'ਗੈਰ-ਸਿੱਖ ਡੇਰਾ ਵਾਦੀ ਤੇ ਰਾਜਨੀਤਕ ਸ਼ਖਸੀਅਤਾਂ ਦੀ ਦਖਲਅੰਦਾਜ਼ੀ ਸਿੱਖ ਡੇਰਿਆਂ ’ਚ ਬਰਦਾਸ਼ਤ ਨਹੀਂ'

Monday, May 31, 2021 - 02:46 AM (IST)

'ਗੈਰ-ਸਿੱਖ ਡੇਰਾ ਵਾਦੀ ਤੇ ਰਾਜਨੀਤਕ ਸ਼ਖਸੀਅਤਾਂ ਦੀ ਦਖਲਅੰਦਾਜ਼ੀ ਸਿੱਖ ਡੇਰਿਆਂ ’ਚ ਬਰਦਾਸ਼ਤ ਨਹੀਂ'

ਅੰਮ੍ਰਿਤਸਰ(ਜ.ਬ.)- ਗੈਰ-ਸਿੱਖ ਡੇਰਾ ਵਾਦੀਆਂ ਅਤੇ ਰਾਜਨੀਤਕ ਸ਼ਖਸੀਅਤਾਂ ਦੀ ਦਖਲਅੰਦਾਜ਼ੀ ਸਿੱਖ ਡੇਰਿਆਂ ਦੇ ਮਸਲਿਆਂ ’ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਭੇਜੀ ਇਕ ਵੀਡੀਓ ’ਚ ਕੀਤਾ ਗਿਆ, ਜੋ ਸਿੰਘ ਸਾਹਿਬ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਢੱਡੇ ਨੇ ਭੇਜੀ।

ਇਹ ਵੀ ਪੜ੍ਹੋ-  ਬੇਅਦਬੀ ਤੇ ਗੋਲੀਕਾਂਡ ਦਾ ਇਨਸਾਫ ਨਾ ਮਿਲਣ ’ਤੇ ਬਰਗਾੜੀ ਵਿਖੇ ਭਲਕੇ ਹੋਵੇਗੀ ਪੰਥਕ ਇਕੱਤਰਤਾ : ਦਾਦੂਵਾਲ

ਸਿੰਘ ਸਾਹਿਬ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਕਲਾਨੌਰ ਦੇ ਸੇਵਾ ਪੰਥੀ ਡੇਰੇ ਦੇ ਸਾਧੂ ਬਾਬਾ ਹਰਨਾਮ ਸਿੰਘ ਦੇ ਦਿਹਾਂਤ ਉਪਰੰਤ ਡੇਰੇ ਦੀ ਮਹੰਤੀ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਸੀ। ਇਹ ਵਿਵਾਦ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੁੱਜਾ। ਉਨ੍ਹਾਂ ਕਿਹਾ ਕਿ ਸੇਵਾ ਪੰਥੀ ਇਕ ਮਹਾਨ ਅਤੇ ਅਹਿਮ ਸੰਸਥਾ ਹੈ, ਜੋ ਭਾਈ ਘਨ੍ਹੱਈਆ ਜੀ ਜੋ ਬਹੁਤ ਹੀ ਭਜਨ ਬੰਦਗੀ ਅਤੇ ਸੇਵਾ ਸਿਮਰਨ ਵਾਲੇ ਸਾਧੂ ਹੋਏ ਨੇ ਅਤੇ ਇਹ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਈ ਸੰਪਰਦਾ ਹੈ। ਸੇਵਾ ਪੰਥੀ ਸਾਧੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਅਪੀਲ ਕੀਤੀ ਹੈ ਪਰ ਕੁਝ ਗੈਰ-ਸਿੱਖ ਡੇਰਾ ਵਾਦੀ ਅਤੇ ਰਾਜਨੀਤਕ ਹਸਤੀਆਂ ਵੱਲੋਂ ਜਾਣਬੁੱਝ ਕੇ ਇਸ ’ਚ ਦਖਲਅੰਦਾਜ਼ੀ ਕਰ ਕੇ ਵਿਵਾਦ ਨੂੰ ਸੁਲਝਾਉਣ ਦੀ ਬਜਾਏ ਉਲਝਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਸੇਵਾ ਪੰਥੀ ਇਕ ਸਿੱਖ ਸੰਸਥਾ ਹੈ ਅਤੇ ਇਸ ਦਾ ਹੱਲ ਵੀ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ’ਤੇ ਸੁਲਝਾਇਆ ਜਾਵੇਗਾ।

ਇਹ ਵੀ ਪੜ੍ਹੋ-  PSPCL ਝੋਨੇ ਦੇ ਸੀਜ਼ਨ ਲਈ 8 ਘੰਟੇ ਬਿਜਲੀ ਸਪਲਾਈ ਦੇਣ ਲਈ ਵਚਨਵੱਧ : ਏ. ਵੇਨੂੰ ਪ੍ਰਸਾਦ

ਉਨ੍ਹਾਂ ਕਿਹਾ ਕਿ ਇਸ ਦੀ ਇਕੱਤਰਤਾ ਤਖਤ ਸ੍ਰੀ ਦਮਦਮਾ ਸਾਹਿਬ ’ਤੇ ਰੱਖੀ ਗਈ ਸੀ ਪਰ ਜਿਸ ’ਚ ਮਹੰਤ ਕਾਹਨ ਸਿੰਘ ਜਿਨ੍ਹਾਂ ਕਾਰਨ ਇਹ ਵਿਵਾਦ ਪੈਦਾ ਹੋਇਆ, ਉਹ ਮੀਟਿੰਗ ’ਚ ਪਹੁੰਚਣ ਦਾ ਵਾਅਦਾ ਕਰ ਕੇ ਵੀ ਨਹੀਂ ਆਏ, ਇਸ ਲਈ ਮੀਟਿੰਗ ਮੁਲਤਵੀ ਕੀਤੀ ਗਈ ਹੈ ਅਤੇ ਇਹ ਮੀਟਿੰਗ ਜਲਦ ਹੀ ਸ੍ਰੀ ਅਕਾਲ ਤਖਤ ਸਾਹਿਬ ’ਤੇ ਰੱਖੀ ਜਾਵੇਗੀ, ਜਿਸ ’ਚ ਮਹੰਤ ਕਾਹਨ ਸਿੰਘ ਤੋਂ ਇਲਾਵਾ ਹੋਰ ਵੀ ਸੇਵਾ ਪੰਥੀ ਸੰਤਾਂ-ਮਹੰਤਾਂ ਨੂੰ ਪੱਤਰਕਾਵਾਂ ਰਾਹੀਂ ਬੁਲਾਇਆ ਜਾਵੇਗਾ। ਉਮੀਦ ਹੈ ਕਿ ਇਸ ਦਾ ਹੱਲ ਜਲਦ ਨਿਕਲੇਗਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁਡ਼ ਤੋਂ ਸਾਰੇ ਸਾਧੂ ਸੰਤਾਂ ਦਾ ਸਿਰ ਜੋਡ਼ਨ ਦਾ ਯਤਨ ਕੀਤਾ ਜਾਵੇਗਾ।


author

Bharat Thapa

Content Editor

Related News