ਭਾਰਤ-ਪਾਕਿ ਬੱਸ ਸਦਾ-ਏ-ਸਰਹੱਦ ਜਾਮ ''ਚ ਫਸੀ

08/06/2017 7:13:44 AM

ਜਲੰਧਰ, (ਪੁਨੀਤ)— ਹਾਈਕੋਰਟ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਨੇ ਵਿਜੀਲੈਂਸ ਤੇ ਟਰਾਂਸਪੋਰਟ ਅਧਿਕਾਰੀਆਂ ਦੀ ਇਕ ਵਿਸ਼ੇਸ਼ ਟੀਮ ਬਣਾ ਕੇ ਨਾਜਾਇਜ਼ ਤੌਰ 'ਤੇ ਚੱਲਣ ਵਾਲੀਆਂ ਬੱਸਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਜਲੰਧਰ ਵਿਚ ਨਾਕਾਬੰਦੀ ਦੌਰਾਨ 27 ਬੱਸਾਂ ਦੇ ਚਲਾਨ ਕੱਟੇ ਤੇ 3 ਬੱਸਾਂ ਨੂੰ ਬਾਊਂਡ ਕੀਤਾ ਗਿਆ।ਚੰਡੀਗੜ੍ਹ ਵਿਚ ਅੱਜ ਡਿਊਟੀ ਲੱਗਣ ਤੋਂ ਬਾਅਦ ਡੀ. ਐੱਸ. ਪੀ. ਵਿਜੀਲੈਂਸ ਕੁਲਵੰਤ ਰਾਏ, ਡੀ. ਟੀ. ਓ. ਪਠਾਨਕੋਟ ਜਸਵੰਤ ਸਿੰਘ, ਏ. ਡੀ. ਟੀ. ਓ. ਲੁਧਿਆਣਾ ਤਿਰਲੋਚਨ ਸਿੰਘ ਨੇ ਦੁਪਹਿਰ 12 ਵਜੇ ਦੇ ਕਰੀਬ ਸੁੱਚੀ ਪਿੰਡ ਦੇ ਕੋਲ ਨਾਕਾ ਲਾ ਕੇ ਬੱਸਾਂ ਦੇ ਕਾਗਜ਼ਾਤ ਚੈੱਕ ਕਰਨੇ ਸ਼ੁਰੂ ਕੀਤੇ। ਇਸ ਦੌਰਾਨ ਆਪਣੇ ਟਾਈਮ ਟੇਬਲ ਤੋਂ ਉਲਟ ਚੱਲਣ ਵਾਲੀਆਂ ਬੱਸਾਂ ਦੇ ਵੀ ਚਲਾਨ ਕੀਤੇ ਗਏ। ਚੈਕਿੰਗ ਦੌਰਾਨ ਬੱਸਾਂ ਦੇ ਰੁਕਣ ਕਾਰਨ ਭਾਰਤ-ਪਾਕਿ ਬੱਸ ਸਦਾ-ਏ-ਸਰਹੱਦ ਜਾਮ ਵਿਚ ਫਸ ਗਈ, ਜਿਸ ਨੂੰ ਪੁਲਸ ਅਧਿਕਾਰੀਆਂ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗੇ ਤੋਰਿਆ।  ਬੱਸਾਂ ਦੀ ਚੈਕਿੰਗ ਦੌਰਾਨ ਕਈ ਬੱਸ ਚਾਲਕਾਂ ਨੇ ਅਧਿਕਾਰੀਆਂ ਨਾਲ ਫੋਨ 'ਤੇ ਆਪਣੇ ਬੌਸ ਦੀ ਗੱਲ ਕਰਵਾਉਣੀ ਚਾਹੀ ਪਰ ਕਿਸੇ ਦੀ ਇਕ ਨਹੀਂ ਚੱਲੀ। ਕਾਂਗਰਸ ਵਲੋਂ ਟਰਾਂਸਪੋਰਟ ਮਾਫੀਆ 'ਤੇ ਜੋ ਕਾਰਵਾਈ ਕੀਤੀ ਜਾ ਰਹੀ ਹੈ, ਉਸਦੇ ਅਧੀਨ ਪਹਿਲਾਂ ਵੀ ਵਿਜੀਲੈਂਸ ਵਲੋਂ ਚੈਕਿੰਗ ਕਰ ਕੇ ਪੰਜਾਬ ਭਰ ਵਿਚ ਸੈਂਕੜੇ ਚਲਾਨ ਕੀਤੇ ਗਏ।
10 ਅਪ੍ਰੈਲ ਨੂੰ ਆਈ. ਏ. ਐੱਸ. ਅਧਿਕਾਰੀ ਪ੍ਰਿੰਸੀਪਲ ਸੈਕਰੇਟਰੀ ਸਟੇਟ ਟਰਾਂਸਪੋਰਟ ਸਰਬਜੀਤ ਸਿੰਘ ਓਬਰਾਏ, ਡਾਇਰੈਕਟਰ ਟਰਾਂਸਪੋਰਟ ਭੁਪਿੰਦਰ ਸਿੰਘ ਰਾਏ ਨੇ ਟਰਾਂਸਪੋਰਟ ਅਧਿਕਾਰੀਆਂ ਸਣੇ ਰੋਡਵੇਜ਼ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਨਾਜਾਇਜ਼ ਤੌਰ 'ਤੇ ਚੱਲਣ ਵਾਲੀਆਂ ਬੱਸਾਂ 'ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਪੁਲਸ ਨੇ 14 ਅਪ੍ਰੈਲ ਤੋਂ ਵੱਡੀ ਕਾਰਵਾਈ ਸ਼ੁਰੂ ਕਰਦਿਆਂ ਇਕ ਹਫਤੇ ਵਿਚ ਸੈਂਕੜੇ ਚਲਾਨ ਕੀਤੇ। ਅੱਜ ਦੀ ਕਾਰਵਾਈ ਨਾਲ ਟਰਾਂਸਪੋਰਟਰਾਂ ਵਿਚ ਹਫੜਾ-ਦਫੜੀ ਮਚੀ ਰਹੀ।


Related News