ਚਾਈਨੀਜ਼ ਸਾਮਾਨ ਦਾ ਪੁਤਲਾ ਫੂਕਿਆ
Friday, Aug 11, 2017 - 12:22 AM (IST)
ਘਨੌਲੀ, (ਸ਼ਰਮਾ)- ਬਾਰਡਰ 'ਤੇ ਦਿਨੋ-ਦਿਨ ਚੀਨ ਵੱਲੋਂ ਬਣਾਈ ਜਾ ਰਹੀ ਤਣਾਅ ਦੀ ਸਥਿਤੀ ਖਿਲਾਫ ਘਨੌਲੀ ਦੇ ਵੱਖ-ਵੱਖ ਸਮਾਜਿਕ ਸੰਗਠਨਾਂ ਨੇ ਚੀਨ ਖਿਲਾਫ ਰੋਸ ਰੈਲੀ ਕੱਢੀ ਤੇ ਰਾਸ਼ਟਰੀ ਸਵਦੇਸ਼ੀ ਸੁਰੱਖਿਆ ਅਭਿਆਨ ਤਹਿਤ ਚਾਈਨੀਜ਼ ਸਾਮਾਨ ਦਾ ਪੁਤਲਾ ਫੂਕਿਆ। ਭਾਜਪਾ ਜ਼ਿਲਾ ਮਹਿਲਾ ਮੋਰਚਾ ਦੀ ਪ੍ਰਧਾਨ ਅਲਕਾ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ 'ਚ ਥਰਮਲ ਪਲਾਂਟ, ਅੰਬੂਜਾ ਸੀਮੈਂਟ ਦੇ ਕਰਮਚਾਰੀਆਂ ਦੇ ਨਾਲ-ਨਾਲ ਦੁਕਾਨਦਾਰਾਂ ਤੇ ਆਰ. ਐੱਸ. ਐੱਸ. ਤੇ ਬਜਰੰਗ ਦਲ ਦੇ ਅਧਿਕਾਰੀ ਤੇ ਮੈਂਬਰ ਪਰਿਵਾਰਾਂ ਸਮੇਤ ਸ਼ਾਮਲ ਸੀ। ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਅਲਕਾ ਕੁਮਾਰ ਤੇ ਭਾਰਤੀ ਮਜ਼ਦੂਰ ਸੰਘ ਦੀ ਇਕਾਈ ਅੰਬੂਜਾ ਦੇ ਪ੍ਰਧਾਨ ਸੁਨੀਲ ਯਾਦਵ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਾਸੀਆਂ ਦੀ ਮਿਹਨਤ ਦੀ ਕਮਾਈ ਦੇ ਪੈਸੇ ਦੇ ਬਲ 'ਤੇ ਚੀਨ ਜਿਥੇ ਦਿਨੋ-ਦਿਨ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ, ਉਥੇ ਹੀ ਭਾਰਤੀ ਹੱਦਾਂ ਨੂੰ ਹਥਿਆਉਣ ਲਈ ਕੂਟਨੀਤੀ ਤਿਆਰ ਕਰ ਰਿਹਾ ਹੈ, ਇਸ ਲਈ ਚੀਨ ਨੂੰ ਸਬਕ ਸਿਖਾਉਣ ਲਈ ਚਾਈਨੀਜ਼ ਸਾਮਾਨ ਦਾ ਬਾਈਕਾਟ ਜ਼ਰੂਰੀ ਹੈ। ਜਦੋਂ ਤੱਕ ਅਸੀਂ ਚੀਨ ਦੀ ਅਰਥ ਵਿਵਸਥਾ ਨੂੰ ਕਮਜ਼ੋਰ ਨਹੀਂ ਕਰਦੇ, ਉਦੋਂ ਤੱਕ ਚੀਨ ਭਾਰਤ ਨੂੰ ਅੱਖਾਂ ਦਿਖਾਉਂਦਾ ਹੀ ਰਹੇਗਾ।
ਰੋਸ ਪ੍ਰਦਰਸ਼ਨ ਥਰਮਲ ਮਾਰਕੀਟ ਤੋਂ ਸ਼ੁਰੂ ਹੋ ਕੇ ਨੂੰਹੋਂ ਬਾਜ਼ਾਰ ਤੋਂ ਹੁੰਦਾ ਹੋਇਆ ਫੁਹਾਰਾ ਚੌਕ 'ਤੇ ਸਮਾਪਤ ਹੋਇਆ ਤੇ ਬਾਅਦ 'ਚ ਪ੍ਰਦਰਸ਼ਨਕਾਰੀਆਂ ਨੇ ਚਾਈਨੀਜ਼ ਸਾਮਾਨ ਦਾ ਪੁਤਲਾ ਫੂਕਿਆ ਤੇ ਸਵਦੇਸ਼ੀ ਸਾਮਾਨ ਅਪਣਾਉਣ ਦਾ ਪ੍ਰਣ ਕੀਤਾ।
ਸ੍ਰੀ ਆਨੰਦਪੁਰ ਸਾਹਿਬ, (ਬਾਲੀ)- ਭਾਰਤ 'ਚ ਆਪਣਾ ਵਪਾਰ ਕਰ ਕੇ ਖਰਬਾਂ ਰੁਪਏ ਕਮਾ ਕੇ ਵੀ ਭਾਰਤ ਨੂੰ ਅੱਖਾਂ ਦਿਖਾ ਰਹੇ ਗੁਆਂਢੀ ਦੇਸ਼ ਚੀਨ ਖਿਲਾਫ ਦੇਸ਼ ਦੇ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਅੱਜ ਰਾਸ਼ਟਰੀ ਸਵਦੇਸ਼ੀ ਸੁਰੱਖਿਆ ਅਭਿਆਨ ਤਹਿਤ ਸ੍ਰੀ ਆਨੰਦਪੁਰ ਸਾਹਿਬ ਸ਼ਹਿਰ ਦੇ ਗੁਰਦੁਆਰਾ ਗੁਰੂ ਰਵਿਦਾਸ ਚੌਕ ਵਿਚ ਸਾਰੇ ਮੈਂਬਰਾਂ ਵੱਲੋਂ ਚੀਨ ਦੇ ਬਣੇ ਸਾਮਾਨ ਦੀ ਹੋਲੀ ਫੂਕੀ ਗਈ ਅਤੇ ਲੋਕਾਂ ਨੂੰ ਚੀਨ ਦਾ ਸਾਮਾਨ ਨਾ ਖਰੀਦਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਆਰ. ਐੱਸ. ਐੱਸ. ਦੇ ਜ਼ਿਲਾ ਪ੍ਰਚਾਰਕ ਦੀਪਕ ਸ਼ਰਮਾ, ਚੇਅਰਮੈਨ ਜਤਿੰਦਰ ਸਿੰਘ ਅਠਵਾਲ ਨੇ ਕਿਹਾ ਕਿ ਭਾਰਤ ਦਾ ਚੀਨ ਨਾਲ ਵਪਾਰ 2002 'ਚ 4.8 ਬਿਲੀਅਨ ਡਾਲਰ ਤੋਂ ਵੱਧ ਕੇ ਸਾਲ 2016 'ਚ 70.8 ਬਿਲੀਅਨ ਡਾਲਰ ਹੋ ਗਿਆ।
ਚੀਨ ਨਾਲ ਸਾਡਾ ਵਪਾਰਕ ਘਾਟਾ 44.87 ਬਿਲੀਅਨ ਡਾਲਰ ਸੀ। ਇਸ ਦਾ ਆਮ ਭਾਸ਼ਾ ਵਿਚ ਅਰਥ ਇਹ ਹੈ ਕਿ ਇੰਨੇ ਰੁਪਏ (3306 ਅਰਬ ਰੁਪਏ) ਭਾਰਤ ਨੇ ਸਾਲ 2016 'ਚ ਚੀਨ ਨੂੰ ਦਿੱਤੇ ਤੇ ਪਿਛਲੇ ਕਈ ਸਾਲਾਂ ਦੀ ਇਹੀ ਕਹਾਣੀ ਹੈ। ਚੀਨ ਖਿਲਾਫ ਸਾਡਾ ਇਹ ਅਭਿਆਨ 20 ਅਗਸਤ ਤੱਕ ਚੱਲੇਗਾ, ਜਿਸ ਵਿਚ ਸਕੂਲਾਂ-ਕਾਲਜਾਂ ਵੱਲੋਂ ਚਾਈਨੀਜ਼ ਸਾਮਾਨ ਦਾ ਬਾਈਕਾਟ ਕਰਨ ਲਈ ਜਾਗਰੂਕਤਾ ਰੈਲੀਆਂ ਕੱਢੀਆਂ ਜਾਣਗੀਆਂ। ਇਸ ਮੌਕੇ ਆਰ. ਐੱਸ. ਐੱਸ. ਦੇ ਸੀਨੀਅਰ ਆਗੂ ਕੁਲਭੂਸ਼ਨ ਜੋਸ਼ੀ, ਅਰਵਿੰਦ ਮਿੱਤਲ, ਮਨਮੋਹਨ, ਦਿਨੇਸ਼, ਗਿਆਨ, ਕਮਲ, ਗਿਆਨੇਸ਼ਵਰ, ਨਿਪੁੰਨ ਸੋਨੀ, ਗਗਨਦੀਪ ਭਾਰਦਵਾਜ, ਮੁਕੇਸ਼ ਨੱਢਾ ਆਦਿ ਹਾਜ਼ਰ ਸਨ।
