ਐਡਿਕਸ਼ਨ ਸੈਂਟਰ ਚਲਾ ਰਿਹਾ ਸੀ। ਪੁਲਸ ਨੂੰ ਸ਼ੱਕ ਹੈ ਕਿ ਇਸ ਸੈਂਟਰ ਦੀ ਆੜ 'ਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। 

ਇਸ ਸਬੰਧੀ ਸਿਵਲ ਸਰਜਨ ਦੀ ਟੀਮ ਨਾਲ ਮਿਲ ਕੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫੰਡਾਂ ਦੇ ਸਰੋਤਾਂ ਦੀ ਵੀ ਵਿੱਤੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਰਾਮਦ ਹਥਿਆਰਾਂ 'ਚ ਇਕ 9 ਐੱਮ. ਐੱਮ. ਗਲੌਕ ਪਿਸਤੌਲ, ਇਕ ਤੁਰਕੀ ਬਣਿਆ .30 ਬੋਰ ਪਿਸਤੌਲ, ਇਕ ਖ਼ਾਸ ਤੌਰ 'ਤੇ ਮੋਡੀਫਾਈਡ .30 ਬੋਰ ਪਿਸਤੌਲ, ਇਕ ਚੀਨੀ ਬਣਿਆ .30 ਬੋਰ ਪਿਸਤੌਲ ਅਤੇ ਇਕ ਪਾਕਿਸਤਾਨੀ ਬਣਿਆ .30 ਬੋਰ ਪਿਸਤੌਲ ਸਮੇਤ ਕੁੱਲ੍ਹ ਸੱਤ ਹਥਿਆਰ ਸ਼ਾਮਲ ਹਨ। ਇਸ ਤੋਂ ਇਲਾਵਾ 40 ਜ਼ਿੰਦਾ .30 ਬੋਰ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ: 100 ਰੁਪਏ ਨੇ ਖੋਲ੍ਹ ਤਾਂ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਵੱਡਾ ਰਾਜ਼! ਹੈਰਾਨੀਜਨਕ ਕਾਰੇ ਦੀ ਵੀਡੀਓ ਵਾਇਰਲ

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਾਕਿਸਤਾਨ ਆਧਾਰਿਤ ਤਸਕਰਾਂ ਨਾਲ ਸੋਸ਼ਲ ਮੀਡੀਆ ਅਤੇ ਇਨਕ੍ਰਿਪਟਡ ਐਪਲੀਕੇਸ਼ਨਾਂ ਰਾਹੀਂ ਸੰਪਰਕ ਵਿੱਚ ਸਨ। ਸੰਚਾਰ ਲਈ ਵ੍ਹਟਸਐਪ, ਸਿਗਨਲ ਅਤੇ ਜ਼ੰਗੀ ਵਰਗੀਆਂ ਐਪਾਂ ਦੀ ਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਜਾਂਚ ਅਜੇ ਜਾਰੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਕਿੰਨੀ ਵਾਰ ਹਥਿਆਰਾਂ ਜਾਂ ਨਸ਼ਿਆਂ ਦੀਆਂ ਖੇਪਾਂ ਮੰਗਵਾਈਆਂ ਗਈਆਂ ਅਤੇ ਇਹ ਹਥਿਆਰ ਕਿਨ੍ਹਾਂ ਲੋਕਾਂ ਤੱਕ ਪਹੁੰਚਾਏ ਜਾਣੇ ਸਨ। ਨਾਲ ਹੀ ਹੋਰ ਡੀ-ਐਡਿਕਸ਼ਨ ਸੈਂਟਰਾਂ ਦੀ ਭੂਮਿਕਾ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਂਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਐਕਸ਼ਨ 'ਚ ਜਲੰਧਰ ਦੇ CP ਸਤਿੰਦਰ ਸਿੰਘ, ਕਈ ਥਾਣਿਆਂ ਦੇ SHO ਦੇ ਕੀਤੇ ਤਬਾਦਲੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News