ਖੂਨ ਹੋਇਆ ਪਾਣੀ, ਭਾਰਤ-ਚੀਨ ਜੰਗ ਦੇ ਸ਼ਹੀਦ ਦੀ ਪਤਨੀ ਦਾ ਪੁੱਤ ਹੱਥੋਂ ਕਤਲ
Monday, Sep 14, 2020 - 04:26 PM (IST)
ਸਮਰਾਲਾ (ਗਰਗ, ਬੰਗੜ) : ਅੱਜ ਇਥੇ ਇਕ ਦਿਲ ਕੰਬਾਊ ਘਟਨਾ ਨੇ ਇਨਸਾਨੀ ਰਿਸ਼ਤਿਆਂ ਨੂੰ ਉਸ ਵੇਲੇ ਤਾਰ-ਤਾਰ ਕਰ ਕੇ ਰੱਖ ਦਿੱਤਾ ਜਦੋਂ ਨਸ਼ੇੜੀ ਬਣੇ ਇੱਕ ਪੁੱਤ ਨੇ ਆਪਣੀ ਹੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਹੋਈ ਇਹ ਅਭਾਗੀ ਮਾਂ 1962 'ਚ ਹੋਈ ਭਾਰਤ-ਚੀਨ ਜੰਗ 'ਚ ਹਿੱਸਾ ਲੈਣ ਵਾਲੇ ਸ਼ਹੀਦ ਯੋਧੇ ਦੀ ਵਿਧਵਾ ਸੀ, ਜਿਸ 'ਤੇ ਗੋਦ ਲਿਆ ਪੁੱਤਰ ਹੀ ਅੱਜ ਕਾਲ ਬਣ ਕੇ ਸਾਹਮਣੇ ਆ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਹੇਡੋ ਵਿਖੇ ਸ਼ਹੀਦ ਨਾਇਕ ਗੁਲਜ਼ਾਰ ਸਿੰਘ ਦੀ ਪਤਨੀ ਮਨਜੀਤ ਕੌਰ (70) ਨੂੰ ਆਪਣੇ ਹੀ ਘਰ 'ਚ ਦਿਨ-ਦਿਹਾੜੇ ਉਸ ਦੇ ਹੀ ਗੋਦ ਲਏ ਪੁੱਤਰ ਨੇ ਤੇਜ਼ਧਾਰ ਦਾਤਰ ਨਾਲ ਖੂਨ ਦੀਆਂ ਨਸਾਂ ਵੱਡ ਕੇ ਬੜੀ ਹੀ ਬੇਰਹਿਮੀ ਨਾਲ ਮਾਰ ਮੁਕਾਇਆ। ਇਸ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ 'ਤੇ ਪੁਲਸ ਪਹੁੰਚ ਗਈ ਅਤੇ ਪੂਰੇ ਇਲਾਕੇ 'ਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ।
ਇਹ ਵੀ ਪੜ੍ਹੋ : ਬਠਿੰਡਾ ਦੇ ਕੌਮੀ ਪੱਧਰ ਦੇ ਮੁਕੇਬਾਜ਼ ਦੀ ਮੌਤ, ਕੋਰੋਨਾ ਰਿਪੋਰਟ ਆਈ ਸੀ ਪਾਜ਼ੇਟਿਵ
ਪਿੰਡ ਵਾਲਿਆਂ ਨੇ ਦੱਸਿਆ ਕਿ ਸ਼ਹੀਦ ਦੀ ਵਿਧਵਾ ਵੱਲੋਂ ਆਪਣੇ ਜੇਠ ਦੇ ਪੁੱਤਰ ਜਗਦੀਪ ਸਿੰਘ ਨੂੰ ਗੋਦ ਲਿਆ ਹੋਇਆ ਸੀ ਅਤੇ ਦੋਵੇਂ ਮਾਂ-ਪੁੱਤਰ ਘਰ 'ਚ ਇੱਕਲੇ ਹੀ ਰਹਿੰਦੇ ਸਨ। ਕਾਤਲ ਬਣਿਆ ਪੁੱਤਰ ਨਸ਼ਿਆਂ ਦਾ ਆਦੀ ਸੀ ਅਤੇ ਵਿਆਹ ਮਗਰੋਂ ਉਸ ਦੀ ਪਤਨੀ ਵੀ ਘਰ ਛੱਡ ਕੇ ਚਲੀ ਗਈ ਸੀ। ਜਗਦੀਪ ਸਿੰਘ ਅਕਸਰ ਹੀ ਆਪਣੀ ਬਿਰਧ ਮਾਂ ਨਾਲ ਮਾਰਕੁੱਟ ਕਰਦਾ ਰਹਿੰਦਾ ਸੀ। ਦੂਜੇ ਪਾਸੇ ਐੱਸ. ਐੱਚ. ਓ. ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਕਥਿਤ ਦੋਸ਼ੀ ਜਗਦੀਪ ਸਿੰਘ ਵੱਲੋਂ ਤੇਜ਼ਧਾਰ ਦਾਤਰ ਨਾਲ ਆਪਣੀ ਬਿਰਧ ਮਾਤਾ ਦੇ ਪੈਰ ਦੇ ਗਿੱਟੇ ਕੋਲੋਂ ਖ਼ੂਨ ਦੀਆਂ ਨਸਾਂ ਨੂੰ ਕੱਟ ਦਿੱਤਾ ਗਿਆ। ਜਿਸ ਕਾਰਨ ਖ਼ੂਨ ਜ਼ਿਆਦਾ ਵਹਿਣ ਕਰਕੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਰਣਨੀਤੀ ਨਾਲ 'ਮਿਸ਼ਨ 2022' ਦੀ ਫਤਿਹ ਪ੍ਰਾਪਤੀ ਵੱਲ ਵਧ ਰਿਹੈ ਅਕਾਲੀ ਦਲ
ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਰਿਆ ਬਿਆਸ ਪੁੱਲ 'ਤੇ ਲਾਇਆ ਜਾਮ