ਜੀ. ਟੀ. ਰੋਡ ਦੇ ਵਿਚਕਾਰ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ ਇੰਡੋ ਕੈਨੇਡੀਅਨ ਬੱਸਾਂ
Thursday, Jan 30, 2020 - 01:22 AM (IST)

ਫਗਵਾਡ਼ਾ, (ਹਰਜੋਤ)- ਭਾਵੇਂ ਪੰਜਾਬ ’ਚ ਅਕਾਲੀ-ਭਾਜਪਾ ਦੀ ਸਰਕਾਰ ਦਾ ਕਾਰਜਕਾਲ ਖਤਮ ਹੋਏ ਕਰੀਬ 3 ਸਾਲ ਬੀਤ ਚੱਲੇ ਹਨ ਪਰ ਸਰਕਾਰੀ ਪ੍ਰਸ਼ਾਸਨ ’ਤੇ ਬਾਦਲਾਂ ਦਾ ਡਰ ਅਜੇ ਵੀ ਬਰਕਰਾਰ ਹੈ। ਇਸ ਦੀ ਤਾਜ਼ਾ ਮਿਸਾਲ ਹਰ ਰੋਜ਼ ਉਸ ਸਮੇਂ ਸਾਹਮਣੇ ਆਉਂਦੀ ਹੈ, ਜਦੋਂ ਜੀ. ਟੀ. ਰੋਡ ’ਤੇ ਬਾਦਲ ਪਰਿਵਾਰ ਦੀਆਂ ਇੰਡੋ-ਕੈਨੇਡੀਅਨ ਬੱਸਾਂ ਸ਼ਰੇਆਮ ਜੀ. ਟੀ. ਰੋਡ ਵਿਚਕਾਰ ਖਡ਼੍ਹਦੀਆਂ ਹਨ, ਜਿਸ ਕਾਰਣ ਟ੍ਰੈਫ਼ਿਕ ’ਚ ਬੁਰੀ ਤਰ੍ਹਾਂ ਵਿਘਨ ਪੈ ਜਾਂਦਾ ਹੈ ਪਰ ਟ੍ਰੈਫ਼ਿਕ ਪੁਲਸ ਬੱਸਾਂ ਨੂੰ ਸਾਈਡਾਂ ’ਤੇ ਕਰਵਾਉਣ ਜਾਂ ਇਸ ਦਾ ਕੋਈ ਹੋਰ ਹੱਲ ਕੱਢਣ ਨੂੰ ਤਿਆਰ ਨਹੀਂ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਧਰ, ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਨੋਟਿਸਾਂ ਨੂੰ ਕੰਪਨੀ ਦੇ ਕਰਿੰਦੇ ਟਿੱਚ ਨਹੀਂ ਜਾਣਦੇ ਅਤੇ ਟ੍ਰੈਫਿਕ ਨਿਯਮਾਂ ਦੀਆਂ ਰੱਜ਼ ਕੇ ਧੱਜੀਆਂ ਉਡਾ ਰਹੇ ਹਨ। ਲੁਧਿਆਣਾ ਤੋਂ ਜਲੰਧਰ ਜਾਂਦੇ ਸਮੇਂ ਪਹਿਲਾਂ ਇਸ ਕੰਪਨੀ ਨੇ ਰੈਸਟ ਹਾਊਸ ਦੇ ਕੰਪਲੈਕਸ ’ਚ ਆਪਣਾ ਦਫ਼ਤਰ ਬਣਾਇਆ ਹੋਇਆ ਸੀ ਹੁਣ ਇਸ ਕੰਪਨੀ ਨੇ ਆਪਣਾ ਦਫ਼ਤਰ ਇਸ ਦੇ ਬਿਲਕੁਲ ਸਾਹਮਣੇ ਫਗਵਾਡ਼ਾ-ਲੁਧਿਆਣਾ ਸਡ਼ਕ ’ਤੇ ਪਿਛਲੇ ਕੁਝ ਮਹੀਨਿਆਂ ਤੋਂ ਲੈ ਲਿਆ ਹੈ, ਜਿਸ ਕਾਰਣ ਇਸ ਬੱਸ ਦੇ ਖਡ਼੍ਹਨ ਦੀ ਥਾਂ ਬਿਲਕੁਲ ਸਡ਼ਕ ਦੇ ’ਤੇ ਹੈ। ਇਕ ਪਾਸੇ ਫਗਵਾਡ਼ਾ ਜੀ. ਟੀ. ਰੋਡ ’ਤੇ ਪੁਲ ਬਣ ਰਿਹਾ ਹੈ। ਇਸੇ ਹੀ ਸਡ਼ਕ ’ਤੇ ਇਹ ਬੱਸ ਪੂਰੀ ਸ਼ਾਨੋ-ਸ਼ੌਕਤ ਨਾਲ ਸਡ਼ਕ ਨਾਲ ਆ ਕੇ ਖਡ਼੍ਹਦੀ ਹੈ, ਜਿਸ ਕਾਰਣ ਇਥੋਂ ਲੰਘਣ ਵਾਲੀਆਂ ਟ੍ਰੈਫ਼ਿਕ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ। ਇਨ੍ਹਾਂ ਬੱਸਾਂ ’ਚ ਸਵਾਰ ਹੋਣ ਵਾਲੇ ਲੋਕ ਆਪਣੀਆਂ ਗੱਡੀਆਂ, ਮੋਟਰਾਂ ’ਚ ਇਸ ਦਫ਼ਤਰ ਵਿਖੇ ਪੁੱਜਦੇ ਹਨ ਪਹਿਲਾਂ ਤਾਂ ਉਨ੍ਹਾਂ ਦੀਆਂ ਹੀ ਕਾਫ਼ੀ ਗੱਡੀਆਂ ਖਡ਼੍ਹੀਆਂ ਹੁੰਦੀਆਂ ਹਨ ਜਦੋਂ ਇਹ ਬੱਸ ਆਉਂਦੀ ਹੈ ਤਾਂ ਇਥੇ ਮੇਲਾ ਹੋਰ ਵੀ ਵੱਡਾ ਹੋ ਜਾਂਦਾ ਹੈ। ਜਦੋਂ ਇਹ ਬੱਸ ਤੁਰਦੀ ਹੈ ਤਦ ਹੀ ਚਡ਼੍ਹਾਉਣ ਆਏ ਲੋਕ ਵੀ ਜਾਂਦੇ ਹਨ, ਜਿਸ ਕਾਰਣ ਕਈ ਸਮਾਂ ਟ੍ਰੈਫ਼ਿਕ ’ਚ ਵਿਘਨ ਪਿਆ ਰਹਿੰਦਾ ਹੈ ਅਤੇ ਲੁਧਿਆਣਾ ਵੱਲ ਨੂੰ ਜਾਣ ਵਾਲੇ ਲੋਕ ਇਸ ਥਾਂ ’ਤੇ ਫ਼ਸ ਜਾਂਦੇ ਹਨ, ਜੋ ਕਿ ਫਗਵਾੜਾ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਉਂਦੇ ਹਨ। ਇਸ ਦੌਰਾਨ ਲੋਕਾਂ ਨੇ ਮੰਗ ਕੀਤੀ ਹੈ ਕਿ ਉਕਤ ਬੱਸਾਂ ਦੇ ਰੁਕਣ ਲਈ ਕੋਈ ਯੋਗ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਰੋਡ ’ਤੇ ਜਾਮ ਦੀ ਸਮੱਸਿਆ ਪੈਦਾ ਨਾ ਹੋਵੇ।
ਸੜਕਾਂ ’ਤੇ ਖੜ੍ਹੀਆਂ ਬੱਸਾਂ ਸਾਈਡ ’ਤੇ ਕਰਵਾਉਣ ਲਈ ਵੀ ਨਹੀਂ ਜਾਂਦੇ ਪੁਲਸ ਕਰਮਚਾਰੀ
ਜਦੋਂ ਇਹ ਬੱਸ ਆ ਕੇ ਰੁਕਦੀ ਹੈ ਤਾਂ ਟ੍ਰੈਫ਼ਿਕ ਪੁਲਸ ਦੇ ਕਰਮਚਾਰੀ ਤਾਂ ਬਿਲਕੁਲ ਵੀ ਇਨ੍ਹਾਂ ਬੱਸਾਂ ਵੱਲ ਨਹੀਂ ਜਾਂਦੇ ਅਤੇ ਸਿਰਫ਼ ਦਫ਼ਤਰ ਤੋਂ ਕਰੀਬ 100 ਮੀਟਰ ਦੀ ਦੂਰੀ ’ਤੇ ਬਣੇ ਨਾਕੇ ’ਤੇ ਖਡ਼੍ਹ ਕੇ ਆਪਣੀ ਡਿਊਟੀ ਨਿਭਾਉਂਦੇ ਹਨ ਤੇ ਟ੍ਰੈਫ਼ਿਕ ਨੂੰ ਉੱਥੋਂ ਤੋਰਦੇ ਰਹਿੰਦੇ ਹਨ ਪਰ ਇਨ੍ਹਾਂ ਨੂੰ ਕੋਈ ਕਹਿਣ ਲਈ ਤਿਆਰ ਨਹੀਂ।
ਇਨ੍ਹਾਂ ਦੇ ਚਾਲਾਨ ਕੱਟਣ ਸਮੇਤ ਕਈ ਵਾਰ ਦੇ ਚੁਕੇ ਹਾਂ ਨੋਟਿਸ : ਟ੍ਰੈਫ਼ਿਕ ਇੰਚਾਰਜ
ਜਦੋਂ ਇਸ ਸਬੰਧੀ ਟ੍ਰੈਫ਼ਿਕ ਇੰਚਾਰਜ ਰਣਜੀਤ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਨੂੰ ਕਈ ਵਾਰ ਨੋਟਿਸ ਵੀ ਦੇ ਚੁੱਕੇ ਹਾਂ ਅਤੇ 1-2 ਦਿਨ ਪਹਿਲਾਂ ਇਨ੍ਹਾਂ ਦੀਆਂ ਬੱਸਾਂ ਦੇ ਚਾਲਾਨ ਵੀ ਕੀਤੇ ਹਨ। ਅੱਜ ਮੁਡ਼ ਇਹ ਮਾਮਲਾ ਮੇਰੇ ਧਿਆਨ ’ਚ ਆਇਆ ਹੈ ਅਤੇ ਤੁਰੰਤ ਇਸ ਦਾ ਹੱਲ ਕਰਵਾਇਆ ਜਾਵੇਗਾ।