LPU ਮਾਮਲੇ ''ਚ ਇੰਫਲੂਐਂਸਰ ਜੇਮਸ ਦਹੀਆ ਦੀ ਵੀਡੀਓ ਆਈ ਸਾਹਮਣੇ! ਖੋਲ੍ਹੇ ਕਈ ਰਾਜ਼
Saturday, Oct 03, 2026 - 07:49 PM (IST)
ਫਗਵਾੜਾ/ਜਲੰਧਰ (ਵੈੱਬ ਡੈਸਕ)- ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹੋਈ ਹਿੰਸਾ, ਭੰਨਤੋੜ ਅਤੇ ਅਗਜ਼ਨੀ ਦੇ ਮਾਮਲੇ 'ਚ ਪੰਜਾਬ ਪੁਲਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੇ ਹਿੰਸਾ ਭੜਕਾਉਣ, ਅਫ਼ਵਾਹਾਂ ਫੈਲਾਉਣ ਅਤੇ ਸਰਕਾਰੀ ਗੱਡੀਆਂ ਨੂੰ ਆਗ ਲਗਾਉਣ ਦੇ ਦੋਸ਼ ਹੇਠ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇੰਫਲੂਐਂਸਰ ਜੇਮਜ਼ ਦਹੀਆ ਦੀ ਵੀਡੀਓ ਆਈ ਸਾਹਮਣੇ
ਮਾਮਲੇ ਦੀ ਜਾਂਚ ਦੌਰਾਨ ਹਰਿਆਣਾ ਦੇ ਸੋਸ਼ਲ ਮੀਡੀਆ ਇੰਫਲੂਐਂਸਰ ਜੇਮਜ਼ ਦਹੀਆ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਉਹ ਹਿੰਸਾ ਦੌਰਾਨ ਸਿਗਰਟ ਪੀਂਦਾ ਅਤੇ ਧੂੰਆਂ ਉਡਾਉਂਦਾ ਨਜ਼ਰ ਆ ਰਿਹਾ ਸੀ। ਇਸੇ ਵੀਡੀਓ ਦੇ ਆਧਾਰ 'ਤੇ ਪੁਲਸ ਨੇ ਉਸ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਪੁਲਸ ਵੱਲੋਂ ਕੀਤੇ ਗਏ ਲਾਠੀਚਾਰਜ ਤੋਂ ਬਾਅਦ ਉਸ ਨੇ ਜੋਸ਼ 'ਚ ਆ ਕੇ ਪੁਲਸ ਦੀ ਗੱਡੀ ਪਲਟ ਦਿੱਤੀ ਸੀ।
ਇਹ ਵੀ ਪੜ੍ਹੋ: ਹਾਕੀ ਖਿਡਾਰੀ ਤੋਂ ਸਿਆਸਤ ਤੱਕ ਦਾ ਸਫ਼ਰ! ਨਵੇਂ ਪ੍ਰਧਾਨ ਬਣੇ ਪਰਗਟ ਸਿੰਘ ਦਾ ਜਾਣੋ ਪਿਛੋਕੜ
ਜੰਮੂ-ਕਸ਼ਮੀਰ 'ਚ ਇੰਫਲੂਐਂਸਰ ਮੁਹੰਮਦ ਫਰਹਤ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ
ਪੁਲਸ ਜਾਂਚ 'ਚ ਖ਼ੁਲਾਸਾ ਹੋਇਆ ਹੈ ਕਿ ਸੋਸ਼ਲ ਮੀਡੀਆ 'ਤੇ ਮਾਹੌਲ ਖ਼ਰਾਬ ਕਰਨ ਅਤੇ ਪੁਲਸ ਦੀਆਂ ਗੱਡੀਆਂ ਨੂੰ ਅੱਗ ਲਾਉਣ ਪਿੱਛੇ ਇੰਫਲੂਐਂਸਰ ਮੁਹੰਮਦ ਫਰਹਤ ਦੇਵ ਅਤੇ ਜੇਮਜ਼ ਦਹੀਆ ਦਾ ਮੁੱਖ ਹੱਥ ਸੀ। ਪੁਲਸ ਦੀ ਟੀਮ ਫਰਹਤ ਨੂੰ ਗ੍ਰਿਫ਼ਤਾਰ ਕਰਨ ਲਈ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਪਹੁੰਚੀ ਹੈ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ (ਸਾਹਿਲ ਅਤੇ ਅੰਤਰਿਕਸ਼) ਨੇ ਖ਼ੁਲਾਸਾ ਕੀਤਾ ਕਿ ਉਹ ਫਰਹਤ ਦੇ ਨਾਲ ਹਿੰਸਾ ਵਿੱਚ ਸ਼ਾਮਲ ਹੋਏ ਸਨ।

ਮੁੰਬਈ ਤੋਂ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਅਤੇ ਅਦਾਲਤ 'ਚ ਪੇਸ਼ੀ
ਪੁਲਸ ਨੇ ਮੁੰਬਈ ਤੋਂ ਦੋ ਵਿਦਿਆਰਥੀਆਂ, ਕ੍ਰਿਸ਼ਨ ਕੁਮਾਰ ਅਤੇ ਭਵਿੱਖ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਫਲਾਈਟ ਰਾਹੀਂ ਜਲੰਧਰ ਲਿਆਂਦਾ ਜਾ ਰਿਹਾ ਹੈ ਅਤੇ ਫਗਵਾੜਾ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਸ ਮੁਤਾਬਕ ਇਨ੍ਹਾਂ 'ਤੇ ਹਿੰਸਾ ਦੌਰਾਨ ਸੜਦੀਆਂ ਗੱਡੀਆਂ ਦੀਆਂ ਵੀਡੀਓਜ਼ ਸ਼ੇਅਰ ਕਰਨ ਅਤੇ ਭੜਕਾਊ ਸਮੱਗਰੀ ਪੋਸਟ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਫਗਵਾੜਾ ਦੇ 2 ਪਿੱਜ਼ਾ ਡਿਲਿਵਰੀ ਬੁਆਏਜ਼ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਇਹ ਵੀ ਪੜ੍ਹੋ: ਪਰਗਟ ਸਿੰਘ ਨੂੰ ਹੀ ਕਿਉਂ ਬਣਾਇਆ ਗਿਆ PPCC ਦਾ ਪ੍ਰਧਾਨ! ਜਾਣੋ ਆਖ਼ਰੀ ਸਮੇਂ ਕਿਵੇਂ ਪਲਟ ਗਿਆ ਫ਼ੈਸਲਾ
ਅਫ਼ਵਾਹ ਨਾਲ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵਿਚ ਭੜਕੀ ਸੀ ਹਿੰਸਾ
26 ਸਤੰਬਰ 2026 ਦੀ ਰਾਤ ਸੋਸ਼ਲ ਮੀਡੀਆ 'ਤੇ ਇਹ ਝੂਠੀ ਖ਼ਬਰ ਫੈਲਾਈ ਗਈ ਸੀ ਕਿ ਯੂਨੀਵਰਸਿਟੀ ਹੋਸਟਲ 'ਚ ਇਕ ਵਿਦਿਆਰਥਣ ਨਾਲ ਜਬਰ-ਜ਼ਿਨਾਹ ਹੋਇਆ ਹੈ ਅਤੇ ਵਿਦਿਆਰਥਣ ਨੇ ਖ਼ੁਦਕੁਸ਼ੀ ਕਰ ਲਈ। ਪ੍ਰਦਰਸ਼ਨਕਾਰੀਆਂ ਨੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ-44 ਨੂੰ 18 ਘੰਟਿਆਂ ਤੋਂ ਵੱਧ ਸਮੇਂ ਲਈ ਜਾਮ ਰੱਖਿਆ ਅਤੇ ਯੂਨੀਵਰਸਿਟੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ। ਪੰਜਾਬ ਪੁਲਸ ਨੇ ਇਸ ਮਾਮਲੇ 'ਚ ਕੁੱਲ੍ਹ 4 ਐੱਫ਼. ਆਈ. ਆਰ. ਦਰਜ ਕੀਤੀਆਂ ਹਨ ਅਤੇ 8 ਮੈਂਬਰੀ SIT ਦਾ ਗਠਨ ਕੀਤਾ ਹੋਇਆ ਹੈ। ਸੋਸ਼ਲ ਮੀਡੀਆ 'ਤੇ ਭੜਕਾਊ ਅਤੇ ਫਰਜ਼ੀ ਏ. ਆਈ. ਵੀਡੀਓਜ਼ ਫੈਲਾਉਣ ਵਾਲੀਆਂ ਲਗਭਗ 300 ਪੋਸਟਾਂ ਨੂੰ ਸਾਈਬਰ ਕ੍ਰਾਈਮ ਟੀਮ ਵੱਲੋਂ ਹਟਾਇਆ ਗਿਆ ਹੈ। ਯੂਨੀਵਰਸਿਟੀ ਨੇ 10 ਦਿਨਾਂ ਲਈ ਕਲਾਸਾਂ ਮੁਅੱਤਲ ਕਰ ਦਿੱਤੀਆਂ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਮਾਮਲੇ ਦਾ ਨੋਟਿਸ ਲੈਂਦਿਆਂ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ।
ਇਹ ਵੀ ਪੜ੍ਹੋ: LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਹਿਮਾਚਲ ਤੋਂ ਗ੍ਰਿਫ਼ਤਾਰ, DC ਦਫ਼ਤਰ ਨਾਲ ਜੁੜੇ ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
