ਨਕੋਦਰ ਦੇ ਸਿਵਲ ਹਸਪਤਾਲ ’ਚ ਅਗਲੇ ਮਹੀਨੇ ਤੋਂ ਏਕੀਕ੍ਰਿਤ-ਹਸਪਤਾਲ ਪ੍ਰਬੰਧਨ ਪ੍ਰਣਾਲੀ ਹੋਵੇਗੀ ਸ਼ੁਰੂ

Tuesday, Nov 28, 2023 - 06:18 PM (IST)

ਜਲੰਧਰ (ਬਿਊਰੋ) : ਮਿਆਰੀ ਸਿਹਤ ਸੰਭਾਲ ਸੇਵਾਵਾਂ ਅਤੇ ਮਰੀਜ਼ਾਂ ਤੇ ਡਾਕਟਰਾਂ ਦੇ ਮਹੱਤਵਪੂਰਨ ਸਮੇਂ ਦੀ ਬੱਚਤ ਲਈ ਪਾਰਦਰਸ਼ੀ ਅਤੇ ਪ੍ਰਭਾਵੀ ਸਿਸਟਮ ਬਣਾਉਣ ਦੇ ਉਦੇਸ਼ ਨਾਲ ਅਗਲੇ ਮਹੀਨੇ ਤੋਂ ਨਕੋਦਰ ਦੇ ਸਿਵਲ ਹਸਪਤਾਲ ਵਿੱਚ ਏਕੀਕ੍ਰਿਤ ਹਸਪਤਾਲ ਪ੍ਰਬੰਧਨ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ। ਇਸ ਪ੍ਰਣਾਲੀ ਅਧੀਨ ਸਿਹਤ ਸੇਵਾਵਾਂ ਦੀ ਡਲਿਵਰੀ ਪੂਰੀ ਤਰ੍ਹਾਂ ਡਿਜੀਟਾਈਜ਼ ਹੋ ਜਾਵੇਗੀ ਅਤੇ ਓ. ਪੀ. ਡੀ. ਤੋਂ ਆਈ. ਪੀ. ਡੀ., ਲੈਬ ਰਿਪੋਰਟ, ਫਾਰਮੇਸੀ ਆਦਿ ਤੱਕ ਸਰਲ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾਵੇਗਾ। ਵੀਡੀਓ ਕਾਨਫਰੰਸ ’ਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਓ. ਪੀ. ਡੀ. ਰਜਿਸਟ੍ਰੇਸ਼ਨ ਤੋਂ ਲੈ ਕੇ ਲੈਬ/ਡਾਇਗਨੌਸਟਿਕ ਰਿਪੋਰਟਾਂ ਅਤੇ ਫਾਰਮੇਸੀ ਸਲਿੱਪਾਂ ਆਨਲਾਈਨ ਕੀਤੀਆਂ ਜਾਣਗੀਆਂ ਅਤੇ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਦੀ ਪੂਰੀ ਜਾਣਕਾਰੀ ਡਿਜੀਟਲ ਢੰਗ ਨਾਲ ਦਰਜ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨਾਲ ਜਿੱਥੇ ਇੱਕ ਪਾਸੇ ਮਰੀਜ਼ਾਂ ਤੇ ਡਾਕਟਰਾਂ ਦੇ ਕੀਮਤੀ ਸਮੇਂ ਦੀ ਬੱਚਤ ਹੋਵੇਗੀ, ਉੱਥੇ ਹੀ ਮਿਆਰੀ ਸਿਹਤ ਸੇਵਾਵਾਂ ਹੋਰ ਅਸਰਦਾਰ ਢੰਗ ਨਾਲ ਪ੍ਰਦਾਨ ਕਰਨੀਆਂ ਯਕੀਨੀ ਬਣਨਗੀਆਂ।

ਇਹ ਵੀ ਪੜ੍ਹੋ : ਪਹਾੜਾਂ ’ਚ ਬਰਫ਼ਬਾਰੀ ਕਾਰਨ ਉੱਤਰੀ ਭਾਰਤ 'ਚ ਸਰਦੀ ਨੇ ਦਿਖਾਇਆ ਰੰਗ, 4 ਡਿਗਰੀ ਡਿੱਗਿਆ ਪਾਰਾ

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੂੰ ਕੈਥ ਲੈਬ ਲਈ ਢੁੱਕਵੀਂ ਥਾਂ ਤਲਾਸ਼ਣ ਲਈ ਵੀ ਕਿਹਾ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਨੂੰ ਕੈਥ ਲੈਬ ਲਈ ਜਲਦ ਤੋਂ ਜਲਦ ਨਵੀਂ ਤਜਵੀਜ਼ ਭੇਜਣ ਦੇ ਵੀ ਆਦੇਸ਼ ਦਿੱਤੇ ਤਾਂ ਜੋ ਇਹ ਸਰਕਾਰ ਨੂੰ ਭੇਜੀ ਜਾ ਸਕੇ। ਉਨ੍ਹਾਂ ਸਿਵਲ ਸਰਜਨ ਦਫ਼ਤਰ ਨੂੰ ਮੌਜੂਦਾ ਸਥਾਨ ਤੋਂ ਦੂਜੀ ਥਾਂ 'ਤੇ ਤਬਦੀਲ ਕਰਨ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਕਿਉਂਜੋ ਉੱਥੇ 100 ਬਿਸਤਰਿਆਂ ਵਾਲਾ ਕ੍ਰਿਟੀਕਲ ਕੇਅਰ ਯੂਨਿਟ (ਸੀ.ਸੀ.ਯੂ.) ਤਿਆਰ ਕੀਤਾ ਜਾਣਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ, ਡੀ. ਐੱਮ. ਸੀ. ਜਯੋਤੀ ਸ਼ਰਮਾ ਆਦਿ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਭਗਵੰਤ ਸਿੰਘ ਮਾਨ ਸਰਕਾਰ ਦਾ ਇਕ ਹੋਰ ਲੋਕ ਪੱਖੀ ਉਪਰਾਲਾ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News