ਫ਼ਿਰੌਤੀ ਦੀ ਰਕਮ ਨਾ ਦੇਣ ’ਤੇ ਬਿਲਡਰ ''ਤੇ ਕੀਤੀ ਫਾਇਰਿੰਗ! 1 ਮੁਲਜ਼ਮ ਗ੍ਰਿਫ਼ਤਾਰ
Monday, Jul 06, 2026 - 04:18 PM (IST)
ਜਲੰਧਰ (ਸ਼ੋਰੀ)-ਸੀ. ਆਈ. ਏ. ਸਟਾਫ਼ ਦਿਹਾਤੀ ਦੀ ਪੁਲਸ ਨੇ ਫ਼ਿਰੌਤੀ ਦੀ ਰਕਮ ਨਾ ਦੇਣ ’ਤੇ ਬਿਲਡਰ ਮਨਦੀਪ ਸਿੰਘ ਉਰਫ਼ ਗੋਰਾ ਅਤੇ ਉਸ ਦੇ ਸਾਥੀ ਸੰਜੀਵ ਸ਼ਰਮਾ 'ਤੇ ਕੀਤੀ ਫਾਇਰਿੰਗ ਦੇ ਮਾਮਲੇ ਵਿਚ ਫ਼ਰਾਰ ਚੱਲ ਰਹੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਵਿਨੀਤ ਅਹਿਲਾਵਤ ਪੁਲਸ ਕਪਤਾਨ (ਜਾਂਚ) ਅਤੇ ਲਖਵਿੰਦਰ ਸਿੰਘ ਉੱਪ ਪੁਲਸ ਕਪਤਾਨ (ਜਾਂਚ), ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਅਟਵਾਲ ਕਾਲੋਨੀ, ਫਿਲੌਰ ਵਿਖੇ ਮਿਤੀ 18 ਅਕਤੂਬਰ 2025 ਨੂੰ ਮਨਦੀਪ ਸਿੰਘ ਉਰਫ਼ ਗੋਰਾ ਅਤੇ ਉਸ ਦੇ ਸਾਥੀ ਸੰਜੀਵ ਸ਼ਰਮਾ ’ਤੇ ਹੋਈ ਫਾਇਰਿੰਗ ਦੇ ਮਾਮਲੇ ਵਿਚ ਫ਼ਰਾਰ ਚੱਲ ਰਹੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੰਜੀਵ ਪੁੱਤਰ ਵਿਜੇ ਸ਼ਰਮਾ ਨਿਵਾਸੀ ਔੜ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਬਿਆਨ ਦਰਜ ਕਰਵਾਇਆ ਕਿ ਸ਼ਾਮ ਲਗਭਗ 4.30 ਤੋਂ 5 ਵਜੇ ਦੇ ਵਿਚਕਾਰ ਉਹ ਆਪਣੇ ਕਾਰੋਬਾਰੀ ਸਾਂਝੀਦਾਰ ਮਨਦੀਪ ਸਿੰਘ ਉਰਫ਼ ਗੋਰਾ ਨਾਲ ਅਟਵਾਲ ਕਾਲੋਨੀ ਫਿਲੌਰ ਸਥਿਤ ਆਪਣੇ ਦਫ਼ਤਰ ਦੇ ਬਾਹਰ ਪਾਰਕ ਵਿਚ ਮੌਜੂਦ ਸੀ।
ਇਹ ਵੀ ਪੜ੍ਹੋ: ਜਲੰਧਰ-ਅੰਮ੍ਰਿਤਸਰ NH 'ਤੇ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਇਸੇ ਦੌਰਾਨ ਰਜਿਸਟ੍ਰੇਸ਼ਨ ਨੰਬਰ ਪੀ. ਬੀ. 37-ਕੇ-3777 ਵਾਲੀ ਇਕ ਥਾਰ ਗੱਡੀ ਉੱਥੇ ਆ ਕੇ ਰੁਕੀ, ਜਿਸ ਵਿਚੋਂ 2 ਵਿਅਕਤੀ ਹੇਠਾਂ ਉਤਰੇ। ਉਨ੍ਹਾਂ ਵਿਚੋਂ ਇਕ ਦੀ ਪਛਾਣ ਰਾਹੁਲ ਉਰਫ਼ ਰਿਤੀਸ਼ ਪੁੱਤਰ ਪ੍ਰਿਥੀ ਚੰਦ ਨਿਵਾਸੀ ਲੱਕੜ ਮੰਡੀ (ਫਿਲੌਰ) ਵਜੋਂ ਹੋਈ, ਜਿਸ ਨੇ ਮਨਦੀਪ ਸਿੰਘ ਉਰਫ਼ ਗੋਰਾ ਨੂੰ ਗੱਲਬਾਤ ਦੇ ਬਹਾਨੇ ਬਾਹਰ ਬੁਲਾਇਆ। ਕੁਝ ਹੀ ਦੇਰ ਬਾਅਦ ਉਸ ਨੇ ਵਿਵਾਦ ਸ਼ੁਰੂ ਕਰ ਦਿੱਤਾ ਅਤੇ ਪਿਸਤੌਲ ਕੱਢ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਦੋਂ ਸੰਜੀਵ ਸ਼ਰਮਾ ਅਤੇ ਮਨਦੀਪ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰਾਹੁਲ ਉਰਫ਼ ਰਿਤੀਸ਼ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਦੋ ਫਾਇਰ ਕੀਤੇ, ਜਿਨ੍ਹਾਂ ਵਿਚੋਂ ਇਕ ਗੋਲੀ ਸੰਜੀਵ ਸ਼ਰਮਾ ਦੇ ਖੱਬੇ ਗੋਡੇ ਦੇ ਉੱਪਰ ਲੱਗੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਥਾਰ ਗੱਡੀ ਵਿਚ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ: Punjab:ਕੁੱਤਿਆਂ ਨੇ ਜਵਾਕੜੀ ਨੂੰ ਨੋਚ-ਨੋਚ ਮਾਰਿਆ, ਤੜਫ਼-ਤੜਫ਼ ਨਿਕਲੀ ਜਾਨ
ਇਸ ਬਿਆਨ ਦੇ ਆਧਾਰ ’ਤੇ ਥਾਣਾ ਫਿਲੌਰ ਵਿਖੇ ਵੱਖ-ਵੱਖ ਗੰਭੀਰ ਧਾਰਾਵਾਂ ਤਹਿਤ ਐੱਫ਼. ਆਈ. ਆਰ. ਦਰਜ ਕੀਤੀ ਗਈ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਦੂਜਾ ਫਾਇਰ ਕਰਨ ਵਾਲਾ ਮੁਲਜ਼ਮ ਅਮਨਦੀਪ ਸਿੰਘ ਉਰਫ਼ ਰਮਨ ਪੁੱਤਰ ਭਜਨ ਸਿੰਘ ਨਿਵਾਸੀ ਲੱਕੜ ਮੰਡੀ, ਫਿਲੌਰ, ਜ਼ਿਲਾ ਜਲੰਧਰ ਹੈ।
ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਲਈ ਇਸ ਮਾਮਲੇ ਦੀ ਜਾਂਚ ਇੰਸਪੈਕਟਰ ਪੁਸ਼ਪ ਬਾਲੀ ਨੂੰ ਸੌਂਪੀ ਗਈ। ਵਿਨੀਤ ਅਹਿਲਾਵਤ ਪੁਲਸ ਕਪਤਾਨ (ਜਾਂਚ) ਦੀ ਨਿਗਰਾਨੀ ਹੇਠ ਹਿਊਮਨ ਇੰਟੈਲੀਜੈਂਸ (ਮਾਨਵ ਸੂਚਨਾ ਤੰਤਰ) ਅਤੇ ਤਕਨੀਕੀ ਸਰਵੇਲੈਂਸ ਰਾਹੀਂ ਮੁਲਜ਼ਮ ਦੀ ਭਾਲ ਕੀਤੀ ਗਈ। ਇੰਸਪੈਕਟਰ ਪੁਸ਼ਪ ਬਾਲੀ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਅਮਨਦੀਪ ਸਿੰਘ ਉਰਫ਼ ਰਮਨ ਨੂੰ ਨੂਰਮਹਿਲ ਇਲਾਕੇ ਵਿਚ ਦੇਖਿਆ ਗਿਆ ਹੈ।
ਇਸ ਸੂਚਨਾ ਦੇ ਆਧਾਰ ’ਤੇ ਏ. ਐੱਸ. ਆਈ. ਪਰਵਿੰਦਰ ਸਿੰਘ ਦੀ ਅਗਵਾਈ ਵਿਚ ਪੁਲਸ ਟੀਮ ਨੇ ਪਿੰਡ ਪਾਸਲਾ ਵਿਚ ਛਾਪੇਮਾਰੀ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਐੱਸ. ਐੱਸ. ਪੀ. ਸ. ਹਰਵਿੰਦਰ ਸਿੰਘ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਮਨਦੀਪ ਸਿੰਘ ਉਰਫ਼ ਰਮਨ ਆਪਣੇ ਸਾਥੀ ਰਾਹੁਲ ਉਰਫ਼ ਰਿਤੀਸ਼ ਨਾਲ ਫ਼ਰਾਰ ਹੋ ਗਿਆ ਸੀ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਲੁਕਦਾ ਫਿਰ ਰਿਹਾ ਸੀ। ਉਸ ਨੂੰ ਉਸ ਦੇ ਨਾਨਕੇ ਪਿੰਡ ਪਾਸਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ: ਗੈਂਗਸਟਰ ਮਨਪ੍ਰੀਤ ਮੰਨਾ ਦੀ ਵਾਇਰਲ ਵੀਡੀਓ ਮਾਮਲੇ 'ਚ ਐਡੀਸ਼ਨਲ ਸੁਪਰਡੈਂਟ ਤੇ ਵਾਰਡਨ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
