12 ਗਊਵੰਸ਼ਾਂ ਦੀ ਮੌਤ ਦੀ ਗੁੱਥੀ ਪਟਿਆਲਾ ਪੁਲਸ ਨੇ 24 ਘੰਟਿਆਂ ’ਚ ਸੁਲਝਾਈ, ਅੰਤਰਰਾਜੀ 6 ਗਊ ਸਮੱਗਲਰ ਗ੍ਰਿਫ਼ਤਾਰ
Tuesday, Aug 02, 2022 - 10:23 PM (IST)

ਪਟਿਆਲਾ (ਕੰਵਲਜੀਤ, ਬਲਜਿੰਦਰ) : ਐਤਵਾਰ ਰਾਤ ਨੂੰ ਥਾਣਾ ਸਦਰ ਨਾਭਾ ਅਧੀਨ ਪੈਂਦੇ ਜੌੜੇ ਪੁਲਾਂ ਤੋਂ ਲੈ ਕੇ ਰੋਹਟੀ ਪੁਲ ਤੱਕ 15 ਕਿਲੋਮੀਟਰ ਦੇ ਏਰੀਏ ’ਚ ਵੱਖ-ਵੱਖ ਥਾਵਾਂ ’ਤੇ ਗਊਵੰਸ਼ਾਂ ਦੇ ਮ੍ਰਿਤਕ ਮਿਲਣ ਦੀ ਗੁੱਥੀ ਨੂੰ ਪਟਿਆਲਾ ਪੁਲਸ ਨੇ 24 ਘੰਟੇ 'ਚ ਸੁਲਝਾ ਦਿੱਤਾ ਹੈ। ਇਸ ਮਾਮਲੇ ’ਚ ਪੁਲਸ ਨੇ 6 ਅੰਤਰਰਾਜੀ ਗਊ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ’ਚ ਸਲੀਮ ਮੁਹੰਮਦ ਉਰਫ ਕਾਕਾ ਪੁੱਤਰ ਖੁਸ਼ੀ ਮੁਹੰਮਦ ਵਾਸੀ ਜਮਾਲਪੁਰ ਨੂਰ ਬਸਤੀ ਮਾਲੇਰਕੋਟਲਾ, ਮੁਹੰਮਦ ਦਿਲਸ਼ਾਦ ਉਰਫ ਬੂਟਾ ਪੁੱਤਰ ਮੁਹੰਮਦ ਅਨਵਰ ਵਾਸੀ ਕਿਲ੍ਹਾ ਰਹਿਮਾਨਗੜ੍ਹ ਮਾਲੇਰਕੋਟਲਾ, ਅਫਜ਼ਲ ਪੁੱਤਰ ਰਫਕਟ ਵਾਸੀ ਲੋਧੀ ਵੰਸ਼ ਥਾਣਾ ਮਿਰਜ਼ਾਪੁਰ ਜ਼ਿਲ੍ਹਾ ਸਹਾਰਨਪੁਰ ਯੂ. ਪੀ., ਸੰਦੀਪ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਬਨਭੌਰਾ ਜ਼ਿਲ੍ਹਾ ਮਾਲੇਰਕੋਟਲਾ, ਵਿਨੋਦ ਪੁੱਤਰ ਰਾਜਪਾਲ ਵਾਸੀ ਗੁਰੂ ਨਾਨਕ ਨਗਰ ਕੁਲਾਰਾਂ ਰੋਡ ਥਾਣਾ ਸਿਟੀ ਸਮਾਣਾ, ਸੁਨੀਲ ਪੁੱਤਰ ਪ੍ਰਕਾਸ਼ ਵਾਸੀ ਗੁਰੂ ਨਾਨਕ ਨਗਰ ਕੁਲਾਰਾਂ ਰੋਡ ਥਾਣਾ ਸਿਟੀ ਸਮਾਣਾ ਸ਼ਾਮਲ ਹਨ।
ਖ਼ਬਰ ਇਹ ਵੀ : ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ ਲੱਗਾ GST, ਗਾਇਕ ਜਾਨੀ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਪੜ੍ਹੋ TOP 10
ਇਨ੍ਹਾਂ ਖ਼ਿਲਾਫ਼ ਥਾਣਾ ਸਦਰ ਨਾਭਾ ਵਿਖੇ 295-ਏ, 429, ਦਿ ਪੰਜਾਬ ਪ੍ਰੋਹੈਬੀਟੇਸ਼ਨ ਆਫ ਕਾਓ ਸਲਾਟਰ ਐਕਟ 1995 ਦੀ ਧਾਰਾ 8 ਅਤੇ ਧਾਰਾ 11, ਦਿ ਪ੍ਰੀਵੈਨਸ਼ਨ ਆਫ ਕਰੂਐਲਟੀ-ਟੂ-ਐਨੀਮਲ 1960 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਲਈ ਐੱਸ. ਪੀ. ਇਨਵੈਸਟੀਗੇਸ਼ਨ ਹਰਵੀਰ ਸਿੰਘ ਅਟਵਾਲ, ਐੱਸ. ਪੀ. ਟ੍ਰੈਫਿਕ ਰਾਕੇਸ਼ ਕੁਮਾਰ, ਡੀ. ਐੱਸ. ਪੀ. ਸੁਖਮਿੰਦਰ ਸਿੰਘ ਰੰਧਾਵਾ, ਡੀ. ਐੱਸ. ਪੀ. ਹੈੱਡ ਕੁਆਰਟਰ ਦਲਜੀਤ ਸਿੰਘ, ਡੀ. ਐੱਸ. ਪੀ. ਨਾਭਾ ਦਵਿੰਦਰ ਅੱਤਰੀ, ਡੀ. ਐੱਸ. ਪੀ. ਰਾਜੇਸ਼ ਛਿੱਬੜ ਤੇ ਸੀ. ਆਈ. ਏ. ਸਟਾਫ ਪਟਿਆਲਾ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਸਮੇਤ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਨੇ 24 ਘੰਟਿਆਂ ’ਚ ਮਸਲੇ ਨੂੰ ਹੱਲ ਕਰਕੇ 6 ਅੰਤਰਰਾਜੀ ਗਊ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਤੋਂ ਵਾਰਦਾਤ ਲਈ ਵਰਤਿਆ ਗਿਆ ਕੈਂਟਰ ਬਰਮਾਦ ਕਰ ਲਿਆ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ: ਇਕ ਹੋਰ ਵਿਅਕਤੀ ਨੂੰ ਲਿਆਂਦਾ ਪ੍ਰੋਡਕਸ਼ਨ ਵਾਰੰਟ 'ਤੇ, 7 ਅਗਸਤ ਤੱਕ ਲਿਆ ਰਿਮਾਂਡ
ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਇਨ੍ਹਾਂ ਨੇ ਇਕ ਗਊ ਸਮੱਗਲਰ ਗਿਰੋਹ ਬਣਾਇਆ ਹੋਇਆ ਹੈ, ਜੋ ਕਿ ਗੈਰ-ਕਾਨੂੰਨੀ ਤੌਰ ’ਤੇ ਸਾਨ੍ਹਾਂ, ਬਲਦਾਂ ਅਤੇ ਗਊਆਂ ਨੂੰ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਦੂਜੇ ਰਾਜਾਂ ’ਚ ਸਮੱਗਲ ਕਰਦੇ ਹਨ। ਇਨ੍ਹਾਂ ਨੇ ਇਹ ਗਊਵੰਸ਼ 30 ਜੁਲਾਈ ਨੂੰ ਪਾਇਲ-ਲੁਧਿਆਣਾ ਨੇੜਿਓਂ ਗੈਰ-ਕਾਨੂੰਨੀ ਤੌਰ ’ਤੇ ਕੈਂਟਰ ’ਚ ਲੱਦੇ ਸਨ। ਰਸਤੇ ’ਚ ਇਨ੍ਹਾਂ ਦਾ ਕੈਂਟਰ ਖਰਾਬ ਹੋਣ ਕਰਕੇ ਸਾਰੇ ਪਸ਼ੂ ਜ਼ਿਆਦਾ ਗਿਣਤੀ ’ਚ ਕੈਂਟਰ ’ਚ ਭਰੇ ਹੋਣ ਕਰਕੇ ਮਾਰੇ ਗਏ, ਜਦੋਂ ਕਿ ਅਗਲੇ ਦਿਨ ਇਹ ਕੈਂਟਰ ਵਾਪਸ ਖੰਨਾ-ਮਾਲੇਰਕੋਟਲਾ ਰੋਡ ਤੋਂ ਕੁਝ ਦੂਰੀ ’ਤੇ ਖੜ੍ਹਾ ਕਰ ਦਿੱਤਾ।
ਇਹ ਵੀ ਪੜ੍ਹੋ : ਸੰਸਦ 'ਚ ਬੋਲੇ ਹਰਸਿਮਰਤ ਕੌਰ ਬਾਦਲ, ਕਿਹਾ- ਸਵਾਮੀਨਾਥਨ ਰਿਪੋਰਟ ਨੂੰ ਇੰਨ-ਬਿਨ ਕੀਤਾ ਜਾਵੇ ਲਾਗੂ
31 ਜੁਲਾਈ ਨੂੰ ਜੌੜੇ ਪੁਲਾਂ ਤੋਂ ਰੋਹਟੀ ਪੁਲ ਨੂੰ ਆਉਂਦੇ ਹੋਏ 15 ਕਿਲੋਮੀਟਰ ਦੇ ਏਰੀਏ ’ਚ ਵੱਖ-ਵੱਖ ਥਾਵਾਂ ’ਤੇ ਇਨ੍ਹਾਂ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਸੜਕ ਦੇ ਕਿਨਾਰੇ ਸੁੱਟ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਸ ਨੇ ਇਸ ਮਾਮਲੇ ’ਚ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀਆਂ ਨੂੰ ਜਲਦ ਹੀ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ ਦਾ ਸਰਗਣਾ ਮੁਹੰਮਦ ਸਲੀਮ ਉਰਫ ਕਾਕਾ ਖੁੱਸੇਵਾਲਾ ਹੈ, ਜਿਸ ’ਤੇ ਹੁਣ ਤੱਕ ਗਊ ਸਮੱਗਲਿੰਗ ਆਦਿ ਦੇ ਕੁਲ 34 ਕੇਸ ਲੁਧਿਆਣਾ, ਹੁਸ਼ਿਆਰਪੁਰ, ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ’ਚ ਦਰਜ ਹਨ ਅਤੇ ਅੰਬਾਲਾ ਵਿਖੇ ਵੀ ਗਊ ਸਮੱਗਲਿੰਗ ਦੇ ਕੇਸਾਂ ’ਚ ਲੋੜੀਂਦਾ ਹੈ। ਕੈਂਟਰ ਦੇ ਮਾਲਕ ਸੰਦੀਪ ਸਿੰਘ ਖ਼ਿਲਾਫ਼ ਵੀ ਲੜਾਈ-ਝਗੜੇ, ਨਸ਼ੇ ਸਮੱਗਲਿੰਗ ਦੇ ਕੇਸ ਦਰਜ ਹਨ ਅਤੇ ਅਫਜ਼ਲ ਦੇ ਖ਼ਿਲਾਫ਼ ਉੱਤਰ ਪ੍ਰਦੇਸ਼ ’ਚ ਵੀ ਕਈ ਕ੍ਰਿਮੀਨਲ ਕੇਸ ਦਰਜ ਹਨ।
ਇਹ ਵੀ ਪੜ੍ਹੋ : ਮਹਿੰਗਾਈ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ, PM ਮੋਦੀ ਆਪਣੇ ਕਾਰਪੋਰੇਟ ਮਿੱਤਰਾਂ ਨੂੰ ਫਾਇਦਾ ਪਹੁੰਚਾਉਣ 'ਚ ਰੁੱਝੇ : ਆਪ
ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਹਰਵੀਰ ਸਿੰਘ ਅਟਵਾਲ, ਐੱਸ. ਪੀ. ਪੀ. ਬੀ. ਆਈ. ਅਤੇ ਟ੍ਰੈਫਿਕ ਰਾਕੇਸ਼ ਕੁਮਾਰ, ਡੀ. ਐੱਸ. ਪੀ. ਨਾਭਾ ਦਵਿੰਦਰ ਅੱਤਰੀ, ਡੀ. ਐੱਸ. ਪੀ. ਡੀ. ਸੁਖਅੰਮ੍ਰਿਤ ਸਿੰਘ ਰੰਧਾਵਾ, ਡੀ. ਐੱਸ. ਪੀ. ਐੱਚ. ਦਲਜੀਤ ਸਿੰਘ ਵਿਰਕ, ਡੀ. ਐੱਸ. ਰਾਜੇਸ਼ ਛਿੱਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।