ਪੰਚਾਇਤੀ ਚੋਣਾਂ ਵਿਚਾਲੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ

Tuesday, Oct 08, 2024 - 02:15 PM (IST)

ਪੰਚਾਇਤੀ ਚੋਣਾਂ ਵਿਚਾਲੇ ਪੰਜਾਬ ਪੁਲਸ ਦੇ ਮੁਲਾਜ਼ਮਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ

ਲੁਧਿਆਣਾ (ਰਾਜ)- ਪੰਚਾਇਤੀ ਚੋਣਾਂ ਕਾਰਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੁਧਿਆਣਾ ਕਮਿਸ਼ਨਰੇਟ ਪੁਲਸ ਨੇ ਪਲਾਨ ਤਿਆਰ ਕੀਤਾ ਹੈ, ਜਿਸ ਦੇ ਤਹਿਤ ਪੂਰੇ ਸ਼ਹਿਰ ’ਚ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ। ਚਾਰੇ ਜ਼ੋਨਾਂ ’ਚ ਸ਼ਹਿਰ ਨੂੰ ਵੰਡ ਕੇ ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਨੂੰ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਨਾਕਾਬੰਦੀ ’ਤੇ ਮੌਜੂਦ ਟੀਮਾਂ ਆਪਣੀ-ਆਪਣੀ ਲੋਕੇਸ਼ਨ ਅਤੇ ਫੋਟੋ ਅਧਿਕਾਰੀਆਂ ਨੂੰ ਵ੍ਹਟਸਐਪ ’ਤੇ ਭੇਜਣਗੀਆਂ, ਤਾਂ ਕਿ ਕੋਈ ਪੁਲਸ ਮੁਲਾਜ਼ਮ ਨਾਕਾਬੰਦੀ ਛੱਡ ਕੇ ਨਾ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ - ਵਿਵਾਦਾਂ 'ਚ ਘਿਰਿਆ ਪੰਜਾਬ ਦਾ ਮਸ਼ਹੂਰ ਹੋਟਲ! ਸੋਸ਼ਲ ਮੀਡੀਆ 'ਤੇ Viral ਹੋਈ ਵੀਡੀਓ

ਅਸਲ ’ਚ, ਪੰਚਾਇਤ ਚੋਣ ਨੂੰ ਲੈ ਕੇ ਜਿਥੇ ਪੂਰੇ ਪੰਜਾਬ ’ਚ ਸਿਆਸਤ ਗਰਮਾਈ ਹੋਈ ਹੈ, ਉਥੇ ਚੋਣ ਕਮਿਸ਼ਨ ਦੇ ਹੁਕਮ ’ਤੇ ਪੰਜਾਬ ਪੁਲਸ ਨੇ ਵੀ ਸੁਰੱਖਿਆ ਸਬੰਧੀ ਪੂਰੀ ਤਿਆਰੀ ਕੱਸ ਲਈ ਹੈ। ਮਹਾਨਗਰ ਦੀ ਗੱਲ ਕੀਤੀ ਜਾਵੇ ਤਾਂ ਨਗਰ ਨਿਗਮ ਦੇ 95 ਵਾਰਡਾਂ ਤੋਂ ਇਲਾਵਾ ਕਈ ਪੇਂਡੂ ਇਲਾਕੇ ਵੀ ਹਨ, ਜਿਥੇ ਪੰਚਾਂ ਅਤੇ ਸਰਪੰਚਾਂ ਦੀ ਚੋਣ ਹੁੰਦੀ ਹੈ। ਥਾਣਾ ਬਸਤੀ ਜੋਧੇਵਾਲ, ਸਲੇਮ ਟਾਬਰੀ, ਥਾਣਾ ਸਦਰ, ਥਾਣਾ ਮੇਹਰਬਾਨ, ਥਾਣਾ ਸਾਹਨੇਵਾਲ, ਥਾਣਾ ਡੇਹਲੋਂ, ਥਾਣਾ ਸਰਾਭਾ ਨਗਰ, ਥਾਣਾ ਪੀ. ਏ. ਯੂ., ਥਾਣਾ ਲਾਡੋਵਾਲ, ਥਾਣਾ ਹੈਬੋਵਾਲ, ਥਾਣਾ ਫੋਕਲ ਪੁਆਇੰਟ, ਜਮਾਲਪੁਰ, ਥਾਣਾ ਕੂਮ ਕਲਾਂ ਅਤੇ ਥਾਣਾ ਟਿੱਬਾ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ADCP, ACP ਰੱਖਣਗੇ ਨਾਕਾਬੰਦੀ ’ਤੇ ਨਜ਼ਰ

ਪੁਲਸ ਨੇ ਮਹਾਨਗਰ ਨੂੰ ਚਾਰ ਜ਼ੋਨਾਂ ’ਚ ਵੰਡਿਆ ਹੈ। ਹਰ ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਦੀ ਅਗਵਾਈ ’ਚ ਅਤੇ ਥਾਣਾ ਮੁਖੀ ਦੀ ਨਿਗਰਾਨੀ ’ਚ ਨਾਕਾਬੰਦੀ ਹੋਵੇਗੀ, ਜਿਥੇ ਉਥੋਂ ਗੁਜ਼ਰਨ ਵਾਲੇ ਹਰ ਵਾਹਨ ਦੀ ਤਲਾਸ਼ੀ ਲਈ ਜਾਵੇਗੀ। ਇਸ ਦਾ ਬਾਕਾਇਦਾ ਵੀਡੀਓ ਵੀ ਬਣਾਉਣ ਦੇ ਹੁਕਮ ਜਾਰੀ ਹਨ। ਪੁਲਸ ਟੀਮ ਨੂੰ ਰੱਸੀ ਦੇ ਨਾਲ ਨਾਲ ਡ੍ਰੈਗਨ ਲਾਈਟ ਅਤੇ ਵੀਡੀਓ ਕੈਮਰੇ ਦਾ ਇੰਤਜ਼ਾਮ ਵੀ ਖੁਦ ਹੀ ਕਰਨਾ ਪਵੇਗਾ, ਜਿਸ ਤੋਂ ਬਾਅਦ ਪੁਲਸ ਨੇ ਇਸ ਦੀ ਤਿਆਰ ਕਰ ਲਈ ਹੈ।

ਇਨ੍ਹਾਂ ਥਾਵਾਂ ’ਤੇ ਹੋਵੇਗੀ ਸਪੈਸ਼ਲ ਨਾਕਾਬੰਦੀ

ਪੁਲਸ ਨੇ ਹਰ ਥਾਣੇ ਦੇ ਵੱਖ-ਵੱਖ ਇਲਾਕਿਆਂ ’ਚ ਨਾਕਾਬੰਦੀ ਕੀਤੀ ਹੈ। ਏ. ਡੀ. ਸੀ. ਪੀ.-1 ਦੀ ਅਗਵਾਈ ’ਚ ਬਸਤੀ ਜੋਧੇਵਾਲ ਪੁਲਸ ਕਾਕੋਵਾਲ ਸਕੂਲ ਦੇ ਕੋਲ, ਫਾਂਬੜਾ ਸਕੂਲ ਕੋਲ, ਥਾਣਾ ਸਲੇਮ ਟਾਬਰੀ ਪੁਲਸ ਜਲੰਧਰ ਬਾਈਪਾਸ ਦੇ ਨੇੜੇ, ਪਿੰਡ ਭੱਟੀਆਂ ਸਥਿਤ ਡਾ. ਅੰਬੇਡਕਰ ਭਵਨ ਚੌਕ, ਬਹਾਦਰਕੇ ਰੋਡ ਸਥਿਤ ਉਦਯੋਗ ਚੌਕ ਵਿਖੇ ਨਾਕਾਬੰਦੀ ਕਰੇਗੀ। ਇਸ ਦੇ ਨਾਲ ਏ. ਡੀ. ਸੀ. ਪੀ.-2 ਦੀ ਅਗਵਾਈ ’ਚ ਥਾਣਾ ਸਦਰ ਦੀ ਪੁਲਸ ਪੱਖੋਵਾਲ ਰੋਡ ਸਥਿਤ ਲਲਤੋਂ ਚੌਕ, ਧਾਂਦਰਾ ਰੋਡ ਸਥਿਤ ਸਿਟੀ ਐਨਕਲੇਵ, ਪੀ. ਪੀ. ਮਰਾਡੋ ਦੇ ਸਾਹਮਣੇ, ਪੱਖੋਵਾਲ ਰੋਡ ਸਥਿਤ ਬੀ-7 ਚੌਕ ਵਿਖੇ ਨਾਕਾਬੰਦੀ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਥਾਣਾ ਸਾਹਨੇਵਾਲ ਦੀ ਪੁਲਸ ਸਾਹਨੇਵਾਲ ਚੌਕ, ਅਤਰਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਾਕਾਬੰਦੀ ਕਰੇਗੀ। ਇਸ ਤੋਂ ਇਲਾਵਾ ਏ. ਡੀ. ਸੀ. ਪੀ.-3 ਦੀ ਅਗਵਾਈ ’ਚ ਥਾਣਾ ਸਰਾਭਾ ਨਗਰ ਦੀ ਪੁਲਸ ਇਆਲੀ ਚੌਕ ਅਤੇ ਸਾਊਥ ਸਿਟੀ ਪੁਲ, ਰਾਜਗੁਰੂ ਨਗਰ ਮਾਰਕੀਟ ਦੇ ਕੋਲ ਨਾਕਾਬੰਦੀ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੰਤਰੀਆਂ ਨੂੰ ਕੇਜਰੀਵਾਲ ਦੀ ਦੋ ਟੁੱਕ- 'ਕੰਮ ਨਹੀਂ ਤਾਂ ਅਹੁਦਾ ਵੀ ਨਹੀਂ ਰਹੇਗਾ'

ਥਾਣਾ ਪੀ. ਏ. ਯੂ. ਦੀ ਪੁਲਸ ਵੱਲੋਂ ਮਲਕਪੁਰ ਕੱਟ ਅਤੇ ਜੇ. ਕੇ. ਡੇਅਰੀ ਚੌਕ ਵਿਖੇ ਨਾਕਾਬੰਦੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਥਾਣਾ ਲਾਡੋਵਾਲ ਦੀ ਪੁਲਸ ਹੰਬੜਾਂ ਚੌਕ ਅਤੇ ਨੁਰਪੁਰ ਬੇਟ ਕੋਲ ਨਾਕਾਬੰਦੀ ਕਰੇਗੀ। ਥਾਣਾ ਹੈਬੋਵਾਲ ਦੀ ਪੁਲਸ ਜਵਾਲਾ ਸਿੰਘ ਚੌਕ ਅਤੇ ਹੈਬੋਵਾਲ ਚੌਕ ਵਿਖੇ ਨਾਕਾਬੰਦੀ ਕਰੇਗੀ। ਏ. ਡੀ. ਸੀ. ਪੀ.-4 ਦੀ ਅਗਵਾਈ ’ਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਜੀਵਨ ਨਗਰ ਚੌਕ, ਕੋਹਾੜਾ ਚੌਕ, ਨੀਚੀ ਮੰਗਲੀ, ਈਸਟਮੈਨ ਚੌਕ, ਫੇਸ-7, ਢੰਡਾਰੀ ਪੁਲ ਚੌਕ ਵਿਖੇ ਨਾਕਾਬੰਦੀ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਥਾਣਾ ਜਮਾਲਪੁਰ ਦੀ ਪੁਲਸ ਸੁੰਦਰ ਨਗਰ ਚੌਕ, ਮੁੰਡੀਆਂ ਕਲਾਂ, ਭਾਮੀਆਂ ਰੋਡ ’ਤੇ ਨਾਕਾਬੰਦੀ ਕਰੇਗੀ। ਥਾਣਾ ਕੂਮ ਕਲਾਂ ਦੀ ਪੁਲਸ ਚੰਡੀਗੜ੍ਹ ਰੋਡ ਸਥਿਤ ਕਟਾਣੀ ਕਲਾਂ ਚੌਕ ਵਿਖੇ ਨਾਕਾਬੰਦੀ ਕਰੇਗੀ। ਇਸ ਤੋਂ ਇਲਾਵਾ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਚੌਕੀ ਤਾਜਪੁਰ ਦੇ ਕੋਲ ਨਾਕਾ ਲਗਾਵੇਗੀ। ਥਾਣਾ ਟਿੱਬਾ ਦੀ ਪੁਲਸ ਰਾਹੋਂ ਰੋਡ ਚੁੰਗੀ ਅਤੇ ਸੰਧੂ ਕਾਲੋਨੀ ਦੇ ਕੋਲ ਨਾਕਾਬੰਦੀ ਕਰੇਗੀ। ਥਾਣਾ ਮੇਹਰਬਾਨ ਦੀ ਪੁਲਸ ਮੱਤੇਵਾੜਾ, ਹਵਾਸ-ਰਾਹੋਂ ਰੋਡ, ਪਿੰਡ ਮਾਂਗਟ ਅਤੇ ਪਿੰਡ ਧੌਲਾ ’ਚ ਨਾਕਾਬੰਦੀ ਕਰੇਗੀ।

ਅਫ਼ਸਰ ਆਪ ਰੱਖਣਗੇ ਨਾਕਾਬੰਦੀ 'ਤੇ ਨਜ਼ਰ: DCP

DCP (ਹੈੱਡਕੁਆਰਟਰ) ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਸ਼ਹਿਰ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਸ ਵਚਨਬੱਧ ਹੈ। ਪਹਿਲਾਂ ਤੋਂ ਹੀ ਪੁਲਸ ਸ਼ਹਿਰ ’ਚ ਨਾਕਾਬੰਦੀ ਕਰਦੀ ਆ ਰਹੀ ਹੈ ਪਰ ਪੰਚਾਇਤੀ ਚੋਣਾਂ ਅਤੇ ਤਿਉਹਾਰੀ ਸੀਜ਼ਨ ਕਾਰਨ ਪੁਲਸ ਵੱਲੋਂ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ, ਜੋ ਕਿ ਆਉਣ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕਰੇਗੀ। ਪੁਲਸ ਅਧਿਕਾਰੀ ਖੁਦ ਇਨ੍ਹਾਂ ਨਾਕਾਬੰਦੀ ’ਤੇ ਨਜ਼ਰ ਰੱਖਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News