ਇੰਟਰਨੈਟ ਬਹਾਲ ਹੋਣ ’ਤੇ ਇਕ ਹਫਤੇ ਬਾਅਦ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਚੋਣ ਲਈ ਮੁੜ ਸ਼ੁਰੂ ਹੋਈ ਵੋਟਿੰਗ

03/25/2023 3:33:12 PM

ਪ‌ਟਿਆਲਾ (ਰਾਜੇਸ਼ ਪੰਜੌਲਾ, ਪਰਮੀਤ) : ਪੰਜਾਬ ਵਿਚ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਖ਼ਿਲਾਫ ਮੁਹਿੰਮ ਦੇ ਚੱਲਦੇ ਮੋਬਾਇਲ ਇੰਟਰਨੈਟ ’ਤੇ ਲੱਗੀ ਪਾਬੰਦੀ ਕਾਰਨ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਚੋਣ ਲਈ ਵੋਟਿੰਗ ਇਕ ਹਫਤਾ ਰੁਕੇ ਰਹਿਣ ਮਗਰੋਂ ਅੱਜ 25 ਮਾਰਚ ਨੂੰ ਦੁਪਹਿਰ 12.00 ਵਜੇ ਫਿਰ ਤੋਂ ਸ਼ੁਰੂ ਹੋ ਗਈ। ਇਸ ਚੋਣ ਲਈ ਵੋਟਿੰਗ ਯੂਥ ਕਾਂਗਰਸ ਦੇ ਐਪ ਰਾਹੀਂ ਕਰਵਾਈ ਜਾ ਰਹੀ ਹੈ ਜਿਸ ਵਿਚ 18 ਤੋਂ 35 ਸਾਲ ਦੇ ਵੋਟਰ ਜਿਨ੍ਹਾਂ ਦੀ ਵੋਟ ਚੋਣ ਕਮਿਸ਼ਨ ਦੀ ਵੋਟਰ ਸੂਚੀ ਵਿਚ ਦਰਜ ਹੋਵੇ ਤੇ ਜਿਨ੍ਹਾਂ ਕੋਲ ਵੋਟਰ ਆਈ ਕਾਰਡ ਹੋਵੇ, ਵੋਟਾਂ ਪਾ ਸਕਦੇ ਹਨ। ਮੌਜੂਦਾ ਸਮੇਂ ਵਿਚ ਸੂਬਾ ਪ੍ਰਧਾਨਗੀ ਦੀ ਦੌੜ ਵਿਚ ਨੌਜਵਾਨ ਆਗੂ ਉਦੈਵੀਰ ਸਿੰਘ ਢਿੱਲੋਂ, ਮੋਹਿਤ ਮਹਿੰਦਰਾ ਤੇ ਅਕਸ਼ੇ ਸ਼ਰਮਾ ਪ੍ਰਧਾਨਗੀ ਦੀ ਦੌੜ ਵਿਚ ਹਨ। 

ਇਕ ਵੋਟਰ ਚਾਰ ਅਹੁਦਿਆਂ ਲਈ ਵੋਟਾਂ ਪਾਵੇਗਾ ਜਿਸ ਵਿਚ ਸੂਬਾ ਪ੍ਰਧਾਨ, ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਦੇ ਅਹੁਦੇ ਸ਼ਾਮਲ ਹਨ। ਯੂਥ ਕਾਂਗਰਸ ਦੀਆਂ ਇਨ੍ਹਾਂ ਚੋਣਾਂ ਲਈ ਵੋਟਾਂ ਪਾਉਣ ਦਾ ਅਮਲ 10 ਮਾਰਚ ਨੂੰ ਸ਼ੁਰੂ ਹੋਇਆ ਸੀ ਜੋ 10 ਅਪ੍ਰੈਲ ਨੂੰ ਮੁਕੰਮਲ ਹੋਣਾ ਸੀ। ਇਸ ਮਗਰੋਂ ਪਾਰਟੀ ਦੇ ਅੰਦਰੂਨੀ ਚੋਣ ਕਮਿਸ਼ਨ ਦੀ ਸਕਰੂਟਨੀ ਕਮੇਟੀ ਵੱਲੋਂ ਗਲਤ ਪਈਆਂ ਵੋਟਾਂ ਦੀ ਪੜਤਾਲ ਕੀਤੀ ਜਾਣੀ ਸੀ ਅਤੇ ਫਿਰ ਨਤੀਜਾ ਘੋਸ਼ਤ ਕਰਨਾ ਸੀ ਪਰ ਪੰਜਾਬ ਵਿਚ ਮੋਬਾਇਲ ਇੰਟਰਨੈਟ ਬੰਦ ਰਹਿਣ ਕਾਰਨ ਵੋਟਾਂ ਪੈਣ ਦਾ ਕੰਮ ਇਕ ਹਫਤਾ ਰੁਕਿਆ ਰਿਹਾ ਹੈ। ਸੰਭਾਵਨਾ ਹੈ ਕਿ 10 ਅਪ੍ਰੈਲ ਤੋਂ ਬਾਅਦ ਵੋਟਾਂ ਪੈਣ ਦਾ ਕੰਮ ਇਕ ਹਫਤੇ ਲਈ ਵਧਾ ਦਿੱਤਾ ਜਾਵੇ। ਇਕ ਅੰਦਾਜ਼ੇ ਮੁਤਾਬਕ 5 ਲੱਖ ਤੋਂ ਵੱਧ ਵੋਟਰਾਂ ਦੇ ਇਨ੍ਹਾਂ ਚੋਣਾਂ ਵਿਚ ਵੋਟਾਂ ਪਾਉਣ ਦੀ ਸੰਭਾਵਨਾ ਹੈ।

ਦੱਸਣਯੋਗ ਗੱਲ ਇਹ ਹੈ ਕਿ 2008 ਵਿਚ ਇਹ ਚੋਣਾਂ ਪਹਿਲੀ ਵਾਰ ਇਸ ਤਰੀਕੇ ਹੋਈਆਂ ਸਨ ਜਿਨ੍ਹਾਂ ਵਿਚ ਜ਼ਿਲ੍ਹਾ ਤੇ ਬਲਾਕ ਪ੍ਰਧਾਨਾਂ ਦੀ ਚੋਣ ਹੋਈ ਸੀ। ਫਿਰ 2012 ਵਿਚ ਸੰਸਦੀ ਹਲਕੇ ਤੇ ਵਿਧਾਨ ਸਭਾ ਹਲਕੇਵਾਰ ਪ੍ਰਧਾਨਾਂ ਦੀ ਚੋਣ ਹੋਈ ਸੀ ਤੇ 2015 ਦੀਆਂ ਚੋਣਾਂ ਵਿਚ ਵੀ ਇਹੀ ਹੋਇਆ। 2018 ਵਿਚ ਜ਼ਿਲ੍ਹਾ ਪ੍ਰਧਾਨ ਤੇ ਵਿਧਾਨ ਸਭਾ ਹਲਕਾਵਾਰ ਪ੍ਰਧਾਨਾਂ ਦੀ ਚੋਣ ਹੋਈ ਤੇ ਹੁਣ 2023 ਵਿਚ ਸੂਬਾ ਪ੍ਰਧਾਨ, ਸੂਬਾ ਜਨਰਲ ਸਕੱਤਰ, ਜ਼ਿਲ੍ਹਾ ਪ੍ਰਧਾਨਾਂ ਤੇ ਵਿਧਾਨ ਸਭਾ ਹਲਕਾਵਾਰ ਪ੍ਰਧਾਨਾਂ ਦੀ ਚੋਣ ਹੋ ਰਹੀ ਹੈ। ਸਭ ਦੀਆਂ ਨਜ਼ਰਾਂ ਸੂਬਾ ਪ੍ਰਧਾਨ ਦੀ ਚੋਣ ’ਤੇ ਟਿਕੀਆਂ ਹਨ ਜਿਸ ਵਿਚ ਤਿੰਨੋਂ ਉਮੀਦਵਾਰ ਆਪੋ ਆਪਣੇ ਵੱਲੋਂ ਜ਼ੋਰ ਅਜ਼ਮਾਈ ਕਰ ਰਹੇ ਹਨ। ਇਨ੍ਹਾਂ ਚੋਣਾਂ ਵਿਚ ਪਿਛਲੀ ਕਾਂਗਰਸ ਸਰਕਾਰ ਵੇਲੇ ਲੀਡਰਾਂ ਦੀ ਰਹੀ ਕਾਰਗੁਜ਼ਾਰੀ ਦਾ ਵੀ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ ਹੈ।


Gurminder Singh

Content Editor

Related News